ਕੋਲਕਾਤਾ, 10 ਜਨਵਰੀ
ਫ਼ਿਲਮ ‘ਮੁਲਕ’, ‘ਆਰਟੀਕਲ 15’ ਤੇ ਥੱਪੜ’ ਨੇ ਸਮਕਾਲੀ ਸਿਨੇਮਾ ਜਗਤ ਵਿੱਚ ਅਨੁਭਵ ਸਿਨਹਾ ਦਾ ਨਾਮ ਚਮਕਾਇਆ ਹੈ ਪਰ ਫ਼ਿਲਮ ਡਾਇਰੈਕਟਰ ਤੇ ਨਿਰਮਾਤਾ ਦਾ ਮੰਨਣਾ ਹੈ ਕਿ ਆਪਣਾ ਨਾਮ ਬਣਾਉਣ ’ਚ ਉਨ੍ਹਾਂ ਨੂੰ ਇਕ ਦਹਾਕੇ ਤੋਂ ਵੱਧ ਸਮਾਂ ਲੱਗ ਗਿਆ। 26ਵੇਂ ਕੋਲਕਾਤਾ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ (ਕੇਆਈਐੱਫਐੱਫ) ਦੌਰਾਨ ‘ਸੱਤਿਆਜੀਤ ਰੇਅ ਮੈਮੋਰੀਅਲ ਲੈਕਚਰ’ ਦੇਣ ਮਗਰੋਂ ਸ਼ਨਿਚਰਵਾਰ ਦੇਰ ਸ਼ਾਮ ਲੋਕਾਂ ਦੇ ਰੂ-ਬ-ਰੂ ਹੁੰਦਿਆਂ ਸ੍ਰੀ ਸਿਨਹਾ ਨੇ ਆਖਿਆ ਕਿ ਉਨ੍ਹਾਂ ਆਪਣਾ ਸਫ਼ਰ ਸਾਲ 2001 ’ਚ ਸਫ਼ਲ ਰਹੀ ਫ਼ਿਲਮ ‘ਤੁਮ ਬਿਨ’ ਨਾਲ ਕੀਤਾ ਅਤੇ ਉਪਰੰਤ ਉਨ੍ਹਾਂ ‘ਦਸ, ਕੈਸ਼ ਅਤੇ ਗੁਲਾਬ ਗੈਂਗ’ ਵਰਗੀਆਂ ਫ਼ਿਲਮਾਂ ਬਣਾਈਆਂ। ਉਨ੍ਹਾਂ ਆਖਿਆ,‘‘ਮੈਨੂੰ ਆਪਣਾ ਨਾਮ ਬਣਾਉਣ ਵਿੱਚ 16 ਸਾਲ ਲੱਗੇ। ਫ਼ਿਲਮ ਨਿਰਮਾਤਾ ਬਣੇ ਰਹਿਣ ਲਈ ਜ਼ਿੰਦਗੀ ਵਿੱਚ ਇਕ ਅਹਿਮ ਸਵਾਲ ਹਮੇਸ਼ਾਂ ਰਹਿੰਦਾ ਕਿ ਉਹ ‘ਕੀ ਤੇ ਕਿਉਂ’ ਬਣਾਉਣਾ ਚਾਹੁੰਦੇ ਹਨ।’’ ਉਨ੍ਹਾਂ ਦਾ ਮੰਨਣਾ ਹੈ ਕਿ ਸਿਨੇਮਾ ਲਈ ਕਹਾਣੀਆਂ ਦਾ ਮੁੱਖ ਸਰੋਤ ਸਾਹਿਤ ਹੈ। ਉਨ੍ਹਾਂ ਆਖਿਆ,‘‘ਮੇਰਾ ਮੰਨਣਾ ਹੈ ਕਿ ਹੌਲੀਵੁੱਡ ਲਗਾਤਾਰ ਕਿਤਾਬਾਂ ’ਤੇ ਸ਼ਾਨਦਾਰ ਫ਼ਿਲਮਾਂ ਬਣਾ ਰਿਹਾ ਹੈ। ਮੈਂ ਖੁਦ ਚਾਰ ਪੁਸਤਕਾਂ ਖਰੀਦੀਆਂ ਹਨ ਪਰ ਇਹ ਇਕ ਨਿੱਜੀ ਮਾਮਲਾ ਹੈ।’’ ‘ਮੁੱਖਧਾਰਾ ਸਿਨੇਮਾ ਜਗਤ ’ਚ ਸਮਾਜਿਕ ਜ਼ਿੰਮੇਵਾਰੀ’ ਬਾਰੇ ਭਾਸ਼ਨ ਦਿੰਦਿਆਂ ਉਨ੍ਹਾਂ ਆਖਿਆ ਕਿ ਫ਼ਿਲਮਾਂ ’ਚ ਸਮਾਜਿਕ ਮੁੱਦੇ ਵੀ ਉਭਾਰੇ ਜਾਣੇ ਚਾਹੀਦੇ ਹਨ ਪਰ ਕਹਾਣਕਾਰੀ ਨੂੰ ਮਨੋਰੰਜਨ ਵਾਲੇ ਪਾਸੇ ਵੀ ਧਿਆਨ ਦੇਣ ਦੀ ਜ਼ਰੂਰਤ ਹੁੰਦੀ ਹੈ।
-ਆਈਏਐੱਨਐੱਸ