ਮੁੰਬਈ: ਅਦਾਕਾਰਾ ਅਮਾਇਰਾ ਦਸਤੂਰ ਦਾ ਕਹਿਣਾ ਹੈ ਕਿ ਉਹ ਆਪਣੇ ਕਰੀਅਰ ਦੇ ਅਜਿਹੇ ਪੜਾਅ ’ਤੇ ਪੁੱਜ ਗਈ ਹੈ ਜਿਥੇ ਫ਼ਿਲਮ ਦੀ ਅਸਫ਼ਲਤਾ ਦਾ ਉਸ ’ਤੇ ਕੋਈ ਅਸਰ ਨਹੀਂ ਹੁੰਦਾ। ਖ਼ਬਰ ਏਜੰਸੀ ‘ਆਈਏਐੱਨਐੱਸ’ ਨਾਲ ਗੱਲਬਾਤ ਕਰਦਿਆਂ ਅਮਾਇਰਾ ਨੇ ਆਖਿਆ,‘‘ਮੇਰਾ ਮੰਨਣਾ ਹੈ ਕਿ ਮੇਰੀਆਂ ਬਹੁਤ ਸਾਰੀਆਂ ਫ਼ਿਲਮਾਂ ਸਫ਼ਲ ਨਹੀਂ ਹੋਈਆਂ ਅਤੇ ਮੈਂ ਸਮਝਦੀ ਹਾਂ ਕਿ ਇਹ ਸਾਡੇ ਕੰਮ ਦਾ ਹਿੱਸਾ ਹੈ। ਕੁਝ ਫ਼ਿਲਮਾਂ ਕਾਮਯਾਬ ਹੁੰਦੀਆਂ ਹਨ ਅਤੇ ਕੁਝ ਨਹੀਂ ਹੁੰਦੀਆਂ। ਮੈਨੂੰ ਖੁਸ਼ੀ-ਖੁਸ਼ੀ ਅਗਲੀ ਫ਼ਿਲਮ ਲਈ ਤਿਆਰ ਰਹਿਣਾ ਚਾਹੀਦਾ ਹੈ। ਜਿਥੋਂ ਤੱਕ ਮੈਨੂੰ ਕੰਮ ਮਿਲਣ ਦੀ ਗੱਲ ਹੈ, ਮੈਂ ਖੁਸ਼ ਹਾਂ। ਜਿਸ ਦਿਨ ਮੈਨੂੰ ਕੰਮ ਨਹੀਂ ਮਿਲੇਗਾ ਉਸ ਦਿਨ ਮੈਨੂੰ ਚਿੰਤਾ ਹੋਵੇਗੀ।’’ ਅਦਾਕਾਰਾ ਦਾ ਕਹਿਣਾ ਹੈ ਕਿ ਹਾਲੇ ਉਸ ਨੇ ਬਹੁਤ ਕੁਝ ਪ੍ਰਾਪਤ ਕਰਨਾ ਹੈ। ਉਸ ਨੇ ਆਖਿਆ,‘‘ਮੁੱਕਦੀ ਗੱਲ ਇਹ ਹੈ ਕਿ ਜਿਹੜਾ ਰੁਤਬਾ ਮੈਂ ਹਾਸਲ ਕਰਨਾ ਚਾਹੁੰਦੀ ਹਾਂ ਮੈਂ ਹਾਲੇ ਤੱਕ ਉਥੇ ਨਹੀਂ ਪੁੱਜੀ। ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੈਂ ਕਿਸੇ ਦੀ ਮਦਦ ਤੋਂ ਬਗੈਰ ਇਥੇ ਤੱਕ ਪੁੱਜੀ। ਇਹ ਮੇਰੀ ਸਖ਼ਤ ਮਿਹਨਤ ਹੈ ਅਤੇ ਮੈਂ ਮੰਨਦੀ ਹਾਂ ਕਿ ਤੁਸੀਂ ਆਪਣੀ ਕਿਸਮਤ ਖੁਦ ਬਣਾਉਂਦੇ ਹੋ। ਮੇਰਾ ਕਰੀਅਰ ਜਿਸ ਪੜਾਅ ’ਤੇ ਪੁੱਜ ਗਿਆ ਹੈ ਉਸ ਤੋਂ ਮੈਂ ਖੁਸ਼ ਹਾਂ। ਮੈਨੂੰ ਉਮੀਦ ਹੈ ਕਿ ਵੱਖ ਵੱਖ ਭੂਮਿਕਾਵਾਂ ’ਚ ਮੇਰਾ ਕਰੀਅਰ ਹੋਰ ਵੱਡਾ ਹੋਵੇਗਾ।’’ ਉਸ ਨੇ ਅੱਗੇ ਆਖਿਆ,‘‘ਬੌਲੀਵੁੱਡ ਹਮੇਸ਼ਾਂ ਮੇਰੀ ਪਹਿਲੀ ਪਸੰਦ ਰਹੇਗਾ। ਇਹ ਘਰ ਹੈ। ਹਿੰਦੀ ਸਿਨੇ ਜਗਤ ਤਾਂ ਮੇਰੇ ਖ਼ੂਨ ਵਿਚ ਹੈ ਪਰ ਮੈਨੂੰ ਤਾਮਿਲ ਤੇ ਹੋਰ ਭਾਸ਼ਾਵਾਂ ਵਿਚ ਕੰਮ ਕਰਨਾ ਵੀ ਪਸੰਦ ਹੈ। ਪਰ ਘਰ, ਘਰ ਹੀ ਹੁੰਦਾ।’’ -ਆਈਏਐੱਨਐੱਸ