ਮਨਦੀਪ ਸਿੰਘ ਸਿੱਧੂ
ਸ਼ਾਂਤੀ ਉਰਫ਼ ਸ਼ਾਂਤੀ ਮਧੋਕ ਦੀ ਪੈਦਾਇਸ਼ 15 ਜਨਵਰੀ 1931 ਨੂੰ ਗੁੱਜਰਾਂਵਾਲਾ ਦੇ ਪੰਜਾਬੀ ਪੰਡਤ ਪਰਿਵਾਰ ਵਿੱਚ ਹੋਈ। ਮੁੱਢਲਾ ਵੇਲਾ ਉਸ ਨੇ ਰਿਆਸਤ ਜੰੰਮੂ ਵਿੱਚ ਲੰਘਾਇਆ ਤੇ ਇਬਤਿਦਾਈ ਤਾਲੀਮ ਵੀ ਉੱਥੋਂ ਹੀ ਹਾਸਲ ਕੀਤੀ। ਫਿਰ ਉਹ ਲਾਹੌਰ ਆ ਗਈ, ਜਿੱਥੋਂ ਉਸ ਨੇ ਦਸਵੀਂ ਤੱਕ ਤਾਲੀਮ ਪ੍ਰਾਪਤ ਕੀਤੀ। ਬਾਲ ਉਮਰੇ ਹੀ ਉਸ ਨੂੰ ਫਿਲਮਾਂ ਨਾਲ ਉਲਫ਼ਤ ਹੋ ਗਈ। 9 ਸਾਲਾਂ ਦੀ ਉਮਰ ਵਿੱਚ ਉਹ ਰਾਤਾਂ ਨੂੰ ਤਾਰਿਆਂ ਦੀ ਲੋਅ ਵਿੱਚ ਫਿਲਮਾਂ ਬਾਰੇ ਸੋਚਦੀ ਰਹਿੰਦੀ ਸੀ। ਉਹ ਅੰਗਰੇਜ਼ੀ ਫਿਲਮਾਂ ਵੇਖਣ ਦੀ ਸ਼ੌਕੀਨ ਤੇ ਨਾਚ ਕਲਾ ਦੀ ਬੜੀ ਦੀਵਾਨੀ ਸੀ।
ਸਤੰਬਰ 1944 ਵਿੱਚ ਫਿਲਮਸਾਜ਼ ਦਲਸੁਖ ਐੱਮ. ਪੰਚੋਲੀ ਨੇ ਆਪਣੇ ਜ਼ਾਤੀ ਅਦਾਰੇ ਪੰਚੋਲੀ ਆਰਟ ਪਿਕਚਰਜ਼, ਲਾਹੌਰ ਦੇ ਬੈਨਰ ਹੇਠ ਰੂਮਾਨੀ ਤਾਰੀਖ਼ੀ ਫ਼ਿਲਮ ‘ਸ਼ੀਰੀਂ ਫ਼ਰਹਾਦ’ (1945) ਸ਼ੁਰੂ ਕੀਤੀ। ਹਿਦਾਇਤਕਾਰੀ ਦੇ ਫ਼ਰਜ਼ ਮਾਰੂਫ਼ ਫੋਟੋਗ੍ਰਾਫਰ ਪ੍ਰਹਿਲਾਦ ਦੱਤ (ਸਹਾਇਕ ਨਾਜ਼ਿਮ ਪਾਣੀਪਤੀ ਤੇ ਕ੍ਰਿਸ਼ਨ ਚੰਦਰ) ਨੇ ਅਦਾ ਕੀਤੇ। ਫਿਲਮ ਦੇ ਮਰਕਜ਼ੀ ਕਿਰਦਾਰ ਵਿੱਚ ਰਾਗਿਨੀ (ਸ਼ੀਰੀਂ) ਤੇ ਜੇਯੰਤ (ਫ਼ਰਹਾਦ) ਮੌਜੂਦ ਸਨ। ਫਿਲਮ ਦੇ ਮੁਸੱਨਫ਼ ਤੇ ਨਗ਼ਮਾਨਿਗਾਰ ਪੰਡਤ ਦੀਨਾ ਨਾਥ ਮਧੋਕ ਨੇ ਆਪਣੇ ਸ਼ਹਿਰ ਗੁੱਜਰਾਂਵਾਲਾ ਦੀ 14 ਸਾਲਾ ਕੁੜੀ ਸ਼ਾਂਤੀ ਮਧੋਕ ਨੂੰ ਨਵੇਂ ਚਿਹਰੇ ਵਜੋਂ ਮੁਤਆਰਿਫ਼ ਕਰਵਾਇਆ। ਸ਼ਾਂਤੀ ਨੇ ਫਿਲਮ ਵਿੱਚ ਛੋਟਾ ਜਿਹਾ ਕਿਰਦਾਰ ਤਾਂ ਜ਼ਰੂਰ ਨਿਭਾਇਆ, ਪਰ ਉਹ ਇਸ ਸਿਲਸਿਲੇ ਨੂੰ ਕਾਇਮ ਨਾ ਰੱਖ ਸਕੀ। ਇਸ ਤੋਂ ਬਾਅਦ ਉਹ ਐੱਫ. ਡੀ. ਐੱਸ. ਵਿੱਚ ਭਰਤੀ ਹੋ ਕੇ ਡਾਂਸਿੰਗ ਪਾਰਟੀ ਨਾਲ ਭਾਰਤ ਦੇ ਦੌਰੇ ਉੱਤੇ ਨਿਕਲ ਗਈ।
ਜਦੋਂ ਉਸ ਦਾ ਨਾਚ ਕਲਾ ਤੋਂ ਦਿਲ ਭਰ ਗਿਆ ਤਾਂ ਲਾਹੌਰ ਛੱਡ ਕੇ ਬੰਬਈ ਵਿੱਚ ਪੱਕੀ ਰਿਹਾਇਸ਼ ਕਰ ਲਈ ਕਿਉਂਕਿ ਉਸ ਵੇਲੇ ਬੰਬਈ ਫਿਲਮਾਂ ਦਾ ਸਭ ਤੋਂ ਵੱਡਾ ਮਰਕਜ਼ ਸੀ। ਲਿਹਾਜ਼ਾ ਫਿਲਮਾਂ ਨਾਲ ਦਿਲਚਸਪੀ ਦੇ ਚੱਲਦਿਆਂ ਉਹ ਦੁਬਾਰਾ ਫਿਲਮਾਂ ਨਾਲ ਆ ਜੁੜੀ। ਫਿਲਮਾਂ ਵਿੱਚ ਸ਼ਾਂਤੀ ਮਧੋਕ ਸਾਥੀ ਅਦਾਕਾਰਾ, ਰੱਕਾਸਾ (ਡਾਂਸਰ) ਅਦਾਕਾਰਾ ਦੀ ਹੈਸੀਅਤ ਨਾਲ ਕੰਮ ਕਰਦੀ ਰਹੀ।
ਜਦੋਂ ਗੁਜਰਾਂਵਾਲਾ ਦੇ ਜੈਮਿਨੀ ਦੀਵਾਨ (ਭਰਾ ਕਰਨ ਦੀਵਾਨ) ਨੇ ਆਪਣੇ ਫਿਲਮਸਾਜ਼ ਅਦਾਰੇ ਜਮੁਨਾ ਪ੍ਰੋਡਕਸ਼ਨਜ਼, ਬੰਬੇ ਦੇ ਬੈਨਰ ਹੇਠ ਦਵਾਰਕਾ ਖੋਸਲਾ ਦੀ ਹਿਦਾਇਤਕਾਰੀ ਵਿੱਚ ਫਿਲਮ ‘ਗਾਓਂ’ (1947) ਬਣਾਈ ਤਾਂ ਮਿਸ ਸ਼ਾਂਤੀ ਨੂੰ ਸਾਥੀ ਅਦਾਕਾਰਾ ਵਜੋਂ ਪੇਸ਼ ਕੀਤਾ। ਫਿਲਮ ਦੇ ਮਰਕਜ਼ੀ ਕਿਰਦਾਰ ਵਿੱਚ ਅਦਾਕਾਰਾ ਇੰਦੂ ਤੇ ਕਰਨ ਦੀਵਾਨ ਆਪਣੇ ਫ਼ਨ ਦੀ ਨੁਮਾਇਸ਼ ਕਰ ਰਹੇ ਸਨ।
1946 ਵਿੱਚ ਫਿਲਮਸਾਜ਼ ਐੱਮ. ਐੱਲ. ਗੁਪਤਾ ਨੇ ਅਪਰ ਇੰਡੀਆ ਸਟੂਡੀਓਜ਼ ਵਿੱਚ ਫਿਲਮਸਾਜ਼ ਅਦਾਰੇ ਨੈਸ਼ਨਲ ਫਿਲਮ ਪ੍ਰੋਡਿਊਸਰਜ਼, ਲਾਹੌਰ ਹੇਠ ਕੈਲਾਸ਼ ਭੰਡਾਰੀ ਦੀ ਹਿਦਾਇਤਕਾਰੀ ਵਿੱਚ ਹਿੰਦੀ ਫਿਲਮ ‘ਬਿਰਹਨ’ (1948) ਸ਼ੁਰੂ ਕੀਤੀ। ਫਿਲਮ ਵਿੱਚ ਅਦਾਕਾਰਾ ਰੂਪਾ ਨੇ ‘ਕਿਰਨ’ ਦਾ, ਪ੍ਰਾਣ ਨੇ ‘ਮੁਣਸ਼ੀ’ ਦਾ, ਬੇਗ਼ਮ ਪਰਵੀਨ ਨੇ ‘ਨਿਰਮਲਾ’ ਦਾ ਜਦੋਂਕਿ ਸਹਾਇਕ ਅਦਾਕਾਰਾ ਵਜੋਂ ਸ਼ਾਂਤੀ ਮਧੋਕ ਮੌਜੂਦ ਸੀ। ਕਹਾਣੀ ਬੇਕਲ ‘ਅੰਮ੍ਰਿਤਸਰੀ’, ਗੀਤ ਸਰਸ਼ਾਰ ਸੇਲਾਨੀ ਤੇ ਬੇਕਲ ‘ਅੰਮ੍ਰਿਤਸਰੀ’, ਮੁਕਾਲਮੇ ਆਜ਼ਮ ਮਿਰਜ਼ਾ, ਮੰਜ਼ਰਨਾਮਾ ਵਿਜੈ ਮਹਾਤਰੇ ਅਤੇ ਸੰਗੀਤਕਾਰ ਲੱਛੀ ਰਾਮ ਸਨ। 1947 ਵਿੱਚ ਪੰਜਾਬ ’ਚ ਸ਼ੁਰੂ ਹੋਏ ਫ਼ਿਰਕੂ-ਫਸਾਦ ਤੋਂ ਪਰੇਸ਼ਾਨ ਹੋਇਆ ਗੁਪਤਾ ਇਸ ਦਾ ਮੁਕੰਮਲ ਨੈਗੇਟਿਵ ਲੈ ਕੇ ਬੰਬਈ ਟੁਰ ਗਿਆ। ਬੰਬਈ ਵਿੱਚ ਇਸ ਫਿਲਮ ਦੇ ਪ੍ਰਿੰਟ ਕਢਵਾਏ ਗਏ। ਇਸ ਤਰ੍ਹਾਂ ਇਹ ਫਿਲਮ 25 ਅਪਰੈਲ 1947 ਨੂੰ ਕਰਾਚੀ ਵਿੱਚ ਨੁਮਾਇਸ਼ ਲਈ ਪੇਸ਼ ਕਰ ਦਿੱਤੀ ਗਈ। ਇਸ ਤਰ੍ਹਾਂ ਦੁਬਾਰਾ ਫਿਲਮ ‘ਬਿਰਹਨ’ 1948 ਵਿੱਚ ਬੰਬੇ ਰਿਲੀਜ਼ ਕੀਤੀ ਗਈ। ਵਿਕਟਰੀ ਪਿਕਚਰਜ਼, ਬੰਬੇ ਦੀ ਮੁਹੰਮਦ ਹੁਸੈਨ ਨਿਰਦੇਸ਼ਿਤ ਸਟੰਟ ਫਿਲਮ ‘ਦਿ ਡੇਰਿੰਗ ਡਿਟੈੱਕਟਿਵ’ (1948) ਅਦਾਕਾਰ ਅਰਵਿੰਦ ਕੁਮਾਰ, ਮੇਹਰੂਨਿਸਾ, ਹਬੀਬ ਆਦਿ ਨਾਲ ਸਾਥੀ ਅਦਾਕਾਰਾ ਵਜੋਂ ਕੰਮ ਕਰ ਰਹੀ ਸੀ।
ਡੀ. ਡੀ. ਕਸ਼ਯਪ ਦੇ ਫਿਲਮਸਾਜ਼ ਅਦਾਰੇ ਫੇਮਸ ਪਿਕਚਰਜ਼, ਬੰਬੇ ਦੀ ਡੀ. ਡੀ. ਕਸ਼ਯਪ ਨਿਰਦੇਸ਼ਿਤ ਫਿਲਮ ‘ਬੜੀ ਬਹਿਨ’ (1949) ਵਿੱਚ ਸ਼ਾਂਤੀ ਨੇ ਨਾਚ ਅਦਾਕਾਰਾ ਦਾ ਸੋਹਣਾ ਪਾਰਟ ਅਦਾ ਕੀਤਾ। ਪੰਡਤ ਹੁਸਨਲਾਲ-ਭਗਤਰਾਮ ਦੇ ਸੰਗੀਤ ਵਿੱਚ ਰਜਿੰਦਰ ਕ੍ਰਿਸ਼ਨ (ਜਲਾਲਾਪੁਰ ਜੱਟਾਂ) ਦੇ ਲਿਖੇ ਤੇ ਸ਼ਾਂਤੀ ਮਧੋਕ ’ਤੇ ਫਿਲਮਾਏ ‘ਚੁੱਪ-ਚੁੱਪ ਖੜ੍ਹੇ ਹੋ ਜ਼ਰੂਰ ਕੋਈ ਬਾਤ ਹੈ ਪਹਿਲੀ ਮੁਲਕਾਤ ਹੈ ਯੇ ਪਹਿਲੀ ਮੁਲਾਕਾਤ ਹੈ’ (ਪ੍ਰੇਮ ਲਤਾ, ਲਤਾ ਮੰਗੇਸ਼ਕਰ) ਤੇ ਦੂਸਰਾ ‘ਜੋ ਦਿਲ ਮੇਂ ਖ਼ੁਸ਼ੀ ਬਨ ਕਰ ਆਏ ਵੋਹ ਦਰਦ ਬਸਾ ਕਰ ਚਲੇ ਗਏ’ (ਲਤਾ ਮੰਗੇਸ਼ਕਰ) ਗੀਤਾਂ ਨੇ ਹੱਦ ਦਰਜਾ ਮਕਬੂਲੀਅਤ ਹਾਸਲ ਕੀਤੀ। ਸ਼ਾਂਤੀ ਨੂੰ ‘ਬੜੀ ਬਹਿਨ’ ਦੀ ਸਿਲਵਰ ਜੁਬਲੀ ਉੱਤੇ ਚਾਂਦੀ ਦੇ ਮੈਡਲ ਨਾਲ ਸਰਫ਼ਰਾਜ਼ ਕੀਤਾ ਗਿਆ।
ਇਸ ਤੋਂ ਇਲਾਵਾ ਸ਼ਾਂਤੀ ਮਧੋਕ ਨੇ ਭਵਨਾਨੀ ਪ੍ਰੋਡਕਸ਼ਨਜ਼, ਬੰਬੇ ਦੀ ‘ਅਜੀਤ’ ਉਰਫ਼ ‘ਰੰਗੀਨ ਜ਼ਮਾਨਾ’ (1948), ਸੁਰੇਸ਼ ਪਿਕਚਰਜ਼, ਬੰਬੇ ਦੀ ਵਿਜੈ ਮੋਹਨ ਗੁਪਤਾ ਨਿਰਦੇਸ਼ਿਤ ‘ਜੀਵਨ ਜਿਓਤੀ’ (1949), ਪ੍ਰਤਿਮਾਦਾਸ ਗੁਪਤਾ ਦੇ ਫ਼ਿਲਮਸਾਜ਼ ਅਦਾਰੇ ਪ੍ਰਤਿਮਾ ਪ੍ਰੋਡਕਸ਼ਨਸ, ਬੰਬੇ ਦੀ ਪ੍ਰਤਿਮਾਦਾਸ ਗੁਪਤਾ ਨਿਰਦੇਸ਼ਿਤ ਫਿਲਮ ‘ਝਰਨਾ’ (1948), ਓਰੀਐਂਟਲ ਸਾਊਂਡ ਸਟੂਡੀਓਜ਼, ਬੰਬੇ ਦੀ ਮੁਰਤਜ਼ਾ ਚੰਗੇਜ਼ੀ ਨਿਰਦੇਸ਼ਿਤ ਫਿਲਮ ‘ਜੰਨਤ’ ਉਰਫ਼ ‘ਗੁਲਸ਼ਨ’ ਉਰਫ਼ ‘ਚਿਲਮਨ’ (1949), ਮੈਰੀਨਾ ਪਿਕਚਰਜ਼, ਬੰਬੇ ਦੀ ਸੀ. ਐੱਮ. ਆਮਲਾ ਨਿਰਦੇਸ਼ਿਤ ਫਿਲਮ ‘ਬਾਨੂ’ (1949), ਨਿਗਾਰਸਤਾਨ ਫਿਲਮਜ਼, ਬੰਬੇ ਦੀ ਰਾਮ ਨਾਰਾਯਣ ਦਵੇ ਨਿਰਦੇਸ਼ਿਤ ਫਿਲਮ ‘ਬਾਂਸਰੀਆ’ (1949), ਰੂਪ ਮੰਦਿਰ, ਬੰਬੇ ਦੀ ਜਸਵੰਤ ਝਾਵੇਰੀ ਨਿਰਦੇਸ਼ਿਤ ਮਜ਼ਾਹੀਆ ਫਿਲਮ ‘ਭੋਲੇ ਪੀਆ’ (1949), ਫੇਮਸ ਪਿਕਚਰਜ਼ ਲਿਮਟਿਡ, ਬੰਬੇ ਦੀ ਓ. ਪੀ. ਦੱਤਾ ਨਿਰਦੇਸ਼ਿਤ ਫਿਲਮ ‘ਹਮਾਰੀ ਮੰਜ਼ਿਲ’ (1949), ਐੱਮ. ਐਂਡ ਟੀ. ਫ਼ਿਲਮਜ਼, ਬੰਬੇ ਦੀ ਹੀਰਾ ਸਿੰਘ ਨਿਰਦੇਸ਼ਿਤ ਫਿਲਮ ‘ਨਮੂਨਾ’ (1949), ਦਿਲਜੀਤ ਚਿੱਤਰ, ਬੰਬੇ ਦੀ ਰਮਨ ਬੀ. ਦੇਸਾਈ ਨਿਰਦੇਸ਼ਿਤ ਪੁਰਾਣਿਕ ਫਿਲਮ ‘ਨਾਰਦ ਮੁਨੀ’ (1949), ਸੈਂਟਰਲ ਇੰਡੀਆ ਪਿਕਚਰਜ਼, ਬੰਬੇ ਦੀ ਏ. ਐੱਲ. ਰਾਮੇਸ਼ ਨਿਰਦੇਸ਼ਿਤ ਫਿਲਮ ‘ਸਰੋਜਿਨੀ’ (1949), ਰਣਜੀਤ ਮੂਵੀਟੋਨ, ਬੰਬੇ ਦੀ ਪ੍ਰਹਲਾਦ ਦੱਤ ਨਿਰਦੇਸ਼ਿਤ ਫਿਲਮ ‘ਨਜ਼ਾਰੇ’ (1949), ਕੇ. ਪਿਕਚਰਜ਼, ਬੰਬੇ ਦੀ ਏ. ਜੀ. ਸੂਰਮਾ ਨਿਰਦੇਸ਼ਿਤ ਫਿਲਮ ‘ਪਰਦਾ’ (1949), ਇੰਡੀਅਨ ਪਿਕਚਰਜ਼, ਬੰਬੇ ਦੀ ਸਟੀਵਨ ਨਿਰਦੇਸ਼ਿਤ ਸਟੰਟ ਫਿਲਮ ‘ਚਾਕਲੇਟ’ (1950), ਸਿੰਘ ਆਰਟਸ, ਬੰਬੇ ਦੀ ਏ. ਪੀ. ਕਪੂਰ ਨਿਰਦੇਸ਼ਿਤ ਫਿਲਮ ‘ਚੋਰ’ (1950), ਨਿਊ ਲਾਈਟ ਫਿਲਮਜ਼, ਬੰਬੇ ਦੀ ਸਗੀਰ ਉਸਮਾਨੀ ਨਿਰਦੇਸ਼ਿਤ ਫਿਲਮ ‘ਮਾਂਗ’ (1950), ਏ. ਐਂਡ ਟੀ. ਫ਼ਿਲਮਜ਼, ਬੰਬੇ ਦੀ ਦਬਿੰਦਰ ਮੁਖਰਜੀ ਨਿਰਦੇਸ਼ਿਤ ਫਿਲਮ ‘ਨਿਰਾਲਾ’ (1950), ਅਜੀਤ ਪਿਕਚਰਜ਼, ਬੰਬੇ ਦੀ ਰੱਤੀਭਾਈ ਪੁਨਾਤਰ ਨਿਰਦੇਸ਼ਿਤ ਫਿਲਮ ‘ਮਨ ਕਾ ਮੀਤ’ (1950), ਰਾਮ ਗਾਂਗੁਲੀ ਪ੍ਰੋਡਕਸ਼ਨਜ਼, ਬੰਬੇ ਦੀ ਚੰਦਰ ਸ਼ੇਖਰ ਨਿਰਦੇਸ਼ਿਤ ਫਿਲਮ ‘ਦੀਪਕ’ (1951), ਜਵੇਲ ਪਿਕਚਰਜ਼, ਬੰਬੇ ਦੀ ਨੋਸ਼ੀਰ ਇੰਜੀਨੀਅਰ ਨਿਰਦੇਸ਼ਿਤ ਫਿਲਮ ‘ਸ਼ਮਸ਼ੀਰਬਾਜ਼’ (1953), ਐੱਮ. ਪੀ. ਫ਼ਿਲਮਜ਼, ਬੰਬੇ ਦੀ ਨਾਨੂੰਭਾਈ ਵਕੀਲ ਨਿਰਦੇਸ਼ਿਤ ਫਿਲਮ ‘ਗੁਲ ਬਹਾਰ’ (1954), ਜਵੇਲ ਪਿਕਚਰਜ਼ ਦੀ ਹੀ ਨੋਸ਼ੀਰ ਨਿਰਦੇਸ਼ਿਤ ਸਟੰਟ ਫਿਲਮ ‘ਕਾਰਨੀਵਾਲ ਕਵੀਨ’ (1955), ਬਹਾਰੀਸਤਾਨ ਪ੍ਰੋਡਕਸ਼ਨਜ਼, ਬੰਬੇ ਦੀ ਨਾਨੂਭਾਈ ਵਕੀਲ ਨਿਰਦੇਸ਼ਿਤ ਫਿਲਮ ‘ਸ਼ਾਹ ਬਹਰਾਮ’ (1955), ਪੀਪੁਲ ਪਿਕਚਰਜ਼, ਬੰਬੇ ਦੀ ਬੀ. ਜੇ. ਪਟੇਲ ਨਿਰਦੇਸ਼ਿਤ ਐਕਸ਼ਨ ਫਿਲਮ ‘ਸਿਲਵਰ ਕਿੰਗ’ (1957) ਆਦਿ ਫਿਲਮਾਂ ਵਿੱਚ ਸਾਥੀ ਅਦਾਕਾਰਾ, ਨਾਚ ਅਦਾਕਾਰਾ ਵਜੋਂ ਆਪਣੇ ਫ਼ਨ ਦੀ ਬਿਹਤਰੀਨ ਨੁਮਾਇਸ਼ ਕੀਤੀ। ਇਨ੍ਹਾਂ ਫਿਲਮਾਂ ’ਚੋਂ ਕੁਝ ਕੁ ਫਿਲਮਾਂ ’ਚ ਉਸ ’ਤੇ ਫਿਲਮਾਏ ਗੀਤ ਵੀ ਬੜੇ ਹਿੱਟ ਹੋਏ ਸਨ ਜੋ ਅੱਜ ਵੀ ਸੰਗੀਤ ਮੱਦਾਹਾਂ ਦੀ ਪਹਿਲੀ ਪਸੰਦ ਹਨ।
ਹਿੰਦੀ ਤੋਂ ਇਲਾਵਾ ਸ਼ਾਂਤੀ ਮਧੋਕ ਨੇ ਪੰਜਾਬੀ ਫਿਲਮਾਂ ਵਿੱਚ ਵੀ ਅਦਾਕਾਰੀ ਕੀਤੀ। ਜਦੋਂ ਆਰ. ਐੱਲ. ਭਾਖੜੀ ਤੇ ਕੁਲਦੀਪ ਸਹਿਗਲ ਨੇ ਆਪਣੇ ਫਿਲਮਸਾਜ਼ ਅਦਾਰੇ ਕੁਲਦੀਪ ਪਿਕਚਰਜ਼ ਲਿਮਟਿਡ, ਬੰਬੇ ਦੇ ਬੈਨਰ ਹੇਠ ਰਾਜਿੰਦਰ ਸ਼ਰਮਾ (ਸਹਾਇਕ ਕੈਲਾਸ਼ ਭੰਡਾਰੀ ਤੇ ਐੱਮ. ਸਾਦਿਕ) ਦੀ ਹਿਦਾਇਤਕਾਰੀ ਵਿੱਚ ਪੰਜਾਬੀ ਫਿਲਮ ‘ਲੱਛੀ’ (1949) ਬਣਾਈ ਤਾਂ ਸ਼ਾਂਤੀ ਮਧੋਕ ਨੂੰ ਵੀ ਸਾਥੀ ਅਦਾਕਾਰਾ ਦਾ ਅਹਿਮ ਕਿਰਦਾਰ ਮਿਲਿਆ। ਟਾਈਟਲ ਰੋਲ ਲਾਹੌਰ ਦੀ ਪੰਜਾਬਣ ਮੁਟਿਆਰ ਮਨੋਰਮਾ ਅਦਾ ਕਰ ਰਹੀ ਸੀ, ਜਿਸ ਦੇ ਹਮਰਾਹ ਵਾਸਤੀ ਮੌਜੂਦ ਸੀ। ਮੰਜ਼ਰਨਾਮਾ ਤੇ ਮੁਕਾਲਮੇ ਮੁਲਕਰਾਜ ਭਾਖੜੀ, ਗੀਤ ਵਰਮਾ ਮਲਿਕ, ਐੱਮ. ਆਰ. ਭਾਖੜੀ ਤੇ ਨਾਜ਼ਿਮ ਪਾਣੀਪਤੀ ਤੇ ਮੌਸੀਕੀ ਹੰਸ ਰਾਜ ਬਹਿਲ ਨੇ ਮੁਰੱਤਬਿ ਕੀਤੀ। 158 ਮਿੰਟ ਦੀ ਇਹ ਫਿਲਮ 5 ਅਪਰੈਲ 1949 ਨੂੰ ਸੈਂਸਰ ਤੇ 8 ਅਪਰੈਲ 1949 ਨੂੰ ਮੋਗੇ ਦੇ ਰੀਗਲ ਸਿਨਮਾ ’ਚ ਨੁਮਾਇਸ਼ ਹੋਈ। ਮੁਲਕਰਾਜ ਭਾਖੜੀ ਦੇ ਫਿਲਮਸਾਜ਼ ਅਦਾਰੇ ਨਿਗਾਰਸਤਾਨ (ਇੰਡੀਆ) ਫਿਲਮਜ਼, ਬੰਬੇ ਦੀ ਸ਼ੰਕਰ ਮਹਿਤਾ ਨਿਰਦੇਸ਼ਿਤ ਮਜ਼ਾਹੀਆ ਫਿਲਮ ‘ਛਈ’ (1950) ’ਚ ਸ਼ਾਂਤੀ ਮਧੋਕ ਨੇ ਸਾਥੀ ਅਦਾਕਾਰਾ ਵਜੋਂ ‘ਗੁਲਾਬੋ’ ਦਾ ਸੋਹਣਾ ਪਾਰਟ ਅਦਾ ਕੀਤਾ, ਜਿਸ ਦੇ ਰੂਬਰੂ ਖ਼ਰੈਤੀ ਭੈਂਗਾ ਨੇ ‘ਪਸ਼ੌਰੀ ਮੱਲ’ ਦਾ ਪਾਰਟ ਅਦਾ ਕੀਤਾ। ਹੰਸ ਰਾਜ ਬਹਿਲ ਦੇ ਸੰਗੀਤ ਵਿੱਚ ਵਰਮਾ ਮਲਿਕ ਦੇ ਲਿਖੇ ‘ਅਜੀ ਓਹ ਮੁੰਡਾ ਮੋਹ ਲਿਆ ਤਵੀਤਾਂ ਵਾਲਾ ਨੀਂ ਦੱਮੜੀ ਦਾ ਸੱਕ ਮਲ ਕੇ’ (ਮੁਹੰਮਦ ਰਫ਼ੀ) ਤੇ ਇੱਕ ਕੱਵਾਲੀ ਗੀਤ ‘ਮੈਨੂੰ ਮਾਹੀ ਨਾਲ ਹੋ ਗਿਆ ਪਿਆਰ ਹੌਲੀ ਹੌਲੀ’ (ਸ਼ਮਸ਼ਾਦ ਬੇਗ਼ਮ, ਐੱਸ. ਡੀ. ਬਾਤਿਸ਼) ਗੀਤ ਸ਼ਾਂਤੀ ਮਧੋਕ ਤੇ ਸਾਥੀ ਅਦਾਕਾਰਾਂ ’ਤੇ ਫਿਲਮਾਏ ਗਏ ਸਨ। 20 ਜੂਨ 1950 ਨੂੰ ਸੈਂਸਰ ਹੋਈ 121 ਮਿੰਟ ਦੀ ਇਹ ਫਿਲਮ 30 ਜੂਨ 1950 ਨੂੰ ਅੰਮ੍ਰਿਤ ਟਾਕੀਜ਼, ਅੰਮ੍ਰਿਤਸਰ ਵਿਖੇ ਪਰਦਾਪੇਸ਼ ਹੋਈ। ਨਿਗਾਰਸਤਾਨ (ਇੰਡੀਆ) ਫਿਲਮਜ਼, ਬੰਬੇ ਦੀ ਰਾਜਿੰਦਰ ਸ਼ਰਮਾ (ਰੂਪ ਸਕਸੈਨਾ ਤੇ ਇੰਦਰ ਨਾਥ ਸ਼ਰਮਾ) ਨਿਰਦੇਸ਼ਿਤ ਫਿਲਮ ‘ਜੁਗਨੀ’ (1953) ’ਚ ਸ਼ਾਂਤੀ ਮਧੋਕ ਨੇ ਕੋਠੇ ਵਾਲੀ ਨਾਚੀ ‘ਲੱਛੀ’ ਦਾ ਖ਼ੂਬਸੂਰਤ ਪਾਰਟ ਨਿਭਾਇਆ, ਜਿਸ ਦੇ ਸਨਮੁੱਖ ਮਜਨੂੰ ਉਰਫ਼ ਹੈਰੋਲਡ ਲੂਈਸ ‘ਛਾਂਗਾ’ ਦਾ ਪਾਤਰ ਅਦਾ ਕਰ ਰਿਹਾ ਸੀ। ਫ਼ਸਾਨਾ ਮੁਲਕਰਾਜ ਭਾਖੜੀ, ਗੀਤ ਵਰਮਾ ਮਲਿਕ ਤੇ ਸੰਗੀਤ ਹੰਸ ਰਾਜ ਬਹਿਲ ਨੇ ਤਾਮੀਰ ਕੀਤਾ। ਫਿਲਮ ਦਾ ਪਹਿਲਾ ਦਿਲਕਸ਼ ਗੀਤ ‘ਅੱਗ ਪਿਆਰ ਦੀ ਕਿਤੇ ਨਾ ਬੁਝ ਜਾਵੇ ਤੇ ਹੌਂਕਿਆਂ ’ਚ ਝੱਲਾਂ ਪੱਖੀਆਂ’ (ਸ਼ਮਸ਼ਾਦ ਬੇਗ਼ਮ) ਸ਼ਾਂਤੀ ਮਧੋਕ ’ਤੇ ਫਿਲਮਾਇਆ ਗਿਆ ਸੀ, ਜਿਸ ਦੇ ਪਸਮੰਜ਼ਰ ਵਿੱਚ ਮਜਨੂੰ, ਭਾਗ ਸਿੰਘ ਤੇ ਪਾਲ ਸ਼ਰਮਾ ਮੌਜੂਦ ਸਨ। 29 ਦਸੰਬਰ 1953 ਨੂੰ ਸ਼ੈਂਸਰਸ਼ੁਦਾ ਇਹ ਫਿਲਮ 28 ਜਨਵਰੀ 1955 ਨੂੰ ਸਿਟੀਲਾਈਟ ਸਿਨਮਾ, ਅੰਮ੍ਰਿਤਸਰ ਵਿਖੇ ਰਿਲੀਜ਼ ਹੋਈ।
ਹਿੰਦੀ ਤੇ ਪੰਜਾਬੀ ਫਿਲਮਾਂ ਤੋਂ ਇਲਾਵਾ ਪੰਜਾਬਣ ਅਦਾਕਾਰਾ ਸ਼ਾਂਤੀ ਮਧੋਕ ਨੇ 2 ਗੁਜਰਾਤੀ ਫਿਲਮਾਂ ‘ਸੱਤਯਾਵਾਦੀ ਰਾਜਾ ਹਰੀਸ਼ਚੰਦਰ’ (1948) ਤੇ ‘ਮੰਗਲ ਫੇਰਾ’ (1949) ਵਿੱਚ ਵੀ ਅਦਾਕਾਰੀ ਕੀਤੀ ਸੀ। ਫਿਲਮ ‘ਮੰਗਲਾ ਫੇਰਾ’ ਵਿੱਚ ਨਿਭਾਏ ‘ਮੀਨਾ’ ਦੇ ਸ਼ਾਨਦਾਰ ਕਿਰਦਾਰ ਸਦਕਾ ਉਸ ਨੂੰ ਸੋਨੇ ਦੇ ਮੈਡਲ ਨਾਲ ਨਿਵਾਜਿਆ ਗਿਆ ਸੀ।
ਸ਼ਾਂਤੀ ਮਧੋਕ ਬੜੀ ਹਲੀਮਨਿਵਾਜ਼ ਅਦਾਕਾਰਾ ਸੀ ਜੋ ਸਾਫ਼ ਜ਼ੁਬਾਨ ਲੋਕਾਂ ਨੂੰ ਬੜਾ ਪਸੰਦ ਕਰਦੀ ਸੀ। ਉਹ ਫਿਲਮਾਂ ਵਿੱਚ ਕੰਮ ਤਾਂ ਜ਼ਰੂਰ ਕਰਦੀ ਸੀ, ਪਰ ਇੰਟਰਵਿਊਜ਼ ਦੇਣ ਤੋਂ ਬੜਾ ਘਬਰਾਉਂਦੀ ਸੀ। ਉਹ ਅਣਜਾਣ ਲੋਕਾਂ ਨੂੰ ਮਿਲਣਾ ਪਸੰਦ ਨਹੀਂ ਕਰਦੀ ਸੀ। ਫਿਲਮਾਂ ’ਚੋਂ ਵਿਹਲ ਮਿਲਦਿਆਂ ਹੀ ਉਹ ਕਸੀਦਾਕਾਰੀ ਕਰਦੀ। ਉਹ ਮੋਟਰਕਾਰਾਂ ਦੀ ਵੀ ਬੜੀ ਦੀਵਾਨੀ ਸੀ। ਉਹ ਅਕਸਰ ਕਹਿੰਦੀ ਹੁੰਦੀ ਸੀ ਕਿ ਨਵੀਂ ਮੋਟਰ ਹੋਵੇ ਸਿੱਧੀ ਤੇ ਸਾਫ਼ ਸੜਕ ਹੋਵੇ ਤਾਂ ਬੜਾ ਲੁਤਫ਼ ਆਉਂਦਾ ਹੈ। ਸ਼ਾਂਤੀ ਮਧੋਕ ਦੀ ਆਖ਼ਰੀ ਹਿੰਦੀ ਫਿਲਮ ਨੌਸ਼ੀਰ ਇੰਜੀਨੀਅਰ ਦੇ ਫਿਲਮਸਾਜ਼ ਅਦਾਰੇ ਨੌਸ਼ੇਰਵਾਂ ਮੂਵੀਟੋਨ, ਬੰਬੇ ਦੀ ਕਾਲਪਨਿਕ ਫਿਲਮ ‘ਚੀਨੀ ਜਾਦੂਗਰ’ (1959) ਸੀ। ਫਿਲਮ ਦੀ ਮੁੱਖ ਭੂਮਿਕਾ ਵਿੱਚ ਕਾਮਰਾਨ ਤੇ ਕ੍ਰਿਸ਼ਨਾ ਕੁਮਾਰੀ ਉਰਫ਼ ਰਜਿੰਦਰ ਕੌਰ ਤੇ ਸਾਥੀ ਅਦਾਕਾਰਾ ਵਜੋਂ ਸ਼ਾਂਤੀ ਮੌਜੂਦ ਸੀ।
ਇਸ ਫਿਲਮ ਦੀ ਨੁਮਾਇਸ਼ ਤੋਂ ਬਾਅਦ ਸ਼ਾਂਤੀ ਮਧੋਕ ਨਾ ਕਿਸੇ ਹਿੰਦੀ ਤੇ ਨਾ ਹੀ ਕਿਸੇ ਪੰਜਾਬੀ ਫਿਲਮ ਵਿੱਚ ਵਿਖਾਈ ਦਿੱਤੀ। ਫਿਰ ਉਹ ਕਿੱਥੇ ਚਲੀ ਗਈ? ਉਸ ਦਾ ਪਰਿਵਾਰ ਕਿੱਥੇ ਹੈ? ਕਾਫ਼ੀ ਤਹਿਕੀਕ ਕਰਨ ਤੋਂ ਬਾਅਦ ਵੀ ਕੁਝ ਪਤਾ ਨਹੀ ਲੱਗ ਸਕਿਆ। ਫਿਲਮ ਤਾਰੀਖ਼ ਵਿੱਚ ਉਹ ਆਪਣੀ ਨਾਚ ਕਲਾ ਤੇ ਅਦਾਕਾਰੀ ਦੇ ਤੂਫ਼ੈਲ ਹਮੇਸ਼ਾਂ ਯਾਦ ਕੀਤੀ ਜਾਂਦੀ ਰਹੇਗੀ।
ਸੰਪਰਕ: 97805-09545