ਮੁੰਬਈ: ਬੌਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ ਨੂੰ ਅਕਸਰ ਹੀ ਆਪਣੀ ਦਾਦੀ ਤੇ ਉੱਘੀ ਅਦਾਕਾਰਾ ਸ਼ਰਮੀਲਾ ਟੈਗੋਰ ਬਾਰੇ ਗੱਲਾਂ ਕਰਦੇ ਦੇਖਿਆ ਗਿਆ ਹੈ। ਹਾਲ ਹੀ ਵਿੱਚ ਸਾਰਾ ਨੇ ਆਖਿਆ ਕਿ ਜੇਕਰ ਉਸ ਦੀ ਦਾਦੀ ਬਾਰੇ ਫ਼ਿਲਮ ਬਣਦੀ ਹੈ ਤਾਂ ਉਹ ਪਰਦੇ ’ਤੇ ਉਸ ਦਾ ਕਿਰਦਾਰ ਨਿਭਾਏਗੀ। ਇਹ ਗੱਲ ਅਦਾਕਾਰਾ ਨੇ ਇੱਕ ਪ੍ਰਸ਼ੰਸਕ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਕਹੀ। ਸਾਰਾ ਨੇ ਕਿਹਾ,‘‘ਖੂਬਸੂਰਤੀ ’ਚ ਮੇਰਾ ਉਨ੍ਹਾਂ ਨਾਲ ਕੋਈ ਮੁਕਾਬਲਾ ਨਹੀਂ ਹੈ। ਉਹ ਬਹੁਤ ਸੁੰਦਰ ਹਨ ਪਰ ਮੈਂ ਨਹੀਂ ਮੰਨਦੀ ਕਿ ਮੈਂ ਹਸੀਨ ਹਾਂ।’’ ਜਾਣਕਾਰੀ ਅਨੁਸਾਰ ਸ਼ਰਮੀਲਾ ਟੈਗੋਰ ਨੂੰ ਸਾਲ 1964 ’ਚ ਆਈ ਹਿੱਟ ਫ਼ਿਲਮ ‘ਕਸ਼ਮੀਰ ਕੀ ਕਲੀ’ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਦੀ ਰਾਜੇਸ਼ ਖੰਨਾ ਨਾਲ ਫ਼ਿਲਮ ‘ਅਰਾਧਨਾ’, ‘ਸਫਰ’ ਅਤੇ ਅਮਰ ਪ੍ਰੇਮ’ ਵਿੱਚ ਪਰਦੇ ’ਤੇ ਜੁਗਲਬੰਦੀ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਸੀ। ਸਾਰਾ ਨੇ ਇੱਕ ‘ਲਾਈਵ ਸ਼ੋਅ’ ਦੌਰਾਨ ਆਖਿਆ ਕਿ ਉਹ ਆਪਣੀ ਦਾਦੀ ਨਾਲ ਉਨ੍ਹਾਂ ਦੇ ਕੰਮ ਅਤੇ ਫ਼ਿਲਮਾਂ ਬਾਰੇ ਬਹੁਤੀਆਂ ਗੱਲਾਂ ਨਹੀਂ ਕਰਦੀ। ਅਦਾਕਾਰਾ ਨੇ ਆਖਿਆ,‘‘ਮੈਂ ਦਾਦੀ ਅੰਮਾ ਨਾਲ ਬਹੁਤ ਗੱਲਾਂ ਕਰਦੀ ਹਾਂ ਪਰ ਮੇਰਾ ਮੰਨਣਾ ਹੈ ਕਿ ਮੈਂ ਕਦੇ ਵੀ ਉਨ੍ਹਾਂ ਨਾਲ ਉਨ੍ਹਾਂ ਦੇ ਕਰੀਅਰ ਬਾਰੇ ਬਹੁਤੀ ਗੱਲਬਾਤ ਨਹੀਂ ਕੀਤੀ। ਹੋਰ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਹਨ। ਉਹ ਬਹੁਤ ਪੜ੍ਹਦੇ ਹਨ ਤੇ ਉਨ੍ਹਾਂ ਨੂੰ ਚਲੰਤ ਮਾਮਲਿਆਂ ’ਚ ਬਹੁਤ ਦਿਲਚਸਪੀ ਹੈ। ਹੋਰ ਤਾਂ ਹੋਰ ਉਨ੍ਹਾਂ ਕੋਲ ਆਮ ਗਿਆਨ ਵੀ ਭਰਪੂਰ ਹੈ।’’ ਜਾਣਕਾਰੀ ਅਨੁਸਾਰ ਸਾਰਾ ਲਕਸ਼ਮਨ ਉਤੇਕਰ ਦੀ ਫ਼ਿਲਮ ਵਿੱਚ ਵਿੱਕੀ ਕੌਸ਼ਲ ਨਾਲ ਨਜ਼ਰ ਆਵੇਗੀ। ਉਹ ਦੀ ਵਿਕਰਾਂਤ ਮੈਸੀ ਨਾਲ ਫ਼ਿਲਮ ‘ਗੈਸਲਾਈਟ’ ਵਿੱਚ ਵੀ ਕੰਮ ਕਰ ਰਹੀ ਹੈ। -ਆਈਏਐੱਨਐੱਸ