ਨਵਦੀਪ ਸਿੰਘ ਗਿੱਲ
ਭਾਰਤ ਦੇ ਇਕਲੌਤੇ ਓਲੰਪਿਕ ਚੈਂਪੀਅਨ ਅਥਲੀਟ ਨੀਰਜ ਚੋਪੜਾ ਨੇ ਭਾਰਤੀ ਅਥਲੈਟਿਕਸ ਜਗਤ ਵਿੱਚ ਇੱਕ ਹੋਰ ਵੱਡੀ ਪ੍ਰਾਪਤੀ ਜੋੜਦਿਆਂ ਅਮਰੀਕਾ ਦੇ ਔਰੇਗਨ ਵਿਖੇ ਹੋਈ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਪੁਰਸ਼ਾਂ ਦੀ ਜੈਵਲਿਨ ਥਰੋਅ ਵਿੱਚ ਚਾਂਦੀ ਦਾ ਤਮਗਾ ਜਿੱਤ ਕੇ ਨਵਾਂ ਇਤਿਹਾਸ ਰਚਿਆ ਹੈ। ਵਿਸ਼ਵ ਚੈਂਪੀਅਨਸ਼ਿਪ ਵਿੱਚ ਤਮਗਾ ਜਿੱਤਣ ਵਾਲਾ ਨੀਰਜ ਚੋਪੜਾ ਦੂਜਾ ਭਾਰਤੀ ਅਥਲੀਟ ਬਣ ਗਿਆ ਜਦੋਂ ਕਿ ਚਾਂਦੀ ਦਾ ਤਮਗਾ ਜਿੱਤਣ ਵਾਲਾ ਪਹਿਲਾ ਅਥਲੀਟ ਹੈ। ਇਸ ਤੋਂ ਪਹਿਲਾਂ 2003 ਵਿੱਚ ਪੈਰਿਸ ਵਿਖੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਅੰਜੂ ਬੌਬੀ ਜਾਰਜ ਨੇ ਕਾਂਸੀ ਦਾ ਤਮਗਾ ਜਿੱਤਿਆ ਸੀ। ਓਲੰਪਿਕਸ ਤੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਤਮਗਾ ਜਿੱਤਣ ਵਾਲਾ ਨੀਰਜ ਭਾਰਤ ਦਾ ਪਲੇਠਾ ਅਥਲੀਟ ਬਣ ਗਿਆ। ਉਸ ਨੇ ਪਿਛਲੇ ਸਾਲ ਟੋਕੀਓ ਓਲੰਪਿਕ ਖੇਡਾਂ ਵਿੱਚ ਸੋਨੇ ਦਾ ਤਮਗਾ ਜਿੱਤਿਆ ਸੀ। ਨੀਰਜ ਚੋਪੜਾ ਇਸ ਵੇਲੇ ਭਾਰਤੀ ਖੇਡਾਂ ਦਾ ਝੰਡਾਬਰਦਾਰ ਬਣ ਗਿਆ ਜਿਸ ਨੂੰ ਭਾਰਤੀ ਖੇਡਾਂ ਦਾ ਨਵਾਂ ਹੀਰੋ ਵੀ ਕਹਿ ਸਕਦੇ ਹਾਂ।
ਔਰੇਗਨ ਵਿਖੇ ਜੈਵਲਿਨ ਥਰੋਅ ਫਾਈਨਲ ਵਿੱਚ ਤਿੰਨ ਥਰੋਆਂ ਤੋਂ ਬਾਅਦ ਚੌਥੇ ਸਥਾਨ ਉੱਤੇ ਚੱਲ ਰਹੇ ਨੀਰਜ ਨੇ ਚੌਥੀ ਕੋਸ਼ਿਸ਼ ਵਿੱਚ 88.13 ਮੀਟਰ ਥਰੋਅ ਸੁੱਟਦਿਆਂ ਦੂਜਾ ਸਥਾਨ ਹਾਸਲ ਕੀਤਾ। ਗ੍ਰੇਨੇਡਾ ਦੇ ਐਂਡਰਸਨ ਪੀਟਰਸ ਨੇ 90.54 ਮੀਟਰ ਥਰੋਅ ਸੁੱਟ ਕੇ ਸੋਨੇ ਦਾ ਤਮਗਾ ਜਿੱਤਿਆ। ਪੀਟਰਸ ਨੇ 2019 ਵਿੱਚ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਵੀ ਸੋਨੇ ਦਾ ਤਮਗਾ ਜਿੱਤਿਆ ਸੀ। ਚੈੱਕ ਗਣਰਾਜ ਦੇ ਜੈਕਬ ਵਾਲੇਸ ਨੇ 88.09 ਮੀਟਰ ਥਰੋਅ ਨਾਲ ਕਾਂਸੀ ਦਾ ਤਮਗਾ ਜਿੱਤਿਆ। ਪਾਕਿਸਤਾਨ ਦਾ ਅਰਸ਼ਦ ਨਦੀਮ 86.16 ਮੀਟਰ ਥਰੋਅ ਨਾਲ ਪੰਜਵੇਂ ਸਥਾਨ ਉੱਤੇ ਰਿਹਾ। ਇੱਕ ਹੋਰ ਭਾਰਤੀ ਥਰੋਅਰ ਰੋਹਿਤ ਯਾਦਵ 78.72 ਥਰੋਅ ਨਾਲ 10ਵੇਂ ਸਥਾਨ ਉੱਤੇ ਰਿਹਾ।
ਨੀਰਜ ਚੋਪੜਾ ਦਾ ਜਨਮ 24 ਦਸੰਬਰ, 1997 ਨੂੰ ਹਰਿਆਣਾ ਦੇ ਇਤਿਹਾਸਕ ਕਸਬੇ ਪਾਣੀਪਤ ਨੇੜਲੇ ਪਿੰਡ ਖੰਡਰਾ ਵਿਖੇ ਸਾਧਾਰਨ ਕਿਸਾਨ ਪਰਿਵਾਰ ਵਿੱਚ ਹੋਇਆ। ਸਤੀਸ਼ ਕੁਮਾਰ ਤੇ ਸਰੋਜ ਦੇਵੀ ਦੇ ਘਰ ਪੈਦਾ ਹੋਇਆ ਨੀਰਜ ਸਾਂਝੇ ਪਰਿਵਾਰ ਵਿੱਚ ਪਲਿਆ, ਜਿਸ ਦਾ ਖੇਡਾਂ ਨਾਲ ਕੋਈ ਵਾਹ-ਵਾਸਤਾ ਨਹੀਂ ਸੀ। ਨੀਰਜ ਦੇ ਪਿਤਾ ਹੁਰੀਂ ਚਾਰ ਭਰਾ ਤੇ ਇੱਕ ਭੈਣ ਹਨ। ਚਾਰੇ ਭਰਾ ਹੁਣ ਵੀ ਸਾਂਝੇ ਪਰਿਵਾਰ ਵਿੱਚ ਰਹਿੰਦੇ ਹਨ। ਨੀਰਜ ਹੁਰੀਂ 9 ਚਚੇਰੇ ਭੈਣ-ਭਰਾ ਹਨ, ਜਿਨ੍ਹਾਂ ਵਿੱਚ ਪੰਜ ਭਰਾ ਤੇ ਚਾਰ ਭੈਣਾਂ ਹਨ। ਨੀਰਜ ਦੀਆਂ ਦੋ ਸਕੀਆਂ ਭੈਣਾਂ ਉਸ ਤੋਂ ਛੋਟੀਆਂ ਹਨ। ਘਰ ਵਿੱਚ ਦੁੱਧ-ਘਿਓ ਖੁੱਲ੍ਹਾ ਸੀ। ਨੀਰਜ ਨੂੰ ਵੀ ਮਲਾਈ, ਬੂਰਾ ਤੇ ਸ਼ੱਕਰ ਖਾਣੀ ਬਹੁਤ ਪਸੰਦ ਸੀ। ਨੀਰਜ ਨੂੰ ਘਰ ਵਿੱਚ ਛੋਟੇ ਨਾਮ ‘ਰਿੱਜੂ’ ਨਾਲ ਪੁਕਾਰਿਆ ਜਾਂਦਾ ਹੈ।
11-12 ਵਰ੍ਹਿਆਂ ਦੀ ਉਮਰੇ ਉਸ ਦਾ ਭਾਰ ਉਮਰ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਸੀ। ਕੁੜਤਾ-ਪਜਾਮਾ ਪਾ ਕੇ ਭਾਰੀ-ਭਰਕਮ ਸਰੀਰ ਨਾਲ ਜਦੋਂ ਉਹ ਪਿੰਡ ਵਿੱਚ ਨਿਕਲਦਾ ਤਾਂ ਸਾਰੇ ਜਣੇ ਉਸ ਨੂੰ ‘ਸਰਪੰਚ’ ਆਖ ਕੇ ਬੁਲਾਉਂਦੇ। ਪਰਿਵਾਰ ਨੂੰ ਨੀਰਜ ਦੇ ਵੱਧ ਭਾਰ ਦਾ ਫ਼ਿਕਰ ਹੋਣ ਲੱਗਾ। ਉਨ੍ਹਾਂ ਆਪਣੇ ਲਾਡਲੇ ਨੂੰ ਕਸਰਤ ਲਈ ਜਿੰਮ ਭੇਜਣ ਦਾ ਫੈਸਲਾ ਕੀਤਾ। ਉਸ ਵੇਲੇ ਪਰਿਵਾਰ ਨੇ ਸੋਚਿਆ ਨਹੀਂ ਹੋਵੇਗਾ ਕਿ ਭਾਰ ਘਟਾਉਣ ਲਈ ਰਿੱਜੂ ਨੂੰ ਖੇਡ ਮੈਦਾਨ ਭੇਜਣਾ ਇੱਕ ਦਿਨ ਇੰਨਾ ਰਾਸ ਆਵੇਗਾ ਕਿ ਉਹ ਜੱਗ ਜੇਤੂ ਅਥਲੀਟ ਬਣੇਗਾ।
ਨੀਰਜ ਨੇ ਜੈਵਲਿਨ ਪਹਿਲੀ ਵਾਰ 13 ਵਰ੍ਹਿਆਂ ਦੀ ਉਮਰੇ ਪਾਣੀਪਤ ਦੇ ਸ਼ਿਵਾਜੀ ਸਟੇਡੀਅਮ ਵਿੱਚ ਸੁੱਟੀ ਸੀ। ਉਸ ਦਾ ਮੁੱਢਲਾ ਕੋਚ ਜੈਵੀਰ ਚੌਧਰੀ ਤੇ ਫਿਟਨੈੱਸ ਟਰੇਨਰ ਜਿਤੇਂਦਰ ਜਾਗਲਾਨ ਸੀ। ਨਵੇਂ ਨਕੋਰ ਛੋਟੇ ਬਾਲਕ ਵੱਲੋਂ 30 ਮੀਟਰ ਦੇ ਕਰੀਬ ਥਰੋਅ ਸੁੱਟੀ ਗਈ, ਜਦੋਂ ਕਿ ਇੱਕ-ਦੋ ਸਾਲ ਪ੍ਰੈਕਟਿਸ ਕਰਨ ਤੋਂ ਬਾਅਦ ਵੀ ਉਸ ਦੀ ਉਮਰ ਦੇ ਖਿਡਾਰੀ 25 ਮੀਟਰ ਥਰੋਅ ਮਸਾਂ ਸੁੱਟਦੇ ਹਨ। ਛੋਟੇ ਹੁੰਦਿਆਂ ਨੀਰਜ ਘਰੇ ਵੀ ਝਾੜੂ ਦੀ ਤੀਲੀ ਨੂੰ ਜੈਵਲਿਨ ਬਣਾ ਕੇ ਸੁੱਟਦਾ ਰਹਿੰਦਾ ਸੀ। ਪਾਣੀਪਤ ਰਹਿੰਦਿਆਂ ਉਸ ਨੇ ਪਹਿਲੀ ਵਾਰ ਜ਼ਿਲ੍ਹਾ ਚੈਂਪੀਅਨਸ਼ਿਪ ਜਿੱਤੀ, ਜੋ ਕਿ ਉਸ ਦੇ ਕਰੀਅਰ ਦੀ ਪਹਿਲੀ ਪ੍ਰਾਪਤੀ ਸੀ।
ਸਾਲ 2010-11 ਵਿੱਚ ਉਸ ਦਾ ਚਾਚਾ ਸੁਰੇਂਦਰ ਚੋਪੜਾ ਆਪਣੇ ਭਤੀਜੇ ਨੂੰ ਚੰਡੀਗੜ੍ਹ ਲੈ ਆਇਆ ਜਿੱਥੇ ਸੈਕਟਰ-10 ਸਥਿਤ ਪ੍ਰਸਿੱਧ ਸਿੱਖਿਆ ਸੰਸਥਾ ਡੀ.ਏ.ਵੀ. ਕਾਲਜ ਵਿਖੇ ਦਾਖਲਾ ਦਿਵਾ ਦਿੱਤਾ। ਖੇਡਾਂ ਵਾਸਤੇ ਨੀਰਜ ਨੂੰ ਪੰਚਕੂਲਾ ਦੇ ਤਾਊ ਦੇਵੀ ਲਾਲ ਸਟੇਡੀਅਮ ਵਿਖੇ ਰਨਿੰਗ ਕੋਚ ਨਸੀਮ ਅਹਿਮਦ ਦੇ ਹਵਾਲੇ ਕਰ ਦਿੱਤਾ। ਉਸ ਵਿੱਚ ਸਿੱਖਣ ਦੀ ਲਗਨ ਇੰਨੀ ਸੀ ਕਿ ਉਹ ਯੂ- ਟਿਊਬ ਤੋਂ ਚੈੱਕ ਗਣਰਾਜ ਦੇ ਵਿਸ਼ਵ ਪ੍ਰਸਿੱਧ ਜੈਵਲਿਨ ਥਰੋਅਰ ਜਾਨ ਜੇਲੇਜ਼ਨੀ ਦੀਆਂ ਵੀਡਿਓ ਡਾਊਨਲੋਡ ਕਰਕੇ ਉਸ ਨੂੰ ਵਾਰ-ਵਾਰ ਦੇਖਦਾ ਅਤੇ ਫੇਰ ਉਸ ਵਾਂਗ ਥਰੋਅ ਸੁੱਟਣ ਦੀ ਕੋਸ਼ਿਸ਼ ਕਰਦਾ। ਨੀਰਜ ਕੋਲੋਂ ਪ੍ਰੈਕਟਿਸ ਕਰਦਿਆਂ ਇੱਕ ਵਾਰ ਜੈਵਲਿਨ ਵੀ ਟੁੱਟ ਗਈ ਸੀ ਜਿਸ ਕਾਰਨ ਉਸ ਦੇ ਸੀਨੀਅਰ ਖਿਡਾਰੀ ਕਾਫ਼ੀ ਨਾਰਾਜ਼ ਵੀ ਹੋਏ ਸਨ। ਹਾਲਾਂਕਿ ਉਸ ਬਾਂਸ ਦੀ ਜੈਵਲਿਨ ਦੀ ਕੀਮਤ ਮਹਿਜ਼ 200 ਰੁਪਏ ਸੀ। ਕੌਮਾਂਤਰੀ ਪੱਧਰ ਦੇ ਅਥਲੀਟਾਂ ਕੋਲ ਤਾਂ ਵਧੀਆ ਕੁਆਲਿਟੀ ਦੀ ਜੈਵਲਿਨ ਹੁੰਦੀ ਹੈ ਜਿਸ ਦੀ ਕੀਮਤ ਡੇਢ ਲੱਖ ਰੁਪਏ ਤੱਕ ਵੀ ਹੁੰਦੀ ਹੈ। ਨੀਰਜ ਨੇ ਪਹਿਲੀ ਵਾਰ ਆਪਣੀ ਜ਼ਿੰਦਗੀ ਵਿੱਚ 7000 ਰੁਪਏ ਦੀ ਜੈਵਲਿਨ ਖਰੀਦੀ ਸੀ।
ਉਹ ਹੁਣ ਤੱਕ ਓਲੰਪਿਕਸ ਖੇਡਾਂ, ਏਸ਼ਿਆਈ ਖੇਡਾਂ, ਰਾਸ਼ਟਰਮੰਡਲ ਖੇਡਾਂ, ਸੈਫ ਖੇਡਾਂ, ਵਿਸ਼ਵ ਜੂਨੀਅਰ ਅਥਲੈਟਿਕਸ ਚੈਂਪੀਅਨਸ਼ਿਪ ਅਤੇ ਜੂਨੀਅਰ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਮਗਾ ਜਿੱਤ ਚੁੱਕਾ ਹੈ। 2016 ਵਿੱਚ ਨੀਰਜ ਨੇ 86.48 ਮੀਟਰ ਦੀ ਥਰੋਅ ਨਾਲ ਜੂਨੀਅਰ ਵਿਸ਼ਵ ਰਿਕਾਰਡ ਵੀ ਬਣਾਇਆ। ਉਹ 89.94 ਥਰੋਅ ਨਾਲ ਇਸ ਵੇਲੇ ਕੌਮੀ ਰਿਕਾਰਡ ਹੋਲਡਰ ਵੀ ਹੈ।
ਸਾਲ 2019 ਵਿੱਚ ਉਹ ਆਪਣੀ ਕੂਹਣੀ ਦੇ ਆਪਰੇਸ਼ਨ ਕਾਰਨ ਅਥਲੈਟਿਕ ਫੀਲਡ ਤੋਂ ਬਾਹਰ ਰਿਹਾ। ਇਹ ਸਮਾਂ ਉਸ ਲਈ ਬੜਾ ਮੁਸ਼ਕਿਲ ਤੇ ਚੁਣੌਤੀ ਭਰਿਆ ਸੀ। ਨੀਰਜ ਨੇ 3 ਮਈ, 2019 ਨੂੰ ਮੁੰਬਈ ਦੇ ਕੋਕਿਲਾ ਬੇਨ ਹਸਪਤਾਲ ਵਿਖੇ ਆਪਰੇਸ਼ਨ ਕਰਵਾਇਆ। ਉਹ ਜਰਮਨੀ ਦੇ ਕਲੌਸ ਬਾਰਟੋਨੀਟਜ਼ ਤੋਂ ਕੋਚਿੰਗ ਲੈ ਰਿਹਾ ਸੀ। ਇਸ ਤੋਂ ਪਹਿਲਾਂ ਉਸ ਨੇ ਗੈਰੀ ਕੈਲਵਰਟ, ਵਰਨਰ ਡੈਨੀਅਲਜ਼ ਤੇ ਯੂਵੀ ਹੌਨ ਤੋਂ ਵੀ ਕੋਚਿੰਗ ਲਈ ਸੀ। ਨੀਰਜ ਨੇ ਓਲੰਪਿਕਸ ਤੋਂ ਪਹਿਲਾਂ ਸਵੀਡਨ ਦੇ ਉਪਸਾਲਾ ਵਿਖੇ ਕਲੌਸ ਦੀ ਨਿਗਰਾਨੀ ਹੇਠ ਟ੍ਰੇਨਿੰਗ ਕੀਤੀ।
ਨੀਰਜ ਚੋਪੜਾ ਨੂੰ ਭਾਰਤ ਸਰਕਾਰ ਵੱਲੋਂ ‘ਪਦਮ ਸ਼੍ਰੀ’, ‘ਮੇਜਰ ਧਿਆਨ ਚੰਦ ਖੇਡ ਰਤਨ’ ਤੇ ‘ਅਰਜੁਨ ਐਵਾਰਡ’ ਨਾਲ ਸਨਮਾਨਤ ਕੀਤਾ ਗਿਆ ਹੈ। ਭਾਰਤੀ ਫ਼ੌਜ ਵੱਲੋਂ ਉਸ ਨੂੰ ‘ਪਰਮ ਵਿਸ਼ਿਸ਼ਟ ਸੇਵਾ ਮੈਡਲ’ ਤੇ ‘ਵਿਸ਼ਿਸ਼ਟ ਸੇਵਾ ਮੈਡਲ’ ਨਾਲ ਸਨਮਾਨਿਤ ਕੀਤਾ ਗਿਆ। ਪ੍ਰਸਿੱਧ ਖੇਡ ਰਸਾਲੇ ‘ਸਪੋਰਟਸਟਾਰ’ ਵੱਲੋਂ ਸਾਲ 2021 ਦੌਰਾਨ ਕਰਵਾਏ ‘ਏਸਜ਼ ਐਵਾਰਡ’ ਦੌਰਾਨ ਨੀਰਜ ਚੋਪੜਾ ਨੂੰ ਦਹਾਕੇ ਦੇ ਸਰਵੋਤਮ ਅਥਲੀਟ (ਟਰੈਕ ਤੇ ਫੀਲਡ) ਪੁਰਸਕਾਰ ਨਾਲ ਸਨਮਾਨਿਆ ਗਿਆ। ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ਅਥਲੈਟਿਕਸ ਫੈਡਰੇਸ਼ਨ ਆਫ ਇੰਡੀਆ (ਏ.ਐੱਫ਼.ਆਈ.) ਵੱਲੋਂ ਹਰ ਸਾਲ 7 ਅਗਸਤ (ਜਿਸ ਦਿਨ ਨੀਰਜ ਨੇ ਟੋਕੀਓ ਵਿਖੇ ਸੋਨ ਤਮਗਾ ਜਿੱਤਿਆ ਸੀ) ਨੂੰ ਕੌਮੀ ਜੈਵਲਿਨ ਥਰੋਅ ਦਿਵਸ ਮਨਾਉਣ ਦਾ ਫੈਸਲਾ ਕੀਤਾ ਹੈ।
ਨੀਰਜ ਲਈ 2022 ਦੇ ਖੇਡ ਸੀਜ਼ਨ ਦੀ ਵਧੀਆ ਸ਼ੁਰੂਆਤ ਹੋਈ ਹੈ। ਫਿਨਲੈਂਡ ਵਿਖੇ ਹੋਈਆਂ ਖੇਡਾਂ ਵਿੱਚ ਸੋਨੇ ਦਾ ਤਮਗਾ ਅਤੇ ਪਾਵੋ ਨੁਰਮੀ ਖੇਡਾਂ ਤੇ ਡਾਇਮੰਡ ਲੀਗ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਹੁਣ ਵਿਸ਼ਵ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਉਸ ਦਾ ਅਗਲਾ ਨਿਸ਼ਾਨਾ ਬਰਮਿੰਘਮ ਵਿਖੇ ਰਾਸ਼ਟਰਮੰਡਲ ਖੇਡਾਂ ਸਨ, ਪਰ ਸਿਹਤ ਠੀਕ ਨਾ ਹੋਣ ਕਾਰਨ ਉਹ ਇਸ ਵਿੱਚ ਹਿੱਸਾ ਨਹੀਂ ਲੈ ਸਕੇਗਾ।
ਸੰਪਰਕ: 97800-36216