ਮੁੰਬਈ: ਬੌਲੀਵੁੱਡ ਅਦਾਕਾਰ ਆਯੂਸ਼ਮਾਨ ਖੁਰਾਨਾ ਅਸਾਮ ਦੇ ਕਾਜ਼ੀਰੰਗਾ ਮਗਰੋਂ ਹੁਣ ਫਿਲਮ ‘ਅਨੇਕ’ ਦੀ ਸ਼ੂਟਿੰਗ ਦੇ ਸਿਲਸਿਲੇ ’ਚ ਮੇਘਾਲਿਆ ਦੇ ਸ਼ਿਲੌਂਗ ਵਿੱਚ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਉਹ ਖੁਸ਼ਕਿਸਮਤ ਹੈ ਕਿ ਇਕ ਅਦਾਕਾਰ ਹੋਣ ਦੇ ਨਾਤੇ ਉਸ ਨੇ ਕਈ ਥਾਵਾਂ ਘੁੰਮੀਆਂ ਤੇ ਨਵੀਆਂ ਯਾਦਾਂ ਇਕੱਠੀਆਂ ਕੀਤੀਆਂ। ਆਯੂਸ਼ਮਾਨ ਨੇ ਕਿਹਾ, ‘‘ਮੈਨੂੰ ਫਿਲਮ ‘ਅਨੇਕ’ ਨੇ ਭਾਰਤ ਨੂੰ ਤੁਰ-ਫਿਰ ਕੇ ਦੇਖਣ ਦਾ ਮੌਕਾ ਦਿੱਤਾ। ਅਸਾਮ ਤੋਂ ਬਾਅਦ ਮੈਂ ਹੁਣ ਸ਼ਿਲੌਂਗ ਵਿੱਚ ਹਾਂ। ਮੈਂ ਇਤਫਾਕ ਨਾਲ ਇੱਥੇ ਹਾਂ, ਪਰ ਮੈਂ ਪਹਿਲਾਂ ਕਦੇ ਨਹੀਂ ਆਇਆ। ਇਹ ਉਸ ਤਰ੍ਹਾਂ ਹੋਇਆ, ਜਿਸ ਤਰ੍ਹਾਂ ਮੈਂ ਚਾਹੁੰਦਾ ਸੀ। ਮੈਂ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਇਕ ਫਿਲਮ ਦੀ ਸ਼ੂਟਿੰਗ ਇਕ ਸ਼ਾਨਦਾਰ ਥਾਂ ’ਤੇ ਕਰ ਰਿਹਾ ਹਾਂ।’’ ਉਸ ਨੇ ਕਿਹਾ ਕਿ ਸ਼ਿਲੌਂਗ ਦੀ ਸੁੰਦਰਤਾ ਦਾ ਕਿਸੇ ਨਾਲ ਮੇਲ ਨਹੀਂ ਤੇ ਅਸਲ ’ਚ ਇਹ ਸਾਡੇ ਮੁਲਕ ਦਾ ਛੁਪਿਆ ਹੋਇਆ ਇਕ ਰਤਨ ਹੈ। ਸਾਰਿਆਂ ਨੂੰ ਇਥੇ ਆ ਕੇ ਇਸ ਦਾ ਖੂਬਸੂਰਤ ਨਜ਼ਾਰਾ ਦੇਖਣਾ ਚਾਹੀਦਾ ਹੈ। ਉਸ ਨੇ ਕਿਹਾ ਉਹ ਕਿਸਮਤ ਵਾਲਾ ਹੈ ਕਿ ਫਿਲਮ ‘ਅਨੇਕ’ ਉਸ ਨੂੰ ਇਸ ਜਗ੍ਹਾ ’ਤੇ ਲੈ ਕੇ ਆਈ, ਜਿਸ ਨੂੰ ਉਹ ਕਦੇ ਨਹੀਂ ਭੁੱਲੇਗਾ। -ਆਈਏਐੱਨਐੱਸ