ਮੁੰਬਈ, 21 ਜੁਲਾਈ
ਅਦਾਕਾਰਾ ਕੰਗਨਾ ਰਨੌਤ ਅਤੇ ਤਾਪਸੀ ਪੰਨੂ ਵਿਚਾਲੇ ਸ਼ੁਰੂ ਹੋਇਆ ਟੀਕਾ-ਟਿੱਪਣੀ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਅਦਾਕਾਰਾ ਪੰਨੂ ਨੇ ਆਪਣੇ ਨਵੇਂ ਟਵੀਟ ਵਿੱਚ ਕਿਹਾ ਕਿ ਊਸ ਨੇ ਇੱਜ਼ਤ ਕਮਾਈ ਹੈ, ਥੋਪੀ ਨਹੀਂ। ਇਹ ਟਿੱਪਣੀ ਟਵਿੱਟਰ ’ਤੇ ਕਿਸੇ ਵਰਤੋਂਕਾਰ ਦੇ ਟਵੀਟ ਮਗਰੋਂ ਆਈ ਹੈ, ਜਿਸ ਨੇ ਕਿਹਾ, ‘‘ਹਰ ਕੋਈ ਕੰਗਨਾ ਰਣੌਤ ਨੂੰ ਨੈਪੋਟਿਜ਼ਮ ’ਚੋਂ ਬਾਹਰ ਨਿਕਲਣ ਲਈ ਕਹਿਣ ਦੀ ਸ਼ਲਾਘਾ ਕਰ ਰਿਹਾ ਹੈ। ਮੈਂ ਇਹ ਵੀਡੀਓ ਊਨ੍ਹਾਂ ਨੂੰ ਵਿਖਾਊਣਾ ਚਾਹੁੰਦਾ ਹਾਂ ਅਤੇ ਦੱਸਣਾ ਚਾਹੁੰਦਾ ਕਿ ਕੰਗਨਾ ਅਤੇ ਕਰਨ ਜੌਹਰ ਵਿੱਚ ਕਿੰਨਾ ਫ਼ਰਕ ਹੈ? ਜੇਕਰ ਊਸ ਨੂੰ ਨਿਰਦੇਸ਼ਕ ਵਜੋਂ ਸਹਿ-ਕਲਾਕਾਰਾਂ ਦੀ ਭੂਮਿਕਾ ਘਟਾਊਣ ਦਾ ਅਖ਼ਿਤਆਰ ਹੈ ਤਾਂ ਕਰਨ ਨੂੰ ਊਸ ਦੇ ਫ਼ੈਸਲਿਆਂ ਬਾਰੇ ਕੋਸਿਆ ਕਿਉਂ ਜਾ ਰਿਹਾ ਹੈ?’’ ਇਸ ਟਵੀਟ ਦੀ ਪ੍ਰੋੜ੍ਹਤਾ ਕਰਦਿਆਂ ਤਾਪਸੀ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ’ਤੇ ਕਿਹਾ, ‘‘ਇੱਥੇ ਕੋਈ ਫਿਲਮ ‘ਸੋਲੋ’ ਫਿਲਮ ਨਹੀਂ ਅਤੇ ਨਾ ਹੀ ਕੋਈ ਐਕਟਰ ਛੋਟਾ-ਮੋਟਾ ਐਕਟਰ ਹੈ। ਇੱਕ ਫ਼ਿਲਮ ਪੂਰੀ ਟੀਮ ਦੀਆਂ ਕੋਸ਼ਿਸ਼ਾਂ ਹਨ, ਜਿਸ ਵਿੱਚ ਸਾਰੇ ਵਿਭਾਗ, ਅਦਾਕਾਰ ਸ਼ਾਮਲ ਹਨ। … ਇੱਜ਼ਤ ਕਮਾਈ ਹੈ, ਥੋਪੀ ਨਹੀਂ।’’ -ਆਈਏਐੱਨਐੱਸ