ਨਵੀਂ ਦਿੱਲੀ: ਅਦਾਕਾਰ ਸਲਮਾਨ ਖ਼ਾਨ ਨੇ ਅੱਜ ਇੱਥੇ ਆਪਣਾ 56ਵਾਂ ਜਨਮ ਦਿਨ ਮਨਾਇਆ ਅਤੇ ਆਖਿਆ ਕਿ ਜਦੋਂ ਦੇਸ਼ ਵਾਸੀ ਉਸ ਨੂੰ ‘ਭਾਈ’ ਜਾਂ ‘ਭਾਈਜਾਨ’ ਕਹਿ ਕੇ ਬੁਲਾਉਂਦਾ ਹੈ ਤਾਂ ਉਹ ਇਸ ਨੂੰ ਚੰਗਾ ਲੱਗਦਾ ਹੈ। ਸਲਮਾਨ ਖ਼ਾਨ ਨੇ ਸਾਲ 1989 ਵਿੱਚ ‘ਬੀਵੀ ਹੋ ਤੋ ਐਸੀ’ ਨਾਲ ਸਿਨੇ ਜਗਤ ਵਿੱਚ ਪੈਰ ਧਰਿਆ ਸੀ। ਉਸ ਨੇ ਕਈ ਹਿੱਟ ਫਿਲਮਾਂ ਦਿੱਤੀਆਂ, ਜਿਨ੍ਹਾਂ ’ਚ ‘ਮੈਨੇ ਪਿਆਰ ਕੀਆ’, ‘ਹਮ ਆਪ ਕੇ ਹੈਂ ਕੌਣ?’ ‘ਹਮ ਦਿਲ ਦੇ ਚੁਕੇ ਸਨਮ’, ‘ਤੇਰੇ ਨਾਮ’, ‘ਮੁਝ ਸੇ ਸ਼ਾਦੀ ਕਰੋਗੀ’, ‘ਵਾਂਟਿਡ’, ‘ਦਬੰਗ’, ‘ਬਜਰੰਗੀ ਭਾਈਜਾਨ’ ਅਤੇ ‘ਸੁਲਤਾਨ’ ਸ਼ਾਮਲ ਹਨ। ਇਸ ਵੇਲੇ ਅਦਾਕਾਰ ਦੇ ਇੰਸਟਾਗ੍ਰਾਮ ’ਤੇ 4.81 ਕਰੋੜ ਅਤੇ ਟਵਿੱਟਰ ’ਤੇ 4.34 ਕਰੋੜ ਚਾਹੁਣ ਵਾਲੇ ਹਨ। ਸਲਮਾਨ ਨੇ ਕਿਹਾ, ‘ਮੈਂ ਖੁਦ ਨੂੰ ਖੁਸ਼ਕਿਸਮਤ ਮੰਨਦਾ ਹਾਂ ਅਤੇ ਮੈਂ ਆਪਣੇ ਚਾਹੁਣ ਵਾਲਿਆਂ ਦੇ ਪਿਆਰ ਅਤੇ ਸਤਿਕਾਰ ਦੀ ਕਦਰ ਕਰਦਾ ਹਾਂ।’’ ਅਦਾਕਾਰ ਨੇ ਕਿਹਾ, ‘ਇਹ ਹਕੀਕਤ ਹੈ ਕਿ ਜਦੋਂ ਕੋਈ ਮੈਨੂੰ ‘ਭਾਈ’ ਜਾਂ ‘ਭਾਈਜਾਨ’ ਕਹਿ ਕੇ ਬੁਲਾਉਂਦਾ ਹੈ ਤਾਂ ਬਹੁਤ ਚੰਗਾ ਲੱਗਦਾ ਹੈ। ਇੱਦਾਂ ਲੱਗਦਾ ਹੈ ਜਿਵੇਂ ਪੂਰਾ ਦੇਸ਼ ਇੱਕ ਪਰਿਵਾਰ ਹੋਵੇ। ਮੈਨੂੰ ਇਹ ਭਾਵਨਾਵਾਂ ਪਸੰਦ ਹਨ। ਕੋਈ ਫਰਕ ਨਹੀਂ ਪੈਂਦਾ ਕਿ ਉਹ ਕੌਣ ਹੈ, ਕਿੱਥੋਂ ਹੈ ਅਤੇ ਕਿਸ ਧਰਮ ਜਾਂ ਜਾਤ ਦਾ ਹੈ। ਉਹ ਸਭ ਮੈਨੂੰ ‘ਭਾਈ’ ਕਹਿੰਦੇ ਹਨ ਅਤੇ ਮੈਂ ਉਨ੍ਹਾਂ ਦੀਆਂ ਭਾਵਨਾਵਾਂ ਦੀ ਕਦਰ ਕਰਦਾ ਹਾਂ।’ ਸਲਮਾਨ ਖਾਨ ‘ਟਾਈਗਰ 3’, ‘ਕਭੀ ਈਦ ਕਭੀ ਦੀਵਾਲੀ’, ‘ਬਜਰੰਗੀ ਭਾਈਜਾਨ’ ਤੇ ‘ਨੋ ਐਂਟਰੀ’ ਦੇ ਦੂਜੇ ਭਾਗ ’ਚ ਵੀ ਦਿਖਾਈ ਦੇਵੇਗਾ। -ਆਈਏਐੱਨਐੱਸ
‘‘ਟਾਈਗਰ’ ਅਤੇ ਸੱਪ ਦੋਵੇਂ ਸਲਾਮਤ
ਮੁੰਬਈ (ਪੀਟੀਆਈ): ਸਲਮਾਨ ਖ਼ਾਨ ਨੇ ਕਿਹਾ ਹੈ ਕਿ ਉਸ ਨੂੰ ਸੱਪ ਨੇ ਤਿੰਨ ਵਾਰ ਡੰਗਿਆ ਸੀ ਅਤੇ ਉਹ ਖੁਸ਼ਕਿਸਮਤ ਹੈ ਕਿ ਸੱਪ ਜ਼ਹਿਰੀਲਾ ਨਹੀਂ ਸੀ। ਉਂਜ ਸਲਮਾਨ ਦਾ ਪਰਿਵਾਰ ਅਤੇ ਦੋਸਤ ਉਸ ਦੀ ਸਿਹਤ ਬਾਰੇ ਫਿਕਰਮੰਦ ਸਨ। ਸਲਮਾਨ ਨੂੰ ਪਨਵੇਲ ਨੇੜੇ ਫਾਰਮ ਹਾਊਸ ’ਤੇ ਸੱਪ ਨੇ ਡੰਗ ਲਿਆ ਸੀ ਅਤੇ ਉਸ ਨੂੰ ਨਵੀ ਮੁੰਬਈ ਸਥਿਤ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ ਜਿਥੋਂ ਉਸ ਨੂੰ ਐਤਵਾਰ ਸਵੇਰੇ ਛੁੱਟੀ ਮਿਲ ਗਈ। ਉਹ ਆਪਣੇ ਫਾਰਮ ਹਾਊਸ ’ਤੇ ਪਹੁੰਚਿਆ ਜਿਥੇ ਅੱਜ ਉਸ ਨੇ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਨਾਲ ਆਪਣਾ 56ਵਾਂ ਜਨਮ ਦਿਨ ਮਨਾਇਆ। ਸੋਮਵਾਰ ਸਵੇਰੇ ਮੀਡੀਆ ਨਾਲ ਗੱਲਬਾਤ ਕਰਦਿਆਂ ਅਦਾਕਾਰ ਨੇ ਕਿਹਾ ਕਿ ਸੱਪ ਉਸ ਦੇ ਕਮਰੇ ’ਚ ਦਾਖ਼ਲ ਹੋਇਆ ਸੀ ਤੇ ਉਹ ਜਦੋਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਸੱਪ ਨੇ ਉਸ ਨੂੰ ਤਿੰਨ ਵਾਰ ਡੰਗਿਆ। ਸਲਮਾਨ ਨੇ ਕਿਹਾ ਕਿ ਉਸ ਨੇ ਆਪਣੇ ਫਿਕਰਮੰਦ ਪਿਤਾ ਸਲੀਮ ਖ਼ਾਨ ਨਾਲ ਘਟਨਾ ਤੋਂ ਬਾਅਦ ਗੱਲਬਾਤ ਕੀਤੀ ਤੇ ਯਕੀਨ ਦਿਵਾਇਆ ਕਿ ‘ਟਾਈਗਰ ਅਤੇ ਸੱਪ’ ਦੋਵੇਂ ਠੀਕ ਹਨ। ‘ਜਦੋਂ ਮੇਰੇ ਪਿਤਾ ਨੇ ਪੁੱਛਿਆ ਕਿ ਸੱਪ ਠੀਕ ਹੈ ਅਤੇ ਜਿਊਂਦਾ ਹੈ ਤਾਂ ਮੈਂ ਉਨ੍ਹਾਂ ਨੂੰ ਦੱਸਿਆ ਕਿ ‘ਟਾਈਗਰ’ ਅਤੇ ਸੱਪ ਦੋਵੇਂ ਜਿਊਂਦੇ ਹਨ। ਅਸੀਂ ਸੱਪ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਅਤੇ ਸਾਵਧਾਨੀ ਨਾਲ ਉਸ ਨੂੰ ਜੰਗਲ ’ਚ ਛੱਡ ਦਿੱਤਾ ਹੈ।’ ਅਦਾਕਾਰ ਨੇ ਦੱਸਿਆ ‘ਮੈਂ ਲਾਠੀ ਮੰਗੀ। ਜਿਹੜੀ ਲਾਠੀ ਮਿਲੀ ਉਹ ਬਹੁਤ ਛੋਟੀ ਸੀ। ਫਿਰ ਮੈਂ ਸੱਪ ਨੂੰ ਪਿਆਰ ਨਾਲ ਬਾਹਰ ਲਿਆਂਦਾ। ਸੱਪ ਲਾਠੀ ਨਾਲ ਲਿਪਟ ਗਿਆ ਸੀ ਅਤੇ ਫਿਰ ਉਹ ਮੇਰੇ ਹੱਥ ਕੋਲ ਪਹੁੰਚਿਆ ਤਾਂ ਮੈਂ ਉਸ ਨੂੰ ਦੂਜੇ ਹੱਥ ਨਾਲ ਫੜ ਲਿਆ ਅਤੇ ਲਾਠੀ ਸੁੱਟ ਦਿੱਤੀ। ਇਸ ਦੌਰਾਨ ਲੋਕ ਆ ਗਏ ਅਤੇ ਉਹ ਕੰਧਾਰੀ, ਕੰਧਾਰੀ (ਸੱਪ ਦੀ ਨਸਲ) ਚੀਕਣ ਲੱਗ ਪਏ ਤਾਂ ਸੱਪ ਨੇ ਮੈਨੂੰ ਪਹਿਲੀ ਵਾਰ ਡੰਗਿਆ।