ਮੁੰਬਈ: ਬੌਲੀਵੁੱਡ ਅਦਾਕਾਰਾ ਵਿਦਿਆ ਬਾਲਨ ਦਾ ਕਹਿਣਾ ਕਿ ‘ਸੰਪੂਰਨ ਔਰਤ’ ਦਾ ਵਿਚਾਰ ਹੁਣ ਬੀਤੇ ਸਮੇਂ ਦੀ ਗੱਲ ਹੋ ਚੁੱਕੀ ਹੈ ਅਤੇ ਵਿਸ਼ਵ ਭਰ ਵਿੱਚ ਔਰਤ ਨੂੰ ਵਿਅਕਤੀਗਤ ਤੌਰ ’ਤੇ ਪੇਸ਼ ਕੀਤਾ ਜਾ ਰਿਹਾ ਹੈ। 43 ਸਾਲਾ ਅਦਾਕਾਰਾ ਨੇ ਆਪਣੀ ਆਉਣ ਵਾਲੀ ਫ਼ਿਲਮ ‘ਜਲਸਾ’ ਵਿੱਚ ਵੀ ‘ਦਿ ਡਰਟੀ ਪਿਕਚਰ’, ‘ਇਸ਼ਕੀਆ’ ਅਤੇ ‘ਸ਼ਕੁੰਤਲਾ ਦੇਵੀ’ ਵਾਂਗ ਦਮਦਾਰ ਕਿਰਦਾਰ ਨਿਭਾਇਆ ਹੈ। ਫ਼ਿਲਮ ‘ਜਲਸਾ’ 18 ਮਾਰਚ ਨੂੰ ਪ੍ਰਾਈਮ ਵੀਡੀਓ ’ਤੇ ਰਿਲੀਜ਼ ਹੋਣ ਜਾ ਰਹੀ ਹੈ। ਇਸ ਵਿੱਚ ਅਦਾਕਾਰਾ ਨੇ ਮਾਇਆ ਮੈਨਨ ਦਾ ਕਿਰਦਾਰ ਨਿਭਾਇਆ ਹੈ, ਜੋ ਇੱਕ ਪੱਤਰਕਾਰ ਹੈ ਅਤੇ ਲਗਾਤਾਰ ਸੱਚ ਦੀ ਖੋਜ ਕਰਦੀ ਹੈ। ਅਦਾਕਾਰਾ ਨੇ ਕਿਹਾ, ‘‘ਪਹਿਲਾਂ ਆਦਰਸ਼ ਔਰਤ ਦਾ ਸਮਾਂ ਸੀ ਪਰ ਅੱਜ ਨਹੀਂ ਹੈ ਕਿਉਂਕਿ ਹੁਣ ਸਾਡੀ ਵਿਸ਼ਵ ਵਿੱਚ ਨਿੱਜੀ ਪਛਾਣ ਹੈ। ਇਸ ਲਈ ਅੱਜ ਵੱਡੀ ਪੱਧਰ ’ਤੇ ਬਹੁ-ਭਾਂਤੀ ਵੰਨਗੀ ਮੌਜੂਦ ਹੈ ਅਤੇ ਸਾਨੂੰ ਪਰਦੇ ’ਤੇ ਔਰਤਾਂ ਦੀ ਨੁਮਾਇੰਦਗੀ ਨਜ਼ਰ ਆ ਰਹੀ ਹੈ। ਅੱਜ ਅਸੀਂ ਫ਼ਿਲਮਾਂ ਵਿੱਚ ਖਾਮੀਆਂ ਮੰਨਦੇ ਹਾਂ ਪਰ ਉਹ ਜਿਸ ਤਰ੍ਹਾਂ ਦਾ ਕੰਮ ਕਰ ਰਹੀ ਹੈ, ਬਹੁਤ ਚੰਗਾ ਹੈ ਕਿਉਂਕਿ ਸਾਨੂੰ ਅਹਿਸਾਸ ਹੋਇਆ ਹੈ ਕਿ ਸਾਧਾਰਨ ’ਚੋਂ ਅਸਾਧਾਰਨ ਉੱਭਰ ਕੇ ਆਉਂਦਾ ਹੈ। ਇਸ ਲਈ ਅੱਜ ਅਸੀਂ ਔਰਤਾਂ ਦੀਆਂ ਵਾਪਰੀਆਂ ਅਸਾਧਾਰਨ ਕਹਾਣੀਆਂ ਦੱਸ ਰਹੇ ਹਾਂ।’’ ਕੌਮੀ ਐਵਾਰਡ ਜੇਤੂ ਅਨੁਸਾਰ ਔਰਤਾਂ ਨੂੰ ਸਿਰਫ ਕਿਸੇ ਦੀ ਧੀ, ਭੈਣ ਜਾਂ ਮਾਂ ਦੇ ਰੂਪ ਵਿੱਚ ਨਹੀਂ ਬਲਕਿ ਵਿਅਕਤੀਗਤ ਰੂਪ ਵਿੱਚ ਦੇਖਿਆ ਜਾਣਾ ਚਾਹੀਦਾ ਹੈ, ਜਿਸ ਦੇ ਆਪਣੇ ਸੁਫ਼ਨੇ ਅਤੇ ਇੱਛਾਵਾਂ ਹਨ। -ਪੀਟੀਆਈ