ਮੁੰਬਈ: ਇਸ ਵਾਰ ਆਈਫਾ ਐਵਾਰਡਜ਼ ਵਿੱਚ ਵਿੱਕੀ ਕੌਸ਼ਲ ਤੇ ਕ੍ਰਿਤੀ ਸੈਨਨ ਨੇ ਕ੍ਰਮਵਾਰ ਸਰਬੋਤਮ ਅਦਾਕਾਰ ਤੇ ਅਦਾਕਾਰਾ ਦਾ ਐਵਾਰਡ ਹਾਸਲ ਕੀਤਾ ਹੈ। ਵਿੱਕੀ ਕੌਸ਼ਲ ਨੂੰ ਇਹ ਐਵਾਰਡ ‘ਸਰਦਾਰ ਊਧਮ’ ਵਿੱਚ ਉਸ ਵੱਲੋਂ ਕੀਤੀ ਗਈ ਬਾਕਮਾਲ ਅਦਾਕਾਰੀ ਲਈ ਪ੍ਰਾਪਤ ਹੋਇਆ ਹੈ, ਜਦਕਿ ਕ੍ਰਿਤੀ ਨੂੰ ਇਹ ਐਵਾਰਡ ਫਿਲਮ ‘ਮਿਮੀ’ ਵਿੱਚ ਨਿਭਾਈ ਇਕੱਲੀ ਮਾਂ ਦੀ ਭੂਮਿਕਾ ਲਈ ਮਿਲਿਆ ਹੈ। ਇਸ ਤੋਂ ਇਲਾਵਾ ਸਰਬੋਤਮ ਫਿਲਮ ਦਾ ਐਵਾਰਡ ਸਿਧਾਰਥ ਮਲਹੋਤਰਾ ਤੇ ਕਿਆਰਾ ਅਡਵਾਨੀ ਦੀ ‘ਸ਼ੇਰਸ਼ਾਹ’ ਨੂੰ ਮਿਲਿਆ ਹੈ। ਇਸੇ ਫਿਲਮ ਨੂੰ ਸਰਬੋਤਮ ਨਿਰਦੇਸ਼ਨ, ਸੰਗੀਤ ਨਿਰਦੇਸ਼ਨ, ਸਰਬੋਤਮ ਪਿੱਠਵਰਤੀ ਗਾਇਕ ਦਾ ਐਵਾਰਡ ਵੀ ਪ੍ਰਾਪਤ ਹੋਇਆ ਹੈ। ਇਸ ਦੇ ਨਾਲ ਹੀ ਸਾਈ ਤਮਹਾਨਕਰ ਨੂੰ ‘ਮਿਮੀ’ ਲਈ ਤੇ ਪੰਕਜ ਤ੍ਰਿਪਾਠੀ ਨੂੰ ‘ਲੂਡੋ’ ਲਈ ਸਹਾਇਕ ਅਦਾਕਾਰ ਦਾ ਐਵਾਰਡ ਮਿਲਿਆ ਹੈ। ਅਦਾਕਾਰ ਸੁਨੀਲ ਸ਼ੈੱਟੀ ਦੇ ਬੇਟੇ ਅਹਾਨ ਨੂੰ ‘ਤੜਪ’ ਲਈ ਅਤੇ ਸ਼ਰਵਾਨੀ ਵਾਘ ਨੂੰ ‘ਬੰਟੀ ਔਰ ਬਬਲੀ 2’ ਲਈ ਸਰਬੋਤਮ ਪਹਿਲੀ ਪੇਸ਼ਕਾਰੀ ਦਾ ਐਵਾਰਡ ਹਾਸਲ ਹੋਇਆ ਹੈ। ਇਸ ਤੋਂ ਇਲਾਵਾ ਸਾਬਕਾ ਕ੍ਰਿਕਟ ਖਿਡਾਰੀ ਕਪਿਲ ਦੇਵ ਦੇ ਜੀਵਨ ’ਤੇ ਬਣੀ ਫਿਲਮ ‘83’ ਨੂੰ ਸਰਬੋਤਮ ਕਹਾਣੀ (ਅਡੈਪਟਿਡ) ਤੇ ਸਰਬੋਤਮ ਗੀਤ ਦਾ ਐਵਾਰਡ ‘83’ ਦੇ ਹੀ ‘ਲਹਿਰਾ ਦੋ’ ਨੂੰ ਮਿਲਿਆ ਹੈ। ਐਵਾਰਡ ਸਮਾਗਮ ਦੀ ਮੇਜ਼ਬਾਨੀ ਅਦਾਕਾਰ ਸਲਮਾਨ ਖ਼ਾਨ ਨੇ ਕੀਤੀ, ਜਦਕਿ ਸ਼ਾਹਿਦ ਕਪੂਰ, ਨੌਰਾ ਫਤੇਹੀ, ਹਨੀ ਸਿੰਘ, ਨੇਹਾ ਕੱਕੜ ਤੇ ਸਾਲਾ ਅਲੀ ਖ਼ਾਨ ਨੇ ਦਮਦਾਰ ਪੇਸ਼ਕਾਰੀਆਂ ਦਿੱਤੀਆਂ। -ਆਈਏਐੱਨਐੱਸ