ਮੁੰਬਈ, 23 ਜੁਲਾਈ
ਅਦਾਕਾਰਾ ਸ਼ਿਲਪਾ ਸ਼ੈਟੀ ਕੁੰਦਰਾ ਨੇ ਅੱਜ ਸੋਸ਼ਲ ਮੀਡੀਆ ’ਤੇ ਅਮਰੀਕੀ ਲੇਖਕ ਜੇਮਜ਼ ਥਰਬਰ ਦੀ ਪੁਸਤਕ ਵਿਚੋਂ ਇਕ ਪੱਤਰ ਸਾਂਝਾਂ ਕਰਦਿਆਂ ਜ਼ਿੰਦਗੀ ’ਚ ਚੁਣੌਤੀਆਂ ਦਾ ਸਾਹਮਣਾ ਕਰਨ ਬਾਰੇ ਗੱਲਬਾਤ ਕੀਤੀ ਹੈ। ਅਸ਼ਲੀਲ ਸਮੱਗਰੀ ਤਿਆਰ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਗਏ ਅਦਾਕਾਰਾ ਦੇ ਪਤੀ ਰਾਜ ਕੁੰਦਰਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਇਹ ਉਸ ਦੀ ਪਹਿਲੀ ਪੋਸਟ ਹੈ। ਸ਼ਿਲਪਾ ਨੇ ਵੀਰਵਾਰ ਰਾਤ ਇੰਸਟਾਗ੍ਰਾਮ ’ਤੇ ਇਹ ਅਧਿਆਏ ਸਾਂਝਾ ਕੀਤਾ ਹੈ। ਅਦਾਕਾਰਾ ਵੱਲੋਂ ਸਾਂਝੇ ਕੀਤੇ ਗਏ ਪੱਤਰ ਅਨੁਸਾਰ,‘‘ਸਾਨੂੰ ਸਿਰਫ਼ ਆਪਣੇ ਵਰਤਮਾਨ ’ਤੇ ਧਿਆਨ ਦੇਣਾ ਚਾਹੀਦਾ ਹੈ। ਇਸ ਗੱਲ ਦੀ ਚਿੰਤਾ ਨਹੀਂ ਕਰਨੀ ਚਾਹੀਦੀ ਕਿ ਬੀਤੇ ਵਿਚ ਕੀ ਹੋਇਆ ਸੀ ਜਾਂ ਭਵਿੱਖ ਵਿਚ ਕੀ ਹੋਏਗਾ ਪਰ ਇਸ ਬਾਰੇ ਚੌਕਸ ਜ਼ਰੂਰ ਰਹਿਣਾ ਚਾਹੀਦਾ ਹੈ। ਮੈਂ ਇਹ ਜਾਣ ਕੇ ਲੰਮਾ ਸਾਹ ਲਿਆ ਕਿ ਮੈਂ ਜ਼ਿੰਦਾ ਹਾਂ। ਮੈਂ ਭੂਤਕਾਲ ’ਚ ਜ਼ਿੰਦਗੀ ਵਿੱਚ ਬਹੁਤ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ ਅਤੇ ਭਵਿੱਖ ਵਿੱਚ ਵੀ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ ਪਰ ਮੈਨੂੰ ਆਪਣੀ ਮੌਜੂਦਾ ਜ਼ਿੰਦਗੀ ਤੋਂ ਨਿਰਾਸ਼ ਹੋਣ ਦੀ ਲੋੜ ਨਹੀਂ ਹੈ।’’
ਜਾਣਕਾਰੀ ਅਨੁਸਾਰ ਸਾਲ 2009 ਵਿਚ ਸ਼ਿਲਮਾ ਦੀ ਰਾਜ ਨਾਲ ਮੰਗਣੀ ਹੋਈ ਸੀ ਅਤੇ ਇਸੇ ਸਾਲ ਨਵੰਬਰ ਮਹੀਨੇ ਇਨ੍ਹਾਂ ਦਾ ਵਿਆਹ ਹੋ ਗਿਆ ਸੀ। ਇਸ ਜੋੜੇ ਕੋਲ ਦੋ ਬੱਚੇ ਹਨ, ਜਿਨ੍ਹਾਂ ’ਚ ਪੁੱਤਰ ਵਿਆਨ ਰਾਜ ਕੁੰਦਰਾ ਦਾ ਜਨਮ 2012 ਵਿੱਚ ਹੋਇਆ ਜਦੋਂਕਿ ਫਰਵਰੀ 2020 ਵਿੱਚ ਮੁੱਲ ਦੀ ਕੁੱਖ ਰਾਹੀਂ ਇਨ੍ਹਾਂ ਦੇ ਘਰ ਧੀ ਜੰਮੀ ਸੀ। -ਆਈਏਐੱਨਐੱਸ