ਗੁਰਮੀਤ ਸਿੰਘ*
ਭਾਰਤ ਵਿੱਚ 1947 ਵਿੱਚ ਚੀਤੇ ਖਤਮ ਹੋ ਚੁੱਕੇ ਸਨ, ਪਰ ਹੁਣ ਦੇਸ਼ ਵਿੱਚ ਫਿਰ ਤੋਂ ਚੀਤੇ ਦੌੜਨਗੇੇ। ਹਾਲ ਹੀ ਵਿੱਚ ਮੱਧ ਪ੍ਰਦੇਸ਼ ਦੀ ਕੁਨੋ ਨੈਸ਼ਨਲ ਪਾਰਕ ਵਿੱਚ 8 ਚੀਤੇ ਛੱਡੇ ਗਏ ਹਨ ਜੋ ਨਾਮੀਬੀਆ ਤੋਂ ਲਿਆਂਦੇ ਗਏ ਹਨ। ਚੀਤਾ ਤੇ ਬਾਘ ਦੇਖਣ ਵਿੱਚ ਲਗਭਗ ਇੱਕੋ ਜਿਹੇ ਲੱਗਦੇ ਹਨ ਜਿਸ ਕਾਰਨ ਅਸੀਂ ਇਨ੍ਹਾਂ ਦੀ ਪਛਾਣ ਵਿੱਚ ਅਕਸਰ ਭੁਲੇਖਾ ਖਾ ਜਾਂਦੇ ਹਾਂ। ਪਰ ਇਨ੍ਹਾਂ ਵਿੱਚ ਬਹੁਤ ਮਹੀਨ ਫਰਕ ਹੁੰਦੇ ਹਨ ਜਿਹੜੇ ਇਨ੍ਹਾਂ ਦੀ ਪਛਾਣ ਨੂੰ ਸਪੱਸ਼ਟ ਕਰਦੇ ਹਨ।
ਦੇਸ਼ ਵਿੱਚੋਂ ਚੀਤੇ ਖਤਮ ਹੋ ਗਏ ਸਨ, ਪਰ ਬਾਘ ਜਾਂ ਬਘੇਰਾ (ਪੈਂਥਰ ਜਾਂ ਲਿਉਪਰਡ) ਸਾਡੇ ਦੇਸ਼ ਵਿੱਚ ਪਾਇਆ ਜਾਂਦਾ ਹੈ। ਚੀਤੇ ਦੀ ਚਮੜੀ ਹਲਕੇ ਪੀਲੇ ਅਤੇ ਚਿੱਟੇ ਰੰਗ ਦੀ ਹੁੰਦੀ ਹੈ। ਇਸ ’ਤੇ ਗੋਲ ਜਾਂ ਅੰਡਾਕਾਰ ਕਾਲੇ ਧੱਬੇ ਹੁੰਦੇ ਹਨ। ਜਦੋਂਕਿ ਬਾਘ ਦੀ ਚਮੜੀ ਪੀਲੇ ਰੰਗ ਦੀ ਹੁੰਦੀ ਹੈ ਅਤੇ ਉਸ ਦੀ ਚਮੜੀ ’ਤੇ ਚਟਾਕ ਦਾ ਆਕਾਰ ਨਿਸ਼ਚਿਤ ਨਹੀਂ ਹੁੰਦਾ। ਚੀਤੇ ਤੇ ਬਾਘ ਦੇ ਪੰਜਿਆਂ ਵਿੱਚ ਵੀ ਅੰਤਰ ਹੁੰਦਾ ਹੈ। ਚੀਤੇ ਦੇ ਪੰਜੇ ਤੇਜ਼ ਰਫ਼ਤਾਰ ਨਾਲ ਚੱਲਣ ਲਈ ਅਨੁਕੂਲ ਹੁੰਦੇ ਹਨ। ਉਸ ਦੀਆਂ ਪਿਛਲੀਆਂ ਲੱਤਾਂ ਅੱਗੇ ਨਾਲੋਂ ਵੱਡੀਆਂ ਅਤੇ ਮਜ਼ਬੂਤ ਹੁੰਦੀਆਂ ਹਨ ਤਾਂ ਜੋ ਉਹ ਤੇਜ਼ੀ ਨਾਲ ਦੌੜ ਸਕਣ। ਇਨ੍ਹਾਂ ਦੇ ਪੰਜੇ ਸੁੰਗੜਦੇ ਨਹੀਂ ਕਿਉਂਕਿ ਇਨ੍ਹਾਂ ਨੂੰ ਦੌੜਨ ਵੇਲੇ ਤੇਜ਼ ਭੱਜਣਾ ਪੈਂਦਾ ਹੈ।
ਦੂਜੇ ਪਾਸੇ ਬਾਘ ਦੀਆਂ ਅਗਲੀਆਂ ਲੱਤਾਂ ਪਿਛਲੀਆਂ ਨਾਲੋਂ ਵੱਡੀਆਂ ਹੁੰਦੀਆਂ ਹਨ। ਇਸ ਕਾਰਨ ਉਹ ਆਸਾਨੀ ਨਾਲ ਸ਼ਿਕਾਰ ਨੂੰ ਖਿੱਚ ਕੇ ਦਰੱਖਤ ’ਤੇ ਲੈ ਜਾਂਦੇ ਹਨ। ਸ਼ਿਕਾਰ ਨੂੰ ਸੰਭਾਲਣ ਵੇਲੇ ਵੀ ਇਨ੍ਹਾਂ ਦੇ ਵੱਡੇ ਪੈਰ ਲਾਭਦਾਇਕ ਸਿੱਧ ਹੁੰਦੇ ਹਨ।
ਚੀਤੇ ਦਾ ਸਿਰ ਬਾਘ ਦੀ ਤੁਲਨਾ ਵਿੱਚ ਛੋਟਾ ਤੇ ਗੋਲ ਹੁੰਦਾ ਹੈ। ਚੀਤੇ ਅਤੇ ਬਾਘ ਵਿਚਕਾਰ ਇੱਕ ਸਪੱਸ਼ਟ ਅੰਤਰ ਉਨ੍ਹਾਂ ਦੇ ਚਿਹਰਿਆਂ ’ਤੇ ਨਿਸ਼ਾਨ ਹਨ। ਚੀਤਿਆਂ ਦੀ ਤੁਰੰਤ ਕਾਲੀ ‘ਟੀਅਰ ਲਾਈਨ’ ਦੁਆਰਾ ਪਛਾਣ ਕੀਤੀ ਜਾਂਦੀ ਹੈ, ਜੋ ਉਨ੍ਹਾਂ ਦੀਆਂ ਅੱਖਾਂ ਦੇ ਅੰਦਰਲੇ ਕੋਨੇ ਤੋਂ ਉਨ੍ਹਾਂ ਦੇ ਮੂੰਹ ਦੇ ਪਾਸਿਆਂ ਤੱਕ ਚੱਲਦੀ ਹੈ। ਚਿਹਰੇ ਦਾ ਇੱਕ ਹੋਰ ਅੰਤਰ ਅੱਖ ਦਾ ਰੰਗ ਹੈ। ਚੀਤਿਆਂ ਦੀਆਂ ਅੱਖਾਂ ਅੰਬਰ ਹੁੰਦੀਆਂ ਹਨ।
ਬਾਘ ਦਾ ਸਿਰ ਵੱਡਾ ਹੁੰਦਾ ਹੈ। ਬਾਘ ਦੀਆਂ ਅੱਖਾ ਚਮਕਦਾਰ ਨੀਲੇ ਤੋਂ ਚਮਕਦਾਰ ਹਰੇ ਰੰਗ ਦੀ ਭਾਹ ਮਾਰਦੀਆਂ ਹਨ। ਚੀਤੇ ਦਾ ਵਜ਼ਨ 35 ਤੋਂ 65 ਕਿਲੋਗ੍ਰਾਮ ਤੱਕ ਹੁੰਦਾ ਹੈ। ਜਦੋਂਕਿ ਬਾਘ ਦਾ ਵਜ਼ਨ 35 ਤੋਂ 75 ਕਿਲੋਗ੍ਰਾਮ ਤੱਕ ਹੁੰਦਾ ਹੈ।
ਚੀਤਾ ਧਰਤੀ ਦਾ ਸਭ ਤੋਂ ਤੇਜ਼ ਦੌੜਨ ਵਾਲਾ ਜਾਨਵਰ ਹੈ। ਉਸ ਦੀ ਸਪੀਡ 100 ਤੋਂ 112 ਕਿਲੋਮੀਟਰ ਪ੍ਰਤੀ ਘੰਟਾ ਹੁੰਦੀ ਹੈ। ਬਾਘ 88 ਕਿਲੋਮੀਟਰ ਪ੍ਰਤੀ ਘੰਟਾ ਦੀ ਗਤੀ ਨਾਲ ਦੌੜ ਸਕਦਾ ਹੈ। ਚੀਤੇ ਦੀ ਪੂਛ ਵੇਖਣ ਵਿੱਚ ਕੁਝ ਸਮਤਲ ਅਤੇ ਚੌੜੀ ਹੁੰਦੀ ਹੈ। ਤੇਜ਼ ਰਫ਼ਤਾਰ ਨਾਲ ਆਪਣੇ ਸ਼ਿਕਾਰ ਦਾ ਪਿੱਛਾ ਕਰਦੇ ਸਮੇਂ, ਚੀਤਾ ਆਪਣੀ ਪੂਛ ਨੂੰ ਸੰਤੁਲਨ ਵਜੋਂ ਵਰਤਦਾ ਹੈ ਤਾਂ ਜੋ ਉਸ ਨੂੰ ਬਹੁਤ ਤੇਜ਼ੀ ਨਾਲ ਦਿਸ਼ਾ ਬਦਲਣ ਵਿੱਚ ਮਦਦ ਮਿਲ ਸਕੇ। ਬਾਘ ਦੀ ਪੂਛ ਨਲਾਕਾਰ ਆਕਾਰ ਦੀ ਹੁੰਦੀ ਹੈ, ਜੋ ਉਨ੍ਹਾਂ ਨੂੰ ਰੁੱਖਾਂ ’ਤੇ ਚੜ੍ਹਨ ਵੇਲੇ ਸੰਤੁਲਨ ਬਣਾਉਣ ਵਿੱਚ ਮਦਦ ਕਰਦੀ ਹੈ। ਬਾਘ ਹਮਲਾਵਰ ਸ਼ਿਕਾਰੀ ਜਾਨਵਰ ਹੈ। ਉਹ ਮੁੱਖ ਤੌਰ ’ਤੇ ਰਾਤ ਨੂੰ ਸ਼ਿਕਾਰ ਕਰਦੇ ਹਨ ਅਤੇ ਸ਼ਿਕਾਰ ਨੂੰ ਲੱਭਣ ਲਈ ਆਪਣੀ ਸ਼ਾਨਦਾਰ ਦ੍ਰਿਸ਼ਟੀ ਅਤੇ ਸੁਣਨ ਸ਼ਕਤੀ ਦੀ ਵਰਤੋਂ ਕਰਦੇ ਹਨ।
ਚੀਤਾ ਬਿੱਲੇ-ਬਿੱਲੀਆਂ ਦੀ ਤਰ੍ਹਾਂ ਆਵਾਜ਼ਾਂ ਕੱਢਦਾ ਹੈ ਜਦੋਂ ਕਿ ਬਾਘ ਸ਼ੇਰ ਦੀ ਤਰ੍ਹਾਂ ਦਹਾੜਦਾ ਹੈ। ਚੀਤਾ 10 ਤੋਂ 12 ਸਾਲ ਉਮਰ ਭੋਗਦਾ ਹੈ, ਪਰ ਬਾਘ ਦੀ ਉਮਰ ਉਸ ਦੇ ਮੁਕਾਬਲੇ ਜ਼ਿਆਦਾ ਹੁੰਦੀ ਹੈ, ਉਹ 12 ਤੋਂ 17 ਸਾਲ ਉਮਰ ਭੋਗਦਾ ਹੈ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ
ਸੰਪਰਕ: 98884-56910