ਨਵੀਂ ਦਿੱਲੀ: ਬੌਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਨ ਦਾ ਕਹਿਣਾ ਹੈ ਕਿ ਕਾਨ ਫਿਲਮ ਫੈਸਟੀਵਲ ਵਿਚ ਜਿਊਰੀ ਦਾ ਮੈਂਬਰ ਬਣਨਾ ਨਿੱਜੀ ਪ੍ਰਾਪਤੀ ਤਾਂ ਹੈ ਹੀ ਪਰ ਇਹ ਦੱਖਣੀ ਏਸ਼ੀਆ ਲਈ ਵੀ ਅਹਿਮ ਹੈ। ਉਸ ਦੀ ਚੋਣ ਹੋਣ ਕਾਰਨ ਭਾਰਤ ਤੇ ਭਾਰਤੀ ਕਦਰਾਂ ਕੀਮਤਾਂ ਨੂੰ ਮਾਨਤਾ ਮਿਲੀ ਹੈ। ਦੱਸਣਾ ਬਣਦਾ ਹੈ ਕਿ ਸਾਲ 2013 ਵਿੱਚ ਵਿਦਿਆ ਬਾਲਨ ਤੋਂ ਬਾਅਦ ਉਹ ਜਿਊਰੀ ਮੈਂਬਰ ਬਣੀ ਹੈ। ਕਾਨ ਫ਼ਿਲਮ ਫੈਸਟੀਵਲ 17 ਤੋਂ 28 ਮਈ ਤੱਕ ਚੱਲੇਗਾ ਤੇ ਇਸ ਫੈਸਟੀਵਲ ਦੀਪਿਕਾ ਜੱਜਾਂ ਦੇ ਅੱਠ ਮੈਂਬਰੀ ਪੈਨਲ ਵਿੱਚ ਸ਼ਾਮਲ ਹੈ। ਉਸ ਨੇ ਦੱਸਿਆ ਕਿ ਇਸ ਵਾਰ ਮੀਡੀਆ ਵਿਚ ਫੈਸ਼ਨ ਦੀ ਥਾਂ ਭਾਰਤੀ ਹੁਨਰ ਤੇ ਸਿਨੇਮਾ ਦੇ ਜ਼ਿਆਦਾ ਚਰਚੇ ਹੋਣਗੇ। ਦੀਪਿਕਾ ਨੇ ਖ਼ਬਰ ਏਜੰਸੀ ਨਾਲ ਆਨਲਾਈਨ ਗੱਲਬਾਤ ਕਰਦਿਆਂ ਕਿਹਾ ਕਿ ਬੇਸ਼ੱਕ ਫੈਸ਼ਨ ਮਜ਼ੇਦਾਰ ਹੈ ਪਰ ਹੁਣ ਸਭ ਨੂੰ ਅਹਿਸਾਸ ਹੋ ਗਿਆ ਹੈ ਕਿ ਇਥੇ ਫੈਸ਼ਨ ਦੀ ਥਾਂ ਬਹੁਤ ਕੁਝ ਹੋਰ ਵੀ ਹੈ। ਪੀਕੂ ਤੇ ਪਦਮਾਵਤ ਵਰਗੀਆਂ ਹਿੱਟ ਫਿਲਮਾਂ ਵਿਚ ਕੰਮ ਕਰਨ ਵਾਲੀ ਅਦਾਕਾਰਾ ਦੇ ਪੈਨਲ ਵਿੱਚ ਫਰਾਂਸੀਸੀ ਅਦਾਕਾਰਾ ਵਿਨਸੈਂਟ ਲਿੰਡਨ, ਅੰਗਰੇਜ਼ੀ ਅਦਾਕਾਰਾ ਤੇ ਫਿਲਮ ਨਿਰਮਾਤਾ ਰੈਬੇਕਾ ਹਾਲ, ਈਰਾਨੀ ਫਿਲਮ ਨਿਰਮਾਤਾ ਅਸਗਰ ਫਰਹਾਦੀ, ਸਵੀਡਿਸ਼ ਅਦਾਕਾਰਾ ਨੂਮੀ ਰੈਪੇਸ, ਇਤਾਲਵੀ ਅਦਾਕਾਰ-ਨਿਰਦੇਸ਼ਕ ਜੈਸਮੀਨ ਟ੍ਰਿੰਕਾ ਸ਼ਾਮਲ ਹੋਣਗੇ। -ਪੀਟੀਆਈ