ਮੁੰਬਈ: ਬੌਲੀਵੁੱਡ ਅਦਾਕਾਰਾ ਹੁਮਾ ਕੁਰੈਸ਼ੀ ਨੇ ਆਖਿਆ ਕਿ ਵੈੱਬ ਸੀਰੀਜ਼ ‘ਮਿੱਥਿਆ’ ਵਿੱਚ ਕੰਮ ਕਰਨ ਦਾ ਮਕਸਦ ਫ਼ਿਲਮਾਂ ਤੇ ਵੈੱਬ ਸ਼ੋਅਜ਼ ਵਿੱਚ ਦਿਖਾਏ ਕਾਲਜ ਪ੍ਰੋਫੈਸਰਾਂ ਦੇ ਕਿਰਦਾਰ ਨੂੰ ਰੂੜੀਵਾਦ ਤੋਂ ਬਾਹਰ ਕੱਢਣਾ ਸੀ। ਇਸ ਸੀਰੀਜ਼ ਦਾ ਨਿਰਦੇਸ਼ਨ ਰੋਹਨ ਸਿੱਪੀ ਨੇ ਕੀਤਾ ਹੈ ਜਿਸ ਵਿੱਚ ਕੁਰੈਸ਼ੀ ਨੇ ਹਿੰਦੀ ਸਾਹਿਤ ਦੇ ਪ੍ਰੋਫ਼ੈਸਰ ਦਾ ਕਿਰਦਾਰ ਨਿਭਾਇਆ ਹੈ। ਕੁਰੈਸ਼ੀ ਨੇ ਅਜਿਹਾ ਕਿਰਦਾਰ ਪਹਿਲਾਂ ਕਦੇ ਨਹੀਂ ਨਿਭਾਇਆ।
ਹੁਮਾ ਨੇ ਆਖਿਆ,‘‘ਮੈਂ ਅਜਿਹੀ ਫ਼ਿਲਮ ਪਹਿਲਾਂ ਕਦੇ ਨਹੀਂ ਕੀਤੀ ਅਤੇ ਨਾ ਹੀ ਪਰਦੇ ’ਤੇ ਪ੍ਰੋਫੈਸਰ ਦਾ ਕਿਰਦਾਰ ਨਿਭਾਇਆ ਹੈ। ਇਸ ਵੈੱਬ ਸੀਰੀਜ਼ ਦਾ ਹਿੱਸਾ ਹੋਣ ਨਾਲ ਬਹੁਤ ਚੰਗਾ ਲੱਗ ਰਿਹਾ ਹੈ ਕਿਉਂਕਿ ਇਸ ਨਾਲ ਮੈਨੂੰ ਕੁਝ ਨਵਾਂ ਕਰਨ ਦਾ ਮੌਕਾ ਮਿਲਿਆ ਹੈ। ਮੇਰਾ ਇਸ ਸੀਰੀਜ਼ ਵਿੱਚ ਕੰਮ ਕਰਨ ਦਾ ਮਕਸਦ ਇਹੀ ਹੈ ਕਿ ਮੈਂ ਪਹਿਲਾਂ ਕਦੇ ਅਜਿਹਾ ਕਿਰਦਾਰ ਨਹੀਂ ਕੀਤਾ। ਫ਼ਿਲਮਾਂ ਵਿੱਚ ਪ੍ਰੋਫੈਸਰ ਦੀ ਇਕ ਰੂੜੀਵਾਦੀ ਦਿੱਖ ਹੈ ਪਰ ਮੈਂ ਇਸ ਕਿਰਦਾਰ ਵਿੱਚ ਠਰੰਮੇ ਵਾਲੀ, ਮਿਲਣਸਾਰ ਅਤੇ ਆਧੁਨਿਕ ਹੋਣਾ ਚਾਹੁੰਦੀ ਹਾਂ। ਇਹੀ ਕਾਰਨ ਹੈ ਕਿ ਮੈਂ ਇਨ੍ਹਾਂ ਚੀਜ਼ਾਂ ਨੂੰ ਉਭਾਰਨ ਦੀ ਕੋਸ਼ਿਸ਼ ਕੀਤੀ ਹੈ। ਜਾਣਕਾਰੀ ਅਨੁਸਾਰ ‘ਮਿੱਥਿਆ’ ਸਾਲ 2019 ਵਿੱਚ ਆਈ ਬਰਤਾਨਵੀ ਸੀਰੀਜ਼ ‘ਚੀਟ’ ਉੱਤੇ ਆਧਾਰਿਤ ਹੈ। ਅਦਾਕਾਰਾ ਨੇ ਆਖਿਆ ਕਿ ਉਸ ਨੇ ‘ਚੀਟ’ ਦੇ ਦੋ ਐਪੀਸੋਡ ਦੇਖੇ ਸਨ ਅਤੇ ਉਹ ਉਸ ਨੂੰ ਬਹੁਤ ਪਸੰਦ ਆਈ। ਉਸ ਨੇ ਆਖਿਆ ਕਿ ਇਸ ਸੀਰੀਜ਼ ਦੀ ਕਹਾਣੀ ਓਹੀ ਹੈ ਪਰ ਇਸ ਨੂੰ ਭਾਰਤੀ ਰੰਗ ਵਿਚ ਰੰਗਿਆ ਗਿਆ ਹੈ। ਜਾਣਕਾਰੀ ਅਨੁਸਾਰ ਹੁਮਾ ਕੁਰੈਸ਼ੀ ਦੇ ਇਸ ਸਾਲ ਸਿਨੇ ਜਗਤ ਵਿੱਚ ਦਸ ਸਾਲ ਪੂਰੇ ਕਰ ਲਏ ਹਨ। -ਪੀਟੀਆਈ