ਨਵੀਂ ਦਿੱਲੀ, 18 ਜੁਲਾਈ
ਉੱਘੇ ਬੌਲੀਵੁੱਡ ਅਦਾਕਾਰ ਕਬੀਰ ਬੇਦੀ ਨੇ ਆਖਿਆ ਕਿ ਅਮਰੀਕਨ ਫ਼ਿਲਮਾਂ ਲਈ ਪਹਾੜੀ ’ਤੇ ਵੱਡੇ-ਵੱਡੇ ਅੱਖਰਾਂ ਵਿੱਚ ਬਣਾਇਆ ‘ਹੌਲੀਵੁੱਡ’ ਸ਼ਬਦ ਦਾ ਚਿੰਨ੍ਹ ਲੱਖਾਂ ਲੋਕਾਂ ਨੂੰ ਦੇਖਣ ਵਿੱਚ ਬਹੁਤ ਸੋਹਣਾ ਲੱਗਦਾ ਹੈ ਪਰ ਇਸ ਨੇ ਉਸ ਨੂੰ ਤਬਾਹ ਕਰ ਦਿੱਤਾ। ਹੌਲੀਵੁੱਡ ਨੇ ਬੇਦੀ ਨੂੰ ਵਿਦੇਸ਼ਾਂ ਵਿੱਚ ਫ਼ਿਲਮਾਂ ਤੇ ਸੀਰੀਜ਼ ਵਿੱਚ ਕੀਤੇ ਕੰਮ ਦਾ ਚੇਤਾ ਤਾਂ ਕਰਵਾਇਆ ਪਰ ਅਦਾਕਾਰ ਨੇ ਆਖਿਆ ਕਿ ਇਹ ਉਸ ਨੂੰ ਅਮਰੀਕਾ ਵਿੱਚ ‘ਸਟਾਰ’ ਨਹੀਂ ਬਣਾ ਸਕੇ। ਬੇਦੀ ਨੇ ਆਪਣੀ ਸਵੈ-ਜੀਵਨੀ ‘ਸਟੋਰੀਜ਼ ਆਈ ਮਸਟ ਟੈਲ’ ਵਿੱਚ ਆਖਿਆ,‘‘ਹੌਲੀਵੁੱਡ ਨੇ ਮੈਨੂੰ ਬਰਬਾਦ ਕਰ ਦਿੱਤਾ ਪਰ ਇਟਲੀ ਤੇ ਭਾਰਤ ਨੇ ਮੈਨੂੰ ਪੁਨਰ-ਜੀਵਤ ਕੀਤਾ ਹੈ। ਜਦੋਂ ਮੈਂ ਹੌਲੀਵੁੱਡ ਬਾਰੇ ਸੋਚਦਾ ਹਾਂ ਤਾਂ ਮੇਰੇ ਦਿਮਾਗ ਵਿੱਚ ਕੀ ਆਉਂਦਾ ਹੈ? ਇਹ ਲੱਖਾਂ ਲੋਕਾਂ ਵਾਸਤੇ ਪਹਾੜੀ ’ਤੇ ਸਥਿਤ ਅਮਰੀਕਨ ਫ਼ਿਲਮਾਂ ਦਾ ਸੁੰਦਰ ਚਿੰਨ੍ਹ ਹੈ ਪਰ ਅਸਲ ਵਿੱਚ ਇਹ ਇਕ ਮਾਇਆ ਜਾਲ ਹੈ।’’ ਵੈਸਟਲੈਂਡ ਵੱਲੋਂ ਪ੍ਰਕਾਸ਼ਿਤ ਇਸ ਪੁਸਤਕ ਵਿੱਚ ਪਾਠਕਾਂ ਨੂੰ ਬੇਦੀ ਦੀ ਪੇਸ਼ੇਵਰ ਤੇ ਨਿੱਜੀ ਜ਼ਿੰਦਗੀ ਵਿੱਚ ਆਏ ਉਤਰਾਅ-ਚੜ੍ਹਾਅ ਅਤੇ ਉਸ ਦੇ ਸਬੰਧਾਂ ਜਿਵੇਂ ਵਿਆਹ ਤੇ ਤਲਾਕ ਬਾਰੇ ਜਾਣਕਾਰੀ ਮਿਲਦੀ ਹੈ ਅਤੇ ਨਾਲ ਹੀ ਅਦਾਕਾਰ ਵੱਲੋਂ ਭਾਰਤ, ਯੂਰੋਪ ਅਤੇ ਹੌਲੀਵੁੱਡ ਵਿੱਚ ਫ਼ਿਲਮ, ਟੈਲੀਵਿਜ਼ਨ ਤੇ ਥੀਏਟਰ ਵਿਚ ਕੀਤੇ ਕੰਮ ਦੇ ਸ਼ੁਰੂਆਤੀ ਦੌਰ ਦਾ ਵੀ ਜ਼ਿਕਰ ਹੈ। ਇਸ ਪੁਸਤਕ ਇਥੋਂ ਸ਼ੁਰੂ ਹੁੰਦੀ ਹੈ ਕਿ ਅਦਾਕਾਰ ਨੇ ਕਿਵੇਂ ‘ਬੀਟਲਜ਼’ ਕਰਕੇ ਆਪਣਾ ਜੱਦੀ ਸ਼ਹਿਰ ਦਿੱਲੀ ਛੱਡਿਆ ਸੀ। ਉਸ ਨੇ 7 ਜੁਲਾਈ 1966 ਨੂੰ ਆਲ ਇੰਡੀਆ ਰੇਡੀਓ ਦਾ ਫਰੀਲਾਂਸਰ ਪੱਤਰਕਾਰ ਹੁੰਦਿਆਂ ਇਸ ਪ੍ਰਸਿੱਧ ਰੌਕ ਬੈਂਡ ਦੀ ਇੰਟਰਵਿਊ ਕੀਤੀ ਸੀ। ਇਸ ਪੁਸਤਕ ਵਿੱਚ ਬੇਦੀ ਦੇ ਬੁੱਧ ਧਰਮ ਨਾਲ ਸਬੰਧ ਬਾਰੇ ਵੀ ਜਾਣਕਾਰੀ ਮਿਲਦੀ ਹੈ। ਸਾਲ 1966 ਵਿੱਚ ਉਸ ਦੀ ਮਾਤਾ ਨੇ ਬੁੱਧ ਧਰਮ ਅਪਣਾ ਲਿਆ ਸੀ। ਉਸ ਨੇ ਦੱਸਿਆ ਕਿ ਜਦੋਂ ਉਹ ਇਕ ਵਾਰ ਧਰਮਸ਼ਾਲਾ ਵਿੱਚ ਦਲਾਈਲਾਮਾ ਨੂੰ ਮਿਲਿਆ ਸੀ ਤਾਂ ਉਦੋਂ ਉਸ ਨੇ ਉਸ ਦਾ ਆਭਾ ਮੰਡਲ ਦੇਖਿਆ ਸੀ। -ਪੀਟੀਆਈ