ਮੈਲਬਰਨ, 8 ਜੁਲਾਈ
ਬੌਲੀਵੁੱਡ ਅਦਾਕਾਰਾ ਰਿਚਾ ਚੱਢਾ ਅਤੇ ਫਿਲਮਸਾਜ਼ ਓਨੀਰ ਮੈਲਬਰਨ ਦੇ ਇੰਡੀਅਨ ਫਿਲਮ ਫੈਸਟੀਵਲ (ਆਈਐੱਫਐੱਫਐੱਮ)-2021 ਦੇ ਲਘੂ ਫਿਲਮ ਮੁਕਾਬਲੇ ਦੌਰਾਨ ਜੱਜ ਦੀ ਭੂਮਿਕਾ ਨਿਭਾਉਣਗੇ। ਫੈਸਟੀਵਲ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਸਾਲ ਲਘੂ ਫਿਲਮਾਂ ਦਾ ਵਿਸ਼ਾ ਆਧੁਨਿਕ ਗੁਲਾਮੀ ਅਤੇ ਸਮਾਨਤਾ ਹੈ। ਚੱਢਾ ਆਈਐੱਫਐੱਫਐੱਮ ਲਈ ਕੋਈ ਅਜਨਬੀ ਨਹੀਂ ਹੈ ਕਿਉਂਕਿ ਉਸ ਦੀ ਚਰਚਿਤ ਫਿਲਮ ‘ਲਵ ਸੋਨੀਆ’ ਨੇ 2018 ਦੌਰਾਨ ਫੈਸਟੀਵਲ ਜ਼ਰੀਏ ਖਾਤਾ ਖੋਲ੍ਹਿਆ ਸੀ। ਅਦਾਕਾਰਾ ਨੇ ਕਿਹਾ ਕਿ ਇਸ ਵਾਰ ਉਹ ਫੈਸਟੀਵਲ ਵਿੱਚ ਜੱਜ ਵਜੋਂ ਚੁਣੇ ਜਾਣ ’ਤੇ ਬੇਹੱਦ ਖ਼ੁਸ਼ ਹੈ। ਰਿਚਾ ਨੇ ਕਿਹਾ ਕਿ ਉਸ ਨੂੰ ਉਮੀਦ ਹੈ ਕਿ ਫੈਸਟੀਵਲ ਦੌਰਾਨ ਆਧੁਨਿਕ ਗੁਲਾਮੀ ਅਤੇ ਸਮਾਨਤਾ ਜਿਹੇ ਵਿਸ਼ਿਆਂ ’ਤੇ ਹੈਰਾਨ ਕਰਨ ਵਾਲੀ ਫਿਲਮਾਂ ਦੇਖਣ ਨੂੰ ਮਿਲਣਗੀਆਂ। ਓਨੀਰ, ਜੋ ਸ਼ੁਰੂ ਤੋਂ ਹੀ ਆਈਐੱਫਐੱਫਐੱਮ ਨਾਲ ਜੁੜਿਆ ਹੋਇਆ ਹੈ, ਨੇ ਕਿਹਾ ਕਿ ਉਹ ਹਮੇਸ਼ਾ ਛੋਟੀਆਂ ਫਿਲਮਾਂ ਦੀ ਗਹਿਰਾਈ ਤੇ ਵਿਭਿੰਨਤਾ ਤੋਂ ਪ੍ਰਭਾਵਿਤ ਰਹੇਗਾ। ਫੈਸਟੀਵਲ ਦੇ ਨਿਰਦੇਸ਼ਕ ਮੀਤੂ ਭੌਮਿਕ ਲਾਂਗੇ ਨੇ ਕਿਹਾ ਕਿ ਉਹ ਰਿਚਾ ਤੇ ਓਨੀਰ ਨੂੰ ਜੱਜ ਬਣਾਉਣ ਲਈ ਉਤਸ਼ਾਹਿਤ ਹਨ। ਇਹ ਫੈਸਲੀਵਲ 12 ਤੋਂ 20 ਅਗਸਤ ਤੱਕ ਚੱਲੇਗਾ, ਜਦਕਿ ਇਸ ਦਾ ਆਸਟਰੇਲੀਆ ਵਿੱਚ ਆਨਲਾਈਨ ਪ੍ਰਸਾਰਨ 15 ਤੋਂ 30 ਅਗਸਤ ਤੱਕ ਹੋਵੇਗਾ। -ਪੀਟੀਆਈ