ਮੁੰਬਈ: ਭਾਵੇਂ ਭਾਰਤੀ ਸਿਨੇਮਾ ਤੇ ਇਸ ਦੇ ਦੀਵਾਨੇ ਮਨੋਜ ਬਾਜਪਈ, ਉਰਮਿਲਾ ਮਾਤੋਂਡਕਰ, ਕੇ.ਕੇ. ਮੈਨਨ ਵਰਗੇ ਕਲਾਕਾਰ ਅਤੇ ‘ਸ਼ੂਲ’, ‘ਰੰਗੀਲਾ’, ‘ਸੱਤਿਆ’, ‘ਸਰਕਾਰ’ ਅਤੇ ‘ਰਕਤ ਚਰਿੱਤਰ’ ਸਣੇ ਕਈ ਹੋਰ ਫਿਲਮਾਂ ਸਿਨੇ ਜਗਤ ਦੀ ਝੋਲੀ ਪਾਉਣ ਲਈ ਰਾਮ ਗੋਪਾਲ ਵਰਮਾ ਦੇ ਧੰਨਵਾਦੀ ਹਨ ਪਰ ਹੁਣ ਇਹੀ ਦਰਸ਼ਕ ਹੈਰਾਨ ਹਨ ਕਿ ਪਿਛਲੇ ਦੋ ਸਾਲਾਂ ਤੋਂ ਰਾਮ ਗੋਪਾਲ ਵਰਮਾ ਵਿੱਚ ਪਹਿਲਾਂ ਵਾਲੀ ਗੱਲ ਨਹੀਂ ਰਹੀ ਅਤੇ ਉਸ ਦੀਆਂ ਕਈ ਫਿਲਮਾਂ ਅਸਫ਼ਲ ਰਹੀਆਂ ਹਨ। ਕੌਮੀ ਐਵਾਰਡ ਜੇਤੂ ਫਿਲਮ ਨਿਰਮਾਤਾ ਨੇ ਆਪਣੀ ਅਗਲੀ ਰਿਲੀਜ਼ ਹੋਣ ਵਾਲੀ ਫਿਲਮ ‘ਖਤਰਾ’ ਬਾਰੇ ਗੱਲ ਕਰਦਿਆਂ ਕਿਹਾ, ‘‘ਦੇਖੋ, ਮੈਂ ਉਹੀ ਫਿਲਮਸਾਜ਼ ਹਾਂ, ਜੋ ਇੱਕ ਅਜਿਹੀ ਕਹਾਣੀ ਸੁਣਾਉਣ ਦੀ ਇੱਛਾ ਰੱਖਦਾ ਹੈ ਜੋ ਉਸ ਨੂੰ ਇੱਕ ਫਿਲਮ ਬਣਾਉਣ ਲਈ ਉਕਸਾਉਂਦੀ ਹੈ ਪਰ ਦਰਸ਼ਕਾਂ ਦੀ ਪ੍ਰਤੀਕਿਰਿਆ ਮੇਰੇ ਹੱਥ ਨਹੀਂ ਹੈ ਅਤੇ ਮੈਂ ਪ੍ਰਤੀਕਿਰਿਆ ਦੀ ਬਹੁਤੀ ਪ੍ਰਵਾਹ ਵੀ ਨਹੀਂ ਕਰਦਾ।’’ ਉਸ ਨੇ ਕਿਹਾ ਕਿ ਉਹ ਆਪਣੀ ਪਿਛਲੀ ਫਿਲਮ ਦੀ ਸਫ਼ਲਤਾ ਜਾਂ ਅਸਫ਼ਲਤਾ ਤੋਂ ਕੋਈ ਸਬਕ ਨਹੀਂ ਲੈਂਦਾ। ਇਸ ਗੱਲ ਦੀ ਪ੍ਰੋੜ੍ਹਤਾ ਕਰਦਿਆਂ ਰਾਮ ਗੋਪਾਲ ਵਰਮਾ ਨੇ ਕਿਹਾ, ‘‘ਮੈਂ ਪਿਛਲੀ ਫਿਲਮ ਦੀ ਸਫ਼ਲਤਾ ਜਾਂ ਅਸਫ਼ਲਤਾ ਤੋਂ ਕਿਵੇਂ ਸਿੱਖ ਸਕਦਾ ਹਾਂ ਕਿਉਂਕਿ ਹਰ ਕਹਾਣੀ ਵੱਖਰੀ ਹੈ। ਮੈਂ ‘ਰੰਗੀਲਾ’ ਦੀ ਸਫ਼ਲਤਾ ਦੇਖੀ ਪਰ ਮੇਰੀ ਅਗਲੀ ਫਿਲਮ ‘ਸੱਤਿਆ’ ਸੀ। ਮੈਂ ‘ਰੰਗੀਲਾ’ ਜਿਹੀ ਫਿਲਮ ਤੋਂ ਕੀ ਸਿੱਖ ਸਕਦਾ ਹਾਂ ਅਤੇ ਇਹੀ ਫਾਰਮੂਲਾ ਮੈਂ ‘ਸੱਤਿਆ’ ਲਈ ਕਿਵੇਂ ਵਰਤ ਸਕਦਾ ਹਾਂ ਕਿਉਂਕਿ ਦੋਹਾਂ ਫਿਲਮਾਂ ਦੀ ਕਹਾਣੀ ਬਿਲਕੁਲ ਵੱਖਰੀ ਹੈ।’’ ਉਸ ਦੀ ਅਗਲੀ ਫਿਲਮ ‘ਖਤਰਾ’ ਸ਼ੁੱਕਰਵਾਰ ਨੂੰ ਰਿਲੀਜ਼ ਹੋਵੇਗੀ, ਜਿਸ ਵਿੱਚ ਨੈਨਾ ਗਾਂਗੁਲੀ ਅਤੇ ਅਪਸਰਾ ਰਾਣੀ ਨੇ ਮੁੱਖ ਭੂਮਿਕਾ ਨਿਭਾਈ ਹੈ। -ਆਈਏਐੱਨਐੱਸ