ਮੁੰਬਈ: ‘ਦਿ ਕਪਿਲ ਸ਼ਰਮਾ ਸ਼ੋਅ’ ’ਤੇ ਪਹੁੰਚੀ ਅਦਾਕਾਰਾ ਹੁਮਾ ਕੁਰੈਸ਼ੀ ਨੇ ਦੱਸਿਆ ਕਿ ਫਿਲਮ ‘ਡਬਲ ਐੱਕਸਐੱਲ’ ਦੀ ਸ਼ੂਟਿੰਗ ਮੌਕੇ ਜਦੋਂ ਲੰਡਨ ਵਿੱਚ ਸਮੂਹ ਅਮਲਾ ਇਕਾਂਤਵਾਸ ਵਿੱਚ ਸੀ ਤਾਂ ਉਸ ਨੂੰ ਸਭ ਤੋਂ ਵੱਧ ਡਰ ਇਸ ਗੱਲ ਦਾ ਸੀ ਕਿ ਕਿਤੇ ਸੋਨਾਕਸ਼ੀ ਦਾ ਫੋਨ ਨਾ ਗੁਆਚ ਜਾਵੇ। ਅਦਾਕਾਰਾ ਨੇ ਦੱਸਿਆ ਕਿ ਇਕਾਂਤਵਾਸ ਦੌਰਾਨ ਉਹ, ਸੋਨਾਕਸ਼ੀ, ਜ਼ਹੀਰ ਤੇ ਮੰਨਤ (ਰਾਘਵੇਂਦਰ) ਹਰ ਵੇਲੇ ਇਕੱਠੇ ਰਹਿੰਦੇ ਸਨ ਤੇ ਚਾਰਾਂ ਨੇ ਹੀ ਉਨ੍ਹਾਂ ਦਿਨਾਂ ਵਿੱਚ ਬਹੁਤ ਮਸਤੀ ਵੀ ਕੀਤੀ। ਸੋਨਾਕਸ਼ੀ, ਹੁਮਾ ਤੇ ਜ਼ਹੀਰ ਪਹਿਲਾਂ ਤੋਂ ਹੀ ਇੱਕ ਦੂਜੇ ਨੂੰ ਜਾਣਦੇ ਸਨ, ਜਦਕਿ ਮੰਨਤ ਉਨ੍ਹਾਂ ਨਾਲ ਪਹਿਲੀ ਵਾਰ ਜੁੜਿਆ ਸੀ। ਇਨ੍ਹਾਂ 14 ਦਿਨਾਂ ਵਿੱਚ ਉਨ੍ਹਾਂ ਦੀ ਚੰਗੀ ਦੋਸਤੀ ਹੋ ਗਈ ਸੀ। ਕਾਮੇਡੀ ਸ਼ੋਅ ‘ਦਿ ਕਪਿਲ ਸ਼ਰਮਾ ਸ਼ੋਅ’ ਵਿੱਚ ਇਕੱਠੀ ਹੋਈ ਫ਼ਿਲਮ ਦੀ ਟੀਮ ਨੇ ਸ਼ੂਟਿੰਗ ਦੌਰਾਨ ਦੀਆਂ ਆਪਣੀਆਂ ਯਾਦਾਂ ਤਾਜ਼ਾ ਕੀਤੀਆਂ। ਹੁਮਾ ਨੇ ਕਿਹਾ, ‘ਅਸੀਂ ਜਦੋਂ ਵੀ ਕੋਈ ਮਸਤੀ ਜਾਂ ਸ਼ਰਾਰਤ ਕਰਦੇ ਸੀੀ ਤਾਂ ਸਾਡੇ ਵਿੱਚੋਂ ਕੋਈ ਨਾ ਕੋਈ ਉਸ ਨੂੰ ਮੋਬਾਈਲ ਵਿੱਚ ਰਿਕਾਰਡ ਕਰ ਲੈਂਦਾ ਸੀ। ਇਸ ਕੰਮ ਵਿੱਚ ਸੋਨਾਕਸ਼ੀ ਸਭ ਤੋਂ ਅੱਗੇ ਸੀ।’ ਹੁਮਾ ਨੇ ਕਿਹਾ, ਮੈਨੂੰ ਇਹੀ ਲੱਗਦਾ ਸੀ ਕਿ ਜੇਕਰ ਸੋਨਾਕਸ਼ੀ ਦਾ ਮੋਬਾਈਲ ਫੋਨ ਗੁਆਚ ਗਿਆ ਤਾਂ ਸਭ ਤੋਂ ਵੱਧ ਦੁੱਖ ਮੈਨੂੰ ਹੀ ਹੋਵੇਗਾ, ਕਿਉਂਕਿ ਉਸ ਫੋਨ ਵਿੱਚ ਸਾਡੀਆਂ ਸਭ ਤੋਂ ਪਿਆਰੀਆਂ ਯਾਦਾਂ ਕੈਦ ਸਨ।’ -ਆਈਏਐੱਨਐੱਸ