ਮੁੰਬਈ: ਅਦਾਕਾਰ ਆਮਿਰ ਖ਼ਾਨ ਦੀ ਧੀ ਇਰਾ ਖ਼ਾਨ ਨੇ ਆਪਣੇ ਦੋਸਤ ਨੂਪੁਰ ਸ਼ਿਕਰੇ ਨਾਲ ਮੰਗਣੀ ਕਰਵਾ ਲਈ ਹੈ। ਇਰਾ ਤੇ ਨੂਪੁਰਪਿਛਲੇ ਦੋ ਸਾਲਾਂ ਤੋਂ ਇੱਕ-ਦੂਜੇ ਨੂੰ ਪਸੰਦ ਕਰਦੇ ਹਨ। ਇਰਾ ਨੇ ਇਸ ਸਬੰਧੀ ਇੰਸਟਾਗ੍ਰਾਮ ’ਤੇ ਇੱਕ ਵੀਡੀਓ ਸਾਂਝੀ ਕੀਤੀ ਹੈ। ਇਹ ਵੀਡੀਓ ਇੱਕ ਸਾਈਕਲਿੰਗ ਈਵੈਂਟ ਦੀ ਹੈ, ਜਿਸ ਵਿੱਚ ਇਰਾ ਸਟੈਂਡ ’ਤੇ ਖੜ੍ਹੀ ਹੈ ਤੇ ਨੂਪੁਰ ਇਰਾ ਕੋਲ ਆਉਂਦਾ ਹੈ ਤੇ ਇੱਕ ਗੋਡੇ ਦੇ ਭਾਰ ਝੁਕ ਕੇ ਇਰਾ ਸਾਹਮਣੇ ਅੰਗੂਠੀ ਕਰਦਾ ਹੋਇਆ ਪੁੱਛਦਾ ਹੈ, ‘ਕੀ ਤੂੰ ਮੇਰੇ ਨਾਲ ਵਿਆਹ ਕਰੇਂਗੀ?’ ਜਿਸ ਦਾ ਜਵਾਬ ਇਰਾ ਖੁਸ਼ ਹੋ ਕੇ ਹਾਂ ਵਿੱਚ ਦਿੰਦੀ ਹੈ। ਇਸ ਮਗਰੋਂ ਦੋਵੇਂ ਇੱਕ ਦੂਜੇ ਦੇ ਗਲੇ ਲਗ ਕੇ ਖੁਸ਼ੀ ਸਾਂਝੀ ਕਰਦੇ ਹਨ ਤੇ ਆਲੇ-ਦੁਆਲੇ ਖੜ੍ਹੇ ਲੋਕ ਵੀ ਖੁਸ਼ੀ ਵਿੱਚ ਦੋਵਾਂ ਲਈ ਤਾੜੀਆਂ ਮਾਰਦੇ ਹਨ। ਜ਼ਿਕਰਯੋਗ ਹੈ ਕਿ ਇਰਾ ਖ਼ਾਨ, ਆਮਿਰ ਤੇ ਉਸ ਦੀ ਪਹਿਲੀ ਪਤਨੀ ਰੀਨਾ ਦੱਤਾ ਦੀ ਧੀ ਹੈ। ਰੀਨਾ ਤੇ ਆਮਿਰ ਦਾ 2002 ਵਿੱਚ ਤਲਾਕ ਹੋ ਗਿਆ ਸੀ। ਦੋਵਾਂਂ ਦਾ ਜੁਨੈਦ ਨਾਂ ਦਾ ਪੁੱਤਰ ਵੀ ਹੈ। -ਆਈਏਐੱਨਐੱਸ