ਚੇਨਈ: ਮਣੀ ਰਤਨਮ ਦੀ ਸੁਪਰਹਿੱਟ ਫਿਲਮ ‘ਰੋਜਾ’ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲੀ ਅਦਾਕਾਰਾ ਮਧੂ ਨੇ ਕਿਹਾ ਕਿ ਉਹ ਅਦਾਕਾਰਾ ਸਾਈ ਪੱਲਵੀ ਦੀ ਸਭ ਤੋਂ ਵੱਡੀ ਪ੍ਰਸ਼ੰਸਕ ਹੈ। ਮਧੂ ਬਾਲਾ ਦੇ ਨਾਂ ਨਾਲ ਮਸ਼ਹੂਰ ਅਦਾਕਾਰਾ ਨੇ ਆਪਣੇ ਟਵਿੱਟਰ ਅਕਾਊਂਟ ’ਤੇ ਇੱਕ ਵੀਡੀਓ ਕਲਿੱਪ ਸਾਂਝੀ ਕੀਤੀ ਹੈ, ਜਿਸ ਵਿੱਚ ਅਦਾਕਾਰਾ ਕਹਿ ਰਹੀ ਹੈ, ‘ਸਾਰਿਆਂ ਨੂੰ ਹੈਲੋ! ਮੈਂ ਕੱਲ ‘ਸ਼ਿਆਮ ਸਿੰਘਾ ਰੌਇ’ ਵੇਖੀ। ਪਿਛਲੇ ਸਮੇਂ ਦੌਰਾਨ ਵੇਖੀਆਂ ਫਿਲਮਾਂ ਵਿੱਚੋਂ ਇਹ ਸਭ ਤੋਂ ਵਧੀਆ ਫਿਲਮ ਹੈ ਤੇ ਮੈਂ ਅਦਾਕਾਰਾ ਸਾਈ ਪੱਲਵੀ ਦੀ ਸਭ ਤੋਂ ਵੱਡੀ ਪ੍ਰਸ਼ੰਸਕ ਹਾਂ। ਉਹ ਕੁਦਰਤੀ ਰੂਪ ਵਿੱਚ ਬਹੁਤ ਹੀ ਖ਼ੂਬਸੂਰਤ ਤੇ ਪਿਆਰੀ ਹੈ। ਉਹ ਬਹੁਤ ਹੀ ਕਮਾਲ ਦੀ ਨਰਤਕੀ ਹੈ। ਨਾਨੀ ਵੀ ਬਹੁਤ ਕਮਾਲ ਦਾ ਕਲਾਕਾਰ ਹੈ। ਇਹ ਫਿਲਮ ਬਹੁਤ ਹੀ ਕਮਾਲ ਦੀ ਹੈ। ਸਾਰੀ ਟੀਮ ਨੂੰ ਸ਼ੁਭਕਾਮਨਾਵਾਂ।’
ਇੱਕ ਸੀਨੀਅਰ ਅਦਾਕਾਰਾ ਦੇ ਮੂੰਹੋਂ ਆਪਣੀ ਇੰਨੀ ਤਰੀਫ਼ ਸੁਣ ਕੇ ਸਾਈ ਪੱਲਵੀ ਬਹੁਤ ਹੀ ਭਾਵੁਕ ਹੋ ਗਈ। ਸਾਈ ਪੱਲਵੀ ਨੇ ਅਦਾਕਾਰਾ ਦੇ ਟਵੀਟ ਦਾ ਜਵਾਬ ਦਿੰਦਿਆਂ ਲਿਖਿਆ, ‘ਮੈਨੂੰ ਇੰਜ ਲੱਗਿਆ ਜਿਵੇਂ ਮੈਨੂੰ ਕਿਸੇ ਨੇ ਨਿੱਘੀ ਜੱਫੀ ਪਾਈ ਹੋਵੇ। ਮੈਂ ਬਹੁਤ ਹੀ ਖੁਸ਼ ਹਾਂ। ਐਨੇ ਪਿਆਰੇ ਸ਼ਬਦ ਕਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮੈਡਮ। ਤੁਹਾਨੂੰ ਬਹੁਤ ਸਾਰਾ ਪਿਆਰ।’ ਜ਼ਿਕਰਯੋਗ ਹੈ ਕਿ 24 ਦਸੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਰਾਹੁਲ ਸਾਂਕ੍ਰਤਾਇਨ ਦੀ ‘ਸ਼ਿਆਮ ਸਿੰਘਾ ਰੌਇ’ 21 ਜਨਵਰੀ ਤੋਂ ਓਟੀਟੀ ਪਲੈਟਫਾਰਮ ’ਤੇ ਵੀ ਰਿਲੀਜ਼ ਕਰ ਦਿੱਤੀ ਗਈ ਹੈ। ਇਸ ਫਿਲਮ ਵਿੱਚ ਨਾਨੀ ਨੇ ਇੱਕ ਲੇਖਕ ਤੇ ਸਮਾਜ ਸੁਧਾਰਕ ਅਤੇ ਸਾਈ ਪੱਲਵੀ ਨੇ ਫਿਲਮ ਵਿੱਚ ਦੇਵਦਾਸੀ ਦੀ ਭੂਮਿਕਾ ਨਿਭਾਈ ਹੈ। -ਆਈਏਐੱਨਐੱਸ