ਮੁੰਬਈ, 6 ਸਤੰਬਰ
ਸਚਿਨ ਪਿਲਗਾਓਂਕਰ ਨੇ ਜਦੋਂ ਸਿਰਫ਼ 4 ਸਾਲ ਦੀ ਉਮਰ ’ਚ ਇੱਕ ਫ਼ਿਲਮ ਦੇ ਸੈੱਟ ’ਤੇ ਕੰਮ ਸ਼ੁਰੂ ਕੀਤਾ ਤਾਂ ਉਸ ਨੇ ਬਿਲਕੁਲ ਸਹਿਜ ਮਹਿਸੂਸ ਕੀਤਾ। ਅਦਾਕਾਰ ਤੇ ਫ਼ਿਲਮਸਾਜ਼ ਪਿਲਗਾਓਂਕਰ ਨੂੰ ਫ਼ਿਲਮ ਜਗਤ ’ਚ ਕੰਮ ਕਰਦਿਆਂ ਲਗਪਗ ਛੇ ਦਹਾਕੇ ਹੋ ਚੁੱਕੇ ਹਨ। ਉਨ੍ਹਾਂ ਨੂੰ ਮਾਣ ਹੈ ਕਿ ਉਨ੍ਹਾਂ ਹਮੇਸ਼ਾਂ ਆਪਣੇ ਦਿਲ ਦੀ ਗੱਲ ਸੁਣੀ। ਪਿਲਗਾਓਂਕਰ ਭਾਰਤੀ ਫ਼ਿਲਮ ਜਗਤ ਦੇ ਇੱਕ ਅਜਿਹੇ ਸਦਾਬਹਾਰ ਕਲਾਕਾਰ ਹਨ, ਜਿਨ੍ਹਾਂ ਦੇ ਕੰਮ ਸਿਰਫ਼ ਵੱਖੋ-ਵੱਖਰੀਆਂ ਭਾਸ਼ਾਵਾਂ ਵਿੱਚ ਨਹੀਂ ਬਲਕਿ ਵੱਖ-ਵੱਖ ਮਾਧਿਅਮਾਂ ਰਾਹੀਂ ਵੀ ਵੇਖਣ ਨੂੰ ਮਿਲਦਾ ਹੈ। ਉਨ੍ਹਾਂ ਸੰਨ 1962 ਵਿੱਚ ਮਰਾਠੀ ਫ਼ਿਲਮ ‘ਹਾ ਮਜ਼ਾ ਮਾਰਗ ਏਕਲਾ’ ਰਾਹੀਂ ਇੱਕ ਬਾਲ ਕਲਾਕਾਰ ਵਜੋਂ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਕੀਤੀ ਤੇ ਬਾਅਦ ’ਚ 13 ਸਾਲ ਦੀ ਉਮਰ ’ਚ ਫ਼ਿਲਮ ‘ਗੀਤ ਗਾਤਾ ਚਲ’ ਵਿੱਚ ਕੰਮ ਕੀਤਾ ਜਿਸਨੂੰ ਕਾਫ਼ੀ ਸਫ਼ਲਤਾ ਮਿਲੀ। ਇਸ ਤੋਂ ਬਾਅਦ ਉਨ੍ਹਾਂ ਫ਼ਿਲਮਾਂ ਦਾ ਨਿਰਦੇਸ਼ਨ ਕਰਨ ਤੋਂ ਇਲਾਵਾ ਉਨ੍ਹਾਂ ਨੂੰ ਪ੍ਰੋਡਿਊਸ ਕਰਨਾ ਵੀ ਸ਼ੁਰੂ ਕਰ ਦਿੱਤਾ। -ਪੀਟੀਆਈ