ਮੁੰਬਈ: ਅਦਾਕਾਰਾ ਮ੍ਰਿਣਾਲ ਠਾਕੁਰ ਦਾ ਮੰਨਣਾ ਹੈ ਲੋਕਾਂ ਦਾ ਹਰਮਨਪਿਆਰਾ ਅਦਾਕਾਰ ਬਣਨ ਲਈ ਵੱਖ-ਵੱਖ ਕਿਰਦਾਰ ਨਿਭਾਉਣੇ ਬਹੁਤ ਜ਼ਰੂਰੀ ਹਨ। ਜਾਣਕਾਰੀ ਅਨੁਸਾਰ ਮ੍ਰਿਣਾਲ ਨੇ ਫ਼ਿਲਮ ‘ਲਵ ਸੋਨੀਆ’ ਰਾਹੀਂ ਸਿਨੇ ਜਗਤ ਵਿੱਚ ਪੈਰ ਧਰਿਆ ਸੀ। ਉਪਰੰਤ ਉਹ ਸ਼ਾਹਿਦ ਕਪੂਰ ਨਾਲ ਫ਼ਿਲਮ ‘ਜਰਸੀ’ ਫ਼ਿਲਮ ਨਜ਼ਰ ਆਈ ਸੀ। ਉਸ ਦੀ ਆਉਣ ਵਾਲੀ ਫ਼ਿਲਮ ‘ਆਂਖ ਮਿਚੋਲੀ’ ਇੱਕ ਪਰਿਵਾਰਕ ਕਾਮੇਡੀ ਹੋਵੇਗੀ, ਜਿਸ ਦਾ ਨਿਰਦੇਸ਼ਕ ਉਮੇਸ਼ ਸ਼ੁਕਲਾ ਹੈ। ਉਹ ਫ਼ਿਲਮ ‘ਪੀਪਾ’ ਵਿੱਚ ਵੀ ਕੰਮ ਕਰ ਰਹੀ ਹੈ। ਮ੍ਰਿਣਾਲ ਨੇ ਕਿਹਾ, ‘‘ਮੈਂ ਹਰ ਸੰਭਾਵੀ ਸ਼ੈਲੀ ਵਿੱਚ ਕੰਮ ਕਰਨਾ ਚਾਹੁੰਦੀ ਹਾਂ ਅਤੇ ਖੁਦ ਨੂੰ ਇੱਕ ਖਾਸ ਅੰਦਾਜ਼ ਤੱਕ ਸੀਮਤ ਨਹੀਂ ਰੱਖਣਾ ਚਾਹੁੰਦੀ, ਕਿਉਂਕਿ ਇਹ ਮੈਨੂੰ ਮੇਰੇ ਕਰੀਅਰ ਦੇ ਪਹਿਲੇ ਦਿਨ ਤੋਂ ਚੰਗਾ ਤਰ੍ਹਾਂ ਸਪੱਸ਼ਟ ਹੈ। ਮੈਂ ਸਿਰਫ਼ ਅਜਿਹੀਆਂ ਫ਼ਿਲਮਾਂ ਅਤੇ ਪ੍ਰਾਜੈਕਟ ਕਰਨਾ ਚਾਹੁੰਦੀ ਹਾਂ, ਜੋ ਇੱਕ ਅਦਾਕਾਰਾ ਵਜੋਂ ਮੈਨੂੰ ਉਤਸ਼ਾਹਿਤ ਕਰਦੀਆਂ ਹਨ ਅਤੇ ਚੁਣੌਤੀਪੂਰਨ ਹੋਣ। ਮੈਨੂੰ ਲੱਗਦਾ ਹੈ ਕਿ ਲੋਕਾਂ ਦਾ ਹਰਮਨਪਿਆਰਾ ਅਦਾਕਾਰ ਬਣਨ ਲਈ ਵੱਖ-ਵੱਖ ਭੂਮਿਕਾਵਾਂ ਨਿਭਾਉਣੀਆਂ ਮਹੱਤਵਪੂਰਨ ਹਨ ਅਤੇ ਇਹ ਤਾਂ ਹੀ ਸੰਭਵ ਹੈ ਜੇਕਰ ਕੋਈ ਆਪਣੇ ਕੰਮ ਕਰਨ ਦੇ ਤਰੀਕੇ ਨੂੰ ਸੀਮਤ ਨਹੀਂ ਰੱਖਦੇ। ਜਦੋਂ ਦਰਸ਼ਕਾਂ ਦੇ ਮਨੋਰੰਜਨ ਅਤੇ ਇੱਕ ਅਦਾਕਾਰਾ ਵਜੋਂ ਆਪਣੀ ਰਚਨਾਤਮਕਤਾ ਤੋਂ ਸੰਤੁਸ਼ਟੀ ਦੀ ਗੱਲ ਆਉਂਦੀ ਹੈ ਤਾਂ ਮੈਂ ਹਮੇਸ਼ਾਂ ਆਪਣੇ ਕੰਮ ਨੂੰ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕਰਦੀ ਹਾਂ।’’ -ਆਈਏਐੱਨਐੱਸ