ਮੁੰਬਈ: ਅਚਿੰਤ ਕੌਰ ਨੇ 90ਵੇਂ ਦਹਾਕੇ ਵਿੱਚ ਆਪਣੇ ਕਰੀਅਰ ਦੀ ਅਦਾਕਾਰਾ ਵਜੋਂ ਸ਼ੁਰੂਆਤ ਕਰਨ ਦੇ ਦਿਨਾਂ ਨੂੰ ਯਾਦ ਕੀਤਾ ਕਿ ਕਿਵੇਂ ਉਦੋਂ ਲੋਕ ਨੌਜਵਾਨਾਂ ਨੂੰ ਸਿਨੇ ਜਗਤ ਨਾਲ ਜੁੜਨ ਤੋਂ ਰੋਕਦੇ ਸਨ। ਅਦਾਕਾਰਾ ਨੇ ਆਖਿਆ,‘‘ਜਦੋਂ ਮੈਂ ਮਨੋਰੰਜਨ ਜਗਤ ਵਿੱਚ ਦਾਖ਼ਲ ਹੋਈ ਤਾਂ ਮੈਂ ਵਿਆਹੀ ਹੋਈ ਸੀ ਅਤੇ ਮੇਰਾ ਦੋ ਸਾਲ ਦਾ ਬੱਚਾ ਸੀ। ਜਦੋਂ ਤੱਕ ਮੈਨੂੰ ਕਿਸੇ ਭੂਮਿਕਾ ਦੀ ਪੇਸ਼ਕਸ਼ ਨਹੀਂ ਸੀ ਹੋਈ ਉਦੋਂ ਤੱਕ ਮੈਂ ਮਨੋਰੰਜਨ ਜਗਤ ਵਿੱਚ ਦਾਖ਼ਲ ਹੋਣ ਦੀ ਕੋਈ ਕੋਸ਼ਿਸ਼ ਨਹੀਂ ਸੀ ਕੀਤੀ, ਕਿਉਂਕਿ ਮੇਰੀ ਇਸ ਸਬੰਧੀ ਕੋਈ ਯੋਜਨਾ ਨਹੀਂ ਸੀ। ਫਿਰ ਮੈਂ ਆਪਣੇ ਪਰਿਵਾਰ ਨੂੰ ਦੱਸਿਆ ਪਰ ਉਨ੍ਹਾਂ ਨੂੰ ਇਹ ਪ੍ਰਭਾਵ ਸੀ ਕਿ ਸਿਨੇ ਜਗਤ ਵਿੱਚ ਸਭ ਕੁਝ ਗ਼ਲਤ ਹੀ ਹੁੰਦਾ ਹੈ। ਇਸ ਲਈ ਪਰਿਵਾਰ ਵੱਲੋਂ ਕੋਈ ਉਤਸ਼ਾਹ ਨਹੀਂ ਦਿਖਾਇਆ ਗਿਆ। ਕਿਸੇ ਨੇ ਵੀ ਇਸ ਨੂੰ ਵੱਖਰੇ ਕਿੱਤੇ ਵਜੋਂ ਨਹੀਂ ਦੇਖਿਆ।’’ ਵੈੱਬ ਸੀਰੀਜ਼ ‘ਹੇਅ ਪ੍ਰਭੂ!2’ ਵਿੱਚ ਵਾਪਸੀ ਕਰ ਰਹੀ ਅਦਾਕਾਰਾ ਨੇ ਕਿਹਾ,‘‘ਮੈਨੂੰ ਇਹ ਕਿਹਾ ਗਿਆ ਕਿ ਤੁਸੀਂ ਜ਼ਿੰਦਗੀ ਵਿੱਚ ਸਥਾਪਿਤ ਹੋ, ਤੁਸੀਂ ਵਿਆਹੇ ਹੋਏ ਹੋ ਤੇ ਤੁਹਾਡੇ ਕੋਲ ਇਕ ਬੱਚਾ ਵੀ ਹੈ ਪਰ ਫਿਰ ਵੀ ਤੁਹਾਨੂੰ ਇਹ ਸਭ ਕੁਝ ਕਰਨ ਦੀ ਕੀ ਲੋੜ ਹੈ? ਮੈਂ ਇਮਾਨਦਾਰੀ ਨਾਲ ਕਹਿਣਾ ਚਾਹੁੰਦੀ ਹਾਂ ਕਿ ਇਸੇ ਕਾਰਨ ਮੈਂ ਸ਼ੁਰੂਆਤੀ ਦਿਨਾਂ ’ਚ ਦਬਾਅ ਹੇਠ ਸੀ।’’ ਅਦਾਕਾਰਾ ਦਾ ਮੰਨਣਾ ਹੈ ਕਿ ਹੁਣ ਸਭ ਕੁਝ ਬਦਲ ਗਿਆ ਹੈ। ਉਸ ਨੇ ਆਖਿਆ,‘‘ਹੌਲੀ-ਹੌਲੀ ਸਭ ਕੁਝ ਬਦਲ ਗਿਆ ਹੈ। ਜਦੋਂ ਮੈਂ ਕੰਮ ਸ਼ੁਰੂ ਕੀਤਾ ਤਾਂ ਮੈਨੂੰ ਅਹਿਸਾਸ ਹੋਇਆ ਕਿ ਇਹ ਅਜਿਹਾ ਨਹੀਂ ਹੈ ਜਿਵੇਂ ਦਾ ਬਾਹਰੋਂ ਲੱਗਦਾ ਹੈ। ਜੇਕਰ ਤੁਸੀਂ ਇਸੇ ਰਸਤੇ ਚੱਲਣਾ ਹੈ ਤਾਂ ਤੁਸੀਂ ਆਪਣੇ ਕੰਮ ਬਾਰੇ ਸਾਵਧਾਨ ਰਹੋ, ਕਿਉਂਕਿ ਲੋਕ ਓਹੀ ਪ੍ਰਵਾਨ ਕਰਦੇ ਹਨ ਜੋ ਤੁਸੀਂ ਹੁੰਦੇ ਹੋ। ਸਿਨੇ ਜਗਤ ਵਿੱਚ ਮੇਰੇ ਦਾਖ਼ਲੇ ਤੋਂ ਪਹਿਲਾਂ ਲੋਕ ਮੈਨੂੰ ਦੱਸਦੇ ਹੁੰਦੇ ਸਨ ਕਿ ਉਥੇ ਕੁਝ ‘ਗ਼ਲਤ’ ਹੈ ਪਰ ਕਿਉਂ ਗਲ਼ਤ ਹੈ ਇਹ ਕਦੇ ਨਹੀਂ ਦੱਸਿਆ। ਅੱਜ ਮੇਰਾ ਪੁੱਤਰ ਆਉਂਦਾ ਹੈ ਅਤੇ ਆਪਣੀ ਜ਼ਿੰਦਗੀ ਵਿੱਚ ਵਾਪਰ ਰਹੀਆਂ ਘਟਨਾਵਾਂ ਬਾਰੇ ਦੱਸਦਾ ਹੈ ਪਰ ਮੈਂ ਬਗੈਰ ਕਿਸੇ ਕੋਈ ਰਾਏ ਬਣਾਏ ਮਾਪਿਆਂ ਵਾਂਗ ਉਸ ਦੀ ਗੱਲ ਸੁਣਦੀ ਹਾਂ। ਜਿਥੇ ਬੱਚੇ ਪੜ੍ਹਦੇ ਹਨ ਉਥੇ ਅਜਿਹੀਆਂ ਘਟਨਾਵਾਂ ਵਾਪਰਨਾ ਆਮ ਵਰਤਾਰਾ ਹੈ ਪਰ ਇਹ ਸ਼ਹਿਰਾਂ ਤੇ ਛੋਟੇ ਕਸਬਿਆਂ ਵਿੱਚ ਰਹਿਣ ਵਾਲੇ ਲੋਕਾਂ ਨਾਲ ਹਮੇਸ਼ਾਂ ਨਹੀਂ ਵਾਪਰਦਾ। ਇਹ ਸਭ ਕੁਝ ਸਮਾਜਿਕ ਤਾਣੇ-ਬਾਣੇ, ਪਾਲਣ-ਪੋਸ਼ਣ ਅਤੇ ਵਿਚਾਰਧਾਰਾ ’ਤੇ ਨਿਰਭਰ ਹੈ।’’ -ਆਈਏਐੱਨਐੱਸ