ਮੁੰਬਈ, 28 ਅਗਸਤ
‘ਦਿ ਐਂਪਾਇਰ’ ਵਿੱਚ ਬਾਬਰ ਦੀ ਭੂਮਿਕਾ ਨਿਭਾਅ ਰਹੇ ਅਦਾਕਾਰ ਕੁਨਾਲ ਕਪੂਰ ਨੇ ਆਪਣੇ ਪੁਰਾਣੇ ਸਮੇਂ ਨੂੰ ਯਾਦ ਕਰਦਿਆਂ ਦੱਸਿਆ ਕਿ ਜਦੋਂ ਉਹ ਫ਼ਿਲਮਾਂ ਦੇ ਸੈੱਟ ’ਤੇ ਮੌਜੂਦ ਹੁੰਦਾ ਸੀ ਤਾਂ ਅਕਸਰ ਖ਼ੁਦ ਨੂੰ ਸਵਾਲ ਪੁੱਛਦਾ ਸੀ ਕਿ ਉਹ ਆਖਰ ਇਹ ਸਭ ਕੁਝ ਕਿਉਂ ਕਰ ਰਿਹਾ ਹੈ? ਇੱਕ ਇੰਟਰਵਿਊ ਦੌਰਾਨ ਕੁਨਾਲ ਨੇ ਦੱਸਿਆ, ‘‘ਜਦੋਂ ਮੈਂ ਅਦਾਕਾਰੀ ਸ਼ੁਰੂ ਕੀਤੀ, ਉਦੋਂ ਮੈਂ ਖ਼ੁਦ ਨੂੰ ਕਿਹਾ ਕਿ ਇਹੀ ਉਹ ਕੰਮ ਹੈ ਜੋ ਮੈਂ ਸਾਰੀ ਜ਼ਿੰਦਗੀ ਕਰਨਾ ਚਾਹੁੰਦਾ ਹਾਂ। ਮੈਂ ਇਸ ਕੰਮ ਨੂੰ ਐਨਾ ਪਿਆਰ ਕਰਦਾ ਹਾਂ ਕਿ ਹਰ ਦਿਨ ਸੈੱਟ ’ਤੇ ਆਉਣਾ ਚਾਹੁੰਦਾ ਹਾਂ।’’ ਕੁਨਾਲ ਨੇ ਕਿਹਾ, ‘‘ਹਾਲਾਂਕਿ, ਕਈ ਵਾਰ ਅਜਿਹੀ ਸਥਿਤੀ ਹੁੰਦੀ ਹੈ ਕਿ ਜੋ ਕੰਮ ਤੁਹਾਨੂੰ ਮਿਲਦਾ ਹੈ ਉਹ ਤੁਹਾਡੀ ਪਸੰਦ ਦਾ ਨਹੀਂ ਹੁੰਦਾ ਹੈ। ਮੈਂ ਕਈ ਵਾਰ ਸੈੱਟ ’ਤੇ ਖ਼ੁਦ ਨੂੰ ਸਵਾਲ ਕੀਤਾ ਹੈ ਕਿ ਮੈਂ ਇੱਥੇ ਕਿਉਂ ਹਾਂ ਤੇ ਫਿਰ ਮੈਂ ਖ਼ੁਦ ਨਾਲ ਵਾਅਦਾ ਕੀਤਾ ਕਿ ਅਜਿਹਾ ਦੁਬਾਰਾ ਨਹੀਂ ਹੋਣ ਦਿਆਂਗਾ। ਬੇਸ਼ੱਕ ਸਹੀ ਕੰਮ ਲਈ ਸਾਲ, ਦੋ ਸਾਲ ਦੀ ਉਡੀਕ ਕਿਉਂ ਨਾ ਕਰਨੀ ਪਵੇ।’’
‘ਦਿ ਐਂਪਾਇਰ’ ਵਿਚਲੇ ਆਪਣੇ ਕਿਰਦਾਰ ਬਾਰੇ ਗੱਲ ਕਰਦਿਆਂ ਕੁਨਾਲ ਨੇ ਕਿਹਾ, ‘‘ਜਦੋਂ ਤੁਸੀਂ ਅਜਿਹੇ ਕਿਸੇ ਸ਼ੋਅ ਦਾ ਹਿੱਸਾ ਹੁੰਦੇ ਹੋ ਤਾਂ ਅੱਗੇ ਹੋਰ ਕਈ ਰਾਹ ਖੁੱਲ੍ਹ ਜਾਂਦੇ ਹਨ। ਮੈਨੂੰ ਆਸ ਹੈ ਕਿ ਆਉਣ ਵਾਲੇ ਸਮੇਂ ’ਚ ਮੈਨੂੰ ਕਈ ਵਧੀਆ ਭੂਮਿਕਾਵਾਂ ਨਿਭਾਉਣ ਦਾ ਮੌਕਾ ਮਿਲੇਗਾ ਤੇ ਮੈਨੂੰ ਪਿਛਲੇ ਦਸ ਸਾਲਾਂ ਵਾਂਗ ਇੱਕੋ ਤਰ੍ਹਾਂ ਦੇ ਰੋਲ ਦੁਬਾਰਾ ਦੁਬਾਰਾ ਨਹੀਂ ਕਰਨੇ ਪੈਣਗੇ। -ਆਈਏਐੱਨਐੱਸ