ਮੁੰਬਈ, 6 ਜੂਨ
ਅਦਾਕਾਰ ਅਭਿਸ਼ੇਕ ਬੈਨਰਜੀ ਨੇ ਆਖਿਆ ਕਿ ਜਦੋਂ ਉਸ ਦਾ ਫ਼ਿਲਮ ‘ਭੇੜੀਆ’ ਲਈ ਕਰਾਰ ਹੋਇਆ ਸੀ ਤਾਂ ਉਸ ਦੀ ਪਤਨੀ ਟੀਨਾ ਨਰੋਨਹਾ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਉਹ ਇਸ ਲਈ ਖੁਸ਼ ਸੀ ਕਿ ਉਹ ਆਪਣੇ ਪਸੰਦੀਦਾ ਅਦਾਕਾਰ ਨੂੰ ਮਿਲੇਗੀ। ਅਭਿਸ਼ੇਕ ਨੇ ਆਖਿਆ,‘‘ਮੈਂ ਆਪਣੀ ਪਤਨੀ ਦਾ ਪਸੰਦੀਦਾ ਅਦਾਕਾਰ ਨਹੀਂ ਹਾਂ। ਉਸ ਦੇ ਮਨਪਸੰਦ ਅਦਾਕਾਰ ਹੋਰ ਹਨ। ਉਹ ਵਰੁਣ ਧਵਨ ਦੀ ਵੱਡੀ ਪ੍ਰਸ਼ੰਸਕ ਹੈ। ਜਦੋਂ ਉਸ ਨੂੰ ਪਤਾ ਲੱਗਿਆ ਕਿ ਮੈਂ ਵਰੁਣ ਨਾਲ ਕੰਮ ਕਰਾਂਗਾ ਤਾਂ ਉਸ ਨੂੰ ਚਾਅ ਚੜ੍ਹ ਗਿਆ। ਉਹ ਮੈਨੂੰ ਫ਼ਿਲਮ ਮਿਲਣ ਤੋਂ ਖੁਸ਼ ਨਹੀਂ ਸੀ ਸਗੋਂ ਉਹ ਵਰੁਣ ਨੂੰ ਦੇਖਣਾ ਚਾਹੁੰਦੀ ਸੀ।’’
ਅਸਲ ਵਿੱਚ ਉਹ ਤਾਂ ਖੁਸ਼ ਸੀ ਕਿ ਫ਼ਿਲਮ ਵਿੱਚ ਮੈਂ ਵਰੁਣ ਨਾਲ ਸਿਖਲਾਈ ਲਈ। ਉਸ ਨੇ ਮੈਨੂੰ ਆਖਿਆ,‘‘ਜੋ ਮੈਂ ਦਸ ਸਾਲ ਵਿਚ ਨਹੀਂ ਕਰ ਸਕੀ ਉਹ ਵਰੁਣ ਨੇ ਦੋ ਮਹੀਨੇ ਵਿਚ ਕਰ ਦਿੱਤਾ। ਉਹ ਖੁਸ਼ ਸੀ ਕਿ ਕੋਈ ਮੈਨੂੰ ਫਿਟਨੈਸ ਲਈ ਪ੍ਰੇਰਿਤ ਕਰ ਸਕਦਾ ਹੈ।’’ ਉਸ ਨੇ ਆਖਿਆ,‘‘ਚੰਗੀਆਂ ਕਹਾਣੀਆਂ ਮੇਰੀ ਪਹਿਲ ਹੋਣਗੀਆਂ ਅਤੇ ਉਹ ਭਾਵੇਂ ਹਿੰਦੀ ਜਾਂ ਕਿਸੇ ਹੋਰ ਭਾਸ਼ਾ ਵਿਚ ਹੋਣ। ਮੈਨੂੰ ਹਿੰਦੀ, ਤਾਮਿਲ ਤੇ ਬੰਗਾਲੀ ਵਿਚ ਕੋਈ ਦਿੱਕਤ ਨਹੀਂ ਹੈ। ਮੈਂ ਮਲਿਆਲਮ ਤੇ ਤੇਲਗੂ ਸਿਨੇਮਾ ਬਾਰੇ ਵੀ ਬੇਹਤਰ ਜਾਣਦਾ ਹਾਂ। ਮੈਂ ਜਲਦ ਹੀ ਤੇਲਗੂ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰਨ ਜਾ ਰਿਹਾ ਹਾਂ। ਪਰ ਮੈਂ ਹਮੇਸ਼ਾਂ ਚੰਗੀਆਂ ਕਹਾਣੀਆਂ ਨੂੰ ਪਹਿਲ ਦੇਵਾਂਗਾ, ਉਹ ਭਾਵੇਂ ਕਿਸੇ ਵੀ ਭਾਸ਼ਾ ਵਿਚ ਹੋਣ। ਮੈਂ ਪਿਛਲੇ ਇਕ ਸਾਲ ਵਿਚ ਕੋਈ ਵੀ ਓਟੀਟੀ ਸ਼ੋਅ ਲਈ ਕਰਾਰ ਨਹੀਂ ਕੀਤਾ, ਹਾਲਾਂਕਿ ਇਹ ਮੇਰੇ ਲਈ ਚੰਗੀ ਗੱਲ ਨਹੀਂ ਹੈ।’’ ਉਸ ਦਾ ਕਹਿਣਾ ਹੈ ਕਿ ਉਹ ਪਰਦੇ ’ਤੇ ਮੁੜ-ਮੁੜ ਇਕੋ ਤਰ੍ਹਾਂ ਦੀ ਭੂਮਿਕਾ ਨਿਭਾਉਣ ਵਿਚ ਭਰੋਸਾ ਨਹੀਂ ਰੱਖਦਾ। ਉਸ ਨੇ ਆਖਿਆ,‘‘ਮੈਂ ਅਜਿਹੀ ਕੋਈ ਭੂਮਿਕਾ ਨਹੀਂ ਨਿਭਾਉਣਾ ਚਾਹੁੰਦਾ ਜਿਹੜੀ ਪਹਿਲਾਂ ਨਿਭਾਈ ਜਾ ਚੁੁੱਕੀ ਹੋਵੇ। ਮੈਂ ਕੁਝ ਨਵਾਂ ਕਰਨਾ ਚਾਹੁੰਦਾ ਹਾਂ। ਜਦੋਂ ਮੈਨੂੰ ਅਦਾਕਾਰ ਦੇ ਦੋਸਤ ਦੀ ਭੂਮਿਕਾ ਨਿਭਾਉਣ ਦੀ ਪੇਸ਼ਕਸ਼ ਹੋਈ ਸੀ ਪਰ ਮੈਂ ਉਹ ਇਸ ਲਈ ਨਹੀਂ ਕੀਤੀ ਕਿਉਂਕਿ ਉਹ ਬਹੁਤ ਅਕਾਊ ਸੀ।’’ -ਆਈਏਐੱਨਐੱਸ