ਮਨਦੀਪ ਸਿੰਘ ਸਿੱਧੂ
ਬਲਵੰਤ ਸਿੰਘ ਬਾਂਸਲ ਉਰਫ਼ ਬਲਵੰਤ ਬਾਂਸਲ ਦੀ ਪੈਦਾਇਸ਼ ਨਵਾਂ ਸ਼ਹਿਰ (ਦੁਆਬਾ) ਦੇ ਰਾਮਗੜ੍ਹੀਆ ਸਿੱਖ ਪਰਿਵਾਰ ਵਿਚ ਹੋਈ। ਇਨ੍ਹਾਂ ਦੇ ਪਿਤਾ ਪ੍ਰਿੰਸੀਪਲ ਗੁਰਬਚਨ ਸਿੰਘ ਬਾਂਸਲ ਵੀ ਨਾਮੀ ਪੇਂਟਰ ਸਨ। ਬਾਂਸਲ ਨੇ ਪੋਸਟ ਗ੍ਰੈਜੂਏਸ਼ਨ ਜਲੰਧਰ ਤੋਂ ਕੀਤੀ। ਉਹ ਵਧੀਆ ਦੌੜਾਕ ਵੀ ਸੀ। 1956 ਵਿਚ ਜਦੋਂ ਉਹ ਵਿਦਿਆਰਥੀ ਸਨ ਤਾਂ ਉਨ੍ਹਾਂ ਨੇ ਉੱਡਣੇ ਸਿੱਖ ਮਿਲਖਾ ਸਿੰਘ (ਮਰਹੂਮ) ਨੂੰ 200 ਮੀਟਰ ਦੀ ਦੌੜ ਵਿਚ ਹਰਾਇਆ ਸੀ। ਉਹ ਇਕ ਆਲਰਾਊਂਡਰ ਸਨ ਜੋ ਐਥਲੈਟਿਕਸ, ਨਾਟਕ ਤੇ ਸੰਗੀਤ ਮੁਕਾਬਲਿਆਂ ਵਿਚ ਵਧ-ਚੜ੍ਹ ਕੇ ਭਾਗ ਲੈਂਦੇ ਸਨ। ਤਾਲੀਮ ਮੁਕੰਮਲ ਕਰਨ ਤੋਂ ਬਾਅਦ ਬਲਵੰਤ ਦੀ ਦਿਲਚਸਪੀ ਗਾਇਕੀ ਵੱਲ ਹੋ ਗਈ। ਸ਼ਹਿਨਸ਼ਾਹ-ਏ-ਗ਼ਜ਼ਲ ਤਲਤ ਮਹਿਮੂਦ ਬਲਵੰਤ ਬਾਂਸਲ ਦੇ ਪਸੰਦੀਦਾ ਗੁਲੂਕਾਰ ਸਨ। ਉਨ੍ਹਾਂ ਦੀ ਗਾਇਕੀ ਤੋਂ ਮੁਤਾਸਿਰ ਹੁੰਦਿਆਂ ਬਲਵੰਤ ਨੇ ਵੀ ਗਾਉਣਾ ਸ਼ੁਰੂ ਕਰ ਦਿੱਤਾ। ਪਹਿਲਾਂ ਉਹ ਰੇਡੀਓ ਗਾਇਕ ਤੇ ਫਿਰ ਫ਼ਿਲਮੀ ਗਾਇਕ ਅਤੇ ਬਾਅਦ ’ਚ ਅਦਾਕਾਰ ਵਜੋਂ ਆਪਣੀ ਪਛਾਣ ਬਣਾਈ ਰੱਖਣ ਵਿਚ ਕਾਮਯਾਬ ਰਹੇ।
1960ਵਿਆਂ ਦੇ ਦਹਾਕੇ ਵਿਚ ਬਲਵੰਤ ਬਾਂਸਲ ਗੁਲੂਕਾਰ ਬਣਨ ਦੀ ਚਾਹਤ ਲੈ ਕੇ ਪੰਜਾਬ ਤੋਂ ਬੰਬਈ ਆਏ। ਇਸ ਤੋਂ ਪਹਿਲਾਂ ਉਹ ਆਲ ਇੰਡੀਆ ਰੇਡੀਓ, ਦਿੱਲੀ ਉੱਤੇ ਗੀਤ ਗਾਉਂਦੇ ਹੁੰਦੇ ਸਨ। ਬੰਬਈ ਦੇ ਖ਼ਾਲਸਾ ਕਾਲਜ ਵਿਚ ਇਕ ਪ੍ਰੋਗਰਾਮ ਸੀ, ਜਿੱਥੇ ਬਲਵੰਤ ਬਾਂਸਲ ਨੇ ਖ਼ੂਬਸੂਰਤ ਗੀਤ ਗਾਏ। ਕ੍ਰਿਸ਼ਨ ਚੰਦਰਨ ਇਸ ਸੰਗੀਤਕ ਪ੍ਰੋਗਰਾਮ ਦੇ ਮੁਖੀ ਸਨ ਜੋ ਬਲਵੰਤ ਦੀ ਗਾਇਕੀ ਤੋਂ ਬੜੇ ਮੁਤਾਸਿਰ ਹੋਏ। ਇਕ ਦਿਨ ਕ੍ਰਿਸ਼ਨ ਚੰਦਰਨ ਨੇ ਬਲਵੰਤ ਦੀ ਮੁਲਾਕਾਤ ਮਾਰੂਫ਼ ਸੰਗੀਤ-ਨਿਰਦੇਸ਼ਕ ਚਿੱਤਰਗੁਪਤ ਨਾਲ ਕਰਵਾਈ। ਉਹ ਵੀ ਬਲਵੰਤ ਦੀ ਗਾਇਨ ਕਲਾ ਤੋਂ ਬੜੇ ਪ੍ਰਭਾਵਿਤ ਹੋਏ। ਉਸ ਵੇਲੇ ਚਿੱਤਰਗੁਪਤ ‘ਨਾਮ ਬੜੇ ਔਰ ਦਰਸ਼ਨ ਛੋਟੇ’ ਨਾਮੀ ਫ਼ਿਲਮ ਦਾ ਸੰਗੀਤ ਤਾਮੀਰ ਕਰ ਰਹੇ ਸਨ। ਉਨ੍ਹਾਂ ਨੇ ਬਲਵੰਤ ਨੂੰ ਗਾਇਕੀ ਦਾ ਮੌਕਾ ਪ੍ਰਦਾਨ ਕੀਤਾ। ਬਾਅਦ ਵਿਚ ਕੁਝ ਕਾਰਨਾਂ ਦੇ ਚੱਲਦਿਆਂ ਇਹ ਫ਼ਿਲਮ ਮੁਕੰਮਲ ਨਾ ਹੋ ਸਕੀ। ਨਿਰਾਸ਼ ਹੋ ਕੇ ਬਲਵੰਤ ਦਿੱਲੀ ਮੁੜ ਆਇਆ। ਕੁਝ ਸਮਾਂ ਦਿੱਲੀ ਰਹਿਣ ਤੋਂ ਬਾਅਦ ਬੰਬਈ ਦਾ ਆਕਰਸ਼ਣ ਉਨ੍ਹਾਂ ਨੂੰ ਫਿਰ ਬੰਬਈ ਖਿੱਚ ਲਿਆਇਆ। ਯਾਰਾਂ-ਬੇਲੀਆਂ ਨੇ ਸੁਨੱਖਾ ਹੋਣ ਕਰਕੇ ਹੀਰੋ ਬਣਨ ਦੀ ਸਲਾਹ ਦਿੱਤੀ। ਸੋਚ-ਸਮਝ ਕੇ ਕੋਈ ਫੈਸਲਾ ਕਰ ਪਾਉਂਦਾ ਇਸ ਤੋਂ ਪਹਿਲਾਂ ਉਸ ਨੂੰ ਹੀਰੋ ਬਣਾ ਦਿੱਤਾ ਗਿਆ। ਰੌਬਿਨ ਚੈਟਰਜੀ ਦੇ ਸੰਗੀਤ ਵਿਚ ਉਨ੍ਹਾਂ ਨੇ ਇਕ ਭੋਜਪੁਰੀ ਫ਼ਿਲਮ ਵਿਚ ਵੀ ਗੀਤ ਗਾਇਆ।
ਜਦੋਂ ਰਾਜ ਕੁਮਾਰ ਕੋਹਲੀ ਨੇ ਆਪਣੇ ਫ਼ਿਲਮਸਾਜ਼ ਅਦਾਰੇ ਸ਼ੰਕਰ ਮੂਵੀਜ਼, ਬੰਬੇ ਦੇ ਬੈਨਰ ਹੇਠ ਬਲਦੇਵ ਆਰ. ਝੀਂਗਣ ਦੀ ਹਿਦਾਇਤਕਾਰੀ ਵਿਚ ਪੰਜਾਬੀ ਫ਼ਿਲਮ ‘ਦੁੱਲਾ ਭੱਟੀ’ (1966) ਬਣਾਈ, ਤਾਂ ਉਨ੍ਹਾਂ ਨੇ ਪੰਜਾਬੀ ਗੱਭਰੂ ਬਲਵੰਤ ਬਾਂਸਲ ਨੂੰ ਨਵੇਂ ਅਦਾਕਾਰ ਵਜੋਂ ਮੁਤਆਰਿਫ਼ ਕਰਵਾਇਆ। ਫ਼ਿਲਮ ’ਚ ਦਾਰਾ ਸਿੰਘ ਨੇ ‘ਦੁੱਲਾ ਭੱਟੀ’ ਦਾ ਟਾਈਟਲ ਕਿਰਦਾਰ ਨਿਭਾਇਆ। ਮੁਕਾਲਮੇ ਮੁਲਕ ਰਾਜ ਭਾਖੜੀ, ਮੰਜ਼ਰਨਾਮਾ ਹਜ਼ਰਤ ਅਜ਼ੀਜ਼ ਕਸ਼ਮੀਰੀ, ਗੀਤ ਵਰਮਾ ਮਲਿਕ ਅਤੇ ਸੰਗੀਤ ਐੱਸ. ਮਦਨ ਨੇ ਮੁਰੱਤਬਿ ਕੀਤਾ। ਇਹ ਕਾਮਯਾਬ ਫ਼ਿਲਮ 24 ਜੂਨ 1966 ਨੂੰ ਇੰਦਰ ਪੈਲੇਸ, ਅੰਮ੍ਰਿਤਸਰ ਵਿਖੇ ਰਿਲੀਜ਼ ਹੋਈ। ਹਿੰਦੀ ਵਿਚ ਇਹ ਫ਼ਿਲਮ ‘ਡੰਕਾ’ (1969) ਦੇ ਨਾਮ ਨਾਲ ਡੱਬ ਹੋਈ। ਚੱਠਾ ਫ਼ਿਲਮਜ਼, ਬੰਬੇ ਦੇ ਬੈਨਰ ਹੇਠ ਜੋਗਿੰਦਰ ਸਮਰਾ ਦੀ ਫ਼ਿਲਮਸਾਜ਼ੀ ਤੇ ਹਿਦਾਇਤਕਾਰੀ (ਸਤੀਸ਼ ਭਾਖੜੀ) ’ਚ ਬਣੀ ਪੰਜਾਬੀ ਫ਼ਿਲਮ ‘ਖੇਡ ਪ੍ਰੀਤਾਂ ਦੀ’ (1967) ’ਚ ਬਲਵੰਤ ਬਾਂਸਲ ਨੇ ਪਿੰਡ ਦੇ ਜ਼ਿਮੀਂਦਾਰ ਦੇ ਪੁੱਤ ‘ਦੀਪਾ’ ਦਾ ਕਿਰਦਾਰ ਨਿਭਾਇਆ, ਜਿਸ ਦੇ ਹਮਰਾਹ ਅਦਾਕਾਰਾ ਇੰਦਰਾ ਬਿੱਲੀ ‘ਪ੍ਰੀਤੋ’ ਦਾ ਪਾਰਟ ਅਦਾ ਕਰ ਰਹੀ ਸੀ। ਕਹਾਣੀ, ਮੁਕਾਲਮੇ ਜੋਗਿੰਦਰ ਸਮਰਾ, ਗੀਤ ਵਰਮਾ ਮਲਿਕ (7) ਤੇ ਚਮਨ ਲਾਲ ਸ਼ੁਗਲ (2) ਅਤੇ ਸੰਗੀਤਕਾਰ ਐੱਸ. ਮਦਨ (ਸੁਰਿੰਦਰ ਕੋਹਲੀ) ਸਨ। ਫ਼ਿਲਮ ਵਿਚ ਬਲਵੰਤ ਬਾਂਸਲ ਤੇ ਇੰਦਰਾ ਬਿੱਲੀ ’ਤੇ ਫ਼ਿਲਮਾਏ ‘ਹੋ ਸੁਣ ਸੋਲਾਂ ਦੀ ਬਹਾਰੇ’ (ਮਹਿੰਦਰ ਕਪੂਰ, ਸੁਮਨ ਕਲਿਆਣਪੁਰ), ‘ਹੋ ਮੰਗ ਲਈ ਮੈਂ ਤੇ ਰੱਬ ਤੋਂ ਉਧਾਰ ਨਹੀਂ’ (ਸੁਮਨ ਕਲਿਆਣਪੁਰ) ਅਤੇ ਦੇਸ਼ ਭਗਤੀ ਦਾ ਗੀਤ ‘ਜਾਗ ਉੱਠੇ ਧਰਤੀ ਦੇ ਲਾਲ’ (ਐੱਸ. ਮਦਨ, ਬਲਵੰਤ ਬਾਂਸਲ, ਸੁਰਿੰਦਰ ਕੋਹਲੀ) ਗੀਤ ਬੜੇ ਪਸੰਦ ਕੀਤੇ ਗਏ। ਇਹ ਫ਼ਿਲਮ 12 ਮਈ 1967 ਨੂੰ ਅਸ਼ੋਕਾ ਥੀਏਟਰ, ਅੰਮ੍ਰਿਤਸਰ ਵਿਖੇ ਰਿਲੀਜ਼ ਹੋਈ। ਕੁੰਵਰ ਫ਼ਿਲਮਜ਼, ਬੰਬੇ ਦੀ ਰਮੇਸ਼ ਬੇਦੀ ਨਿਰਦੇਸ਼ਿਤ ਫ਼ਿਲਮ ‘ਜੀਤੋ’ (1972) ਵਿਚ ਬਲਵੰਤ ਬਾਂਸਲ ਨੇ ਸੁਰਿੰਦਰ ਕੋਹਲੀ ਦੇ ਸੰਗੀਤ ਵਿਚ ਇਕ ਗੀਤ ਗਾਇਆ ‘ਬੱਲੇ-ਬੱਲੇ…ਵਈ-ਵਈ’ (ਨਾਲ ਮਹਿੰਦਰ ਕਪੂਰ) ਜੋ ਬੜਾ ਪਸੰਦ ਕੀਤਾ ਗਿਆ। ਇਹ ਫ਼ਿਲਮ 7 ਜੁਲਾਈ 1972 ਨੂੰ ਲਕਸ਼ਮੀ ਪੈਲੇਸ, ਲੁਧਿਆਣਾ ਵਿਚ ਰਿਲੀਜ਼ ਹੋਈ।
ਜਦੋਂ ਮਿਹਰ ਮਿੱਤਲ ਨੇ ਨਿਊ ਸਟੈਂਡਰ ਫ਼ਿਲਮਜ਼, ਬੰਬੇ ਦੇ ਬੈਨਰ ਹੇਠ ਆਪਣੀ ਪਹਿਲੀ ਪੰਜਾਬੀ ਫ਼ਿਲਮ ‘ਮਾਂ ਦੀ ਗੋਦ’ (1970) ਸ਼ੁਰੂ ਕੀਤੀ, ਤਾਂ ਉਨ੍ਹਾਂ ਇਸ ਵਿਚ ਬਲਵੰਤ ਬਾਂਸਲ ਨੂੰ ਹੀਰੋ ਅਤੇ ਲਤਾ ਅਰੋੜਾ ਨੂੰ ਹੀਰੋਇਨ ਦੇ ਕਿਰਦਾਰ ਵਿਚ ਪੇਸ਼ ਕੀਤਾ। ਐੱਸ. ਮੋਹਿੰਦਰ ਦੇ ਸੰਗੀਤ ਵਿਚ ਨਕਸ਼ ਲਾਇਲਪੁਰੀ ਦੇ ਲਿਖੇ ਤੇ ਬਲਵੰਤ ਬਾਂਸਲ ਤੇ ਲਤਾ ਅਰੋੜਾ ’ਤੇ ਫ਼ਿਲਮਾਏ ‘ਓ ਓ…ਨਾ ਗੀਤ ਮੁੱਕੇ ਨਾ ਰਾਤ ਰਾਂਝਣਾ’ (ਆਸ਼ਾ ਭੌਸਲੇ, ਮੁਹੰਮਦ ਰਫ਼ੀ) ਤੇ ‘ਮਾਂ ਦੀ ਰੀਸ ਨਾ ਜੱਗ ’ਤੇ ਕੋਈ ਮਾਂ ਦੀ ਗੋਦ ਮਹਾਨ’ (ਮੁਹੰਮਦ ਰਫ਼ੀ) ਗੀਤ ਬੜੇ ਮਕਬੂਲ ਹੋਏ। ਕਿਸੇ ਸਬੱਬ ਵੱਸ ਮੁਕੰਮਲ ਹੋਣ ਦੇ ਬਾਵਜੂਦ ਨਾ ਤਾਂ ਇਹ ਫ਼ਿਲਮ ਸੈਂਸਰ ਕੋਲ ਪਹੁੰਚ ਪਾਈ ਤੇ ਨਾ ਹੀ ਇਸ ਦੀ ਨੁਮਾਇਸ਼ ਸੰਭਵ ਹੋ ਸਕੀ। ਇਸ ਫ਼ਿਲਮ ਦੇ ਗ੍ਰਾਮੋਫ਼ੋਨ ਰਿਕਾਰਡ ਹਿਜ਼ ਮਾਸਟਰ ਵੋਆਇਸ ਨੇ ਜਾਰੀ ਕੀਤੇ ਸਨ।
ਜਦੋਂ ਅਦਾਕਾਰ ਵਿਜੈ ਟੰਡਨ ਨੇ ਆਪਣੇ ਫ਼ਿਲਮਸਾਜ਼ ਅਦਾਰੇ ਗੌਤਮ ਵਿਜੈ ਫ਼ਿਲਮਜ਼, ਬੰਬੇ ਦੇ ਬੈਨਰ ਹੇਠ ਰਵਿੰਦਰ ਪੀਪਟ ਦੀ ਹਿਦਾਇਤਕਾਰੀ ਵਿਚ ਪੰਜਾਬੀ ਫ਼ਿਲਮ ‘ਕਚਹਿਰੀ’ (1993) ਬਣਾਈ, ਤਾਂ ਬਲਵੰਤ ਬਾਂਸਲ ਨੂੰ ‘ਜੱਜ’ ਦਾ ਕਿਰਦਾਰ ਦਿੱਤਾ। ਇਸ ਫ਼ਿਲਮ ਨੂੰ 30 ਸਤੰਬਰ 1994 ਨੂੰ ਹੋਏ 41ਵੇਂ ਰਾਸ਼ਟਰੀ ਫ਼ਿਲਮ ਪੁਰਸਕਾਰ ਦੌਰਾਨ ਬਿਹਤਰੀਨ ਪੰਜਾਬੀ ਫ਼ੀਚਰ ਫ਼ਿਲਮ ਦਾ ਨੈਸ਼ਨਲ ਐਵਾਰਡ ਮਿਲਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਇਕ ਵੀਡੀਓ ਪੰਜਾਬੀ ਫ਼ਿਲਮ ‘ਜੱਟ ਪਿੱਛੇ ਪੈ ਗਿਆ’ (1993) ਵਿਚ ਵੀ ਅਦਾਕਾਰੀ ਕੀਤੀ ਸੀ।
ਬਲਵੰਤ ਬਾਂਸਲ ਦੀ ਪਹਿਲੀ ਹਿੰਦੀ ਫ਼ਿਲਮ ਜੌਏ ਮੁਖਰਜੀ ਦੇ ਫ਼ਿਲਮਸਾਜ਼ ਅਦਾਰੇ ਜੌਏ ਪ੍ਰੋਡਕਸ਼ਨਜ਼, ਬੰਬੇ ਦੀ ਜੌਏ ਮੁਖਰਜੀ ਨਿਰਦੇਸ਼ਿਤ ‘ਹਮਸਾਯਾ’ (1968) ਸੀ। ਇਸ ਫ਼ਿਲਮ ਵਿਚ ਬਲਵੰਤ ਬਾਂਸਲ ਨੇ ‘ਵਿਜੈ ਕੁਮਾਰ’ ਦਾ ਖ਼ਲ ਕਿਰਦਾਰ ਨਿਭਾਇਆ।
ਬਲਵੰਤ ਬਾਂਸਲ ਨੇ ਸ਼ਿਲਪਕਾਰ, ਬੰਬੇ ਦੀ ਆਨੰਦ ਦੱਤਾ ਨਿਰਦੇਸ਼ਿਤ ਫ਼ਿਲਮ ‘ਦਿਲ ਔਰ ਮੁਹੱਬਤ’ (1968) ਅਤੇ ਓ. ਪੀ. ਰਲਹਨ ਦੇ ਫ਼ਿਲਮਸਾਜ਼ ਅਦਾਰੇ ਰਲਹਨ ਪ੍ਰੋਡਕਸ਼ਨਜ਼, ਬੰਬੇ ਦੀ ਫ਼ਿਲਮ ‘ਹਲਚਲ’ (1971) ਵਿਚ ਛੋਟੇ-ਛੋਟੇ ਖ਼ਲ ਪਾਰਟ ਅਦਾ ਕੀਤੇ। ਇਸ ਤੋਂ ਇਲਾਵਾ ਉਨ੍ਹਾਂ ਨੇ ਫ਼ਿਲਮ ‘ਪ੍ਰਤੀਘਾਤ’ (1987), ‘ਸੌਤਨ ਕੀ ਬੇਟੀ’ (1989), ‘ਵਿਸ਼ਨੂੰ ਦੇਵਾ’ (1991), ‘ਨਿਸਚਯ’ (1992), ‘ਜ਼ਿੱਦ’ (1994), ‘ਰਘੂਵੀਰ’ (1995), ‘ਘਾਤਕ’ (1996), ‘ਜੁਦਾਈ’ (1997), ‘ਲਵਾਰਿਸ’ (1999), ‘ਇੰਡੀਅਨ’ (2001), ‘ਅੰਸ਼’ (2002), ‘ਵੀਰਜ਼ਾਰਾ’ (2004), ‘ਚੱਲ ਚਲੇਂ’ (2009) ਆਦਿ ਫ਼ਿਲਮਾਂ ’ਚ ਸ਼ਾਨਦਾਰ ਚਰਿੱਤਰ ਕਿਰਦਾਰ ਨਿਭਾਏ। ਇਸ ਤੋਂ ਇਲਵਾ ਉਨ੍ਹਾਂ ਨੇ ਟੈਲੀਵਿਜ਼ਨ ਕਿਸ਼ਤਵਾਰਾਂ ’ਚ ‘ਵਿਕਰਮ ਔਰ ਵੇਤਾਲ’ (1988) ਵਿਚ ਵੀ ‘ਮੰਤਰੀ’ ਦਾ ਪਾਰਟ ਅਦਾ ਕੀਤਾ ਸੀ।
ਬਲਵੰਤ ਬਾਂਸਲ ਅਦਾਕਾਰੀ ਦੇ ਨਾਲ ਉਮਦਾ ਗ਼ਜ਼ਲ ਗਾਇਕ ਵੀ ਸਨ। ਰੇਡੀਓ ਅਤੇ ਟੈਲੀਵਿਜ਼ਨ ’ਤੇ ਗਾਇਨ ਦੇ ਇਲਾਵਾ ਉਨ੍ਹਾਂ ਨੇ ਦੇਸ਼ਾਂ-ਵਿਦੇਸ਼ਾਂ ਵਿਚ ਵੀ ਅਨੇਕਾਂ ਪ੍ਰੋਗਰਾਮ ਪੇਸ਼ ਕੀਤੇ। ਮਿਰਜ਼ਾ ਗ਼ਾਲਬਿ, ਮੀਰ ਤਕੀ ਮੀਰ ਵਰਗੇ ਪੁਰਾਣੇ ਸ਼ਇਰਾਂ ਤੋਂ ਇਲਾਵਾ ਬਲਵੰਤ ਨੇ ਕਤੀਲ ਸ਼ਿਫ਼ਾਈ ਅਤੇ ਫ਼ਰਾਜ਼ ਦੀ ਸ਼ਾਇਰੀ ਨੂੰ ਆਪਣੀ ਆਵਾਜ਼ ਦਾ ਹੁਸਨ ਬਖ਼ਸ਼ਿਆ।
ਬਲਵੰਤ ਬਾਂਸਲ ਦਾ ਵਿਆਹ ਪੰਜਾਬਣ ਮੁਟਿਆਰ ਮਨੋਰਮਾ ਮੈਦਾਨ ਨਾਲ ਹੋਇਆ ਸੀ। ਬਾਂਸਲ ਦੇ ਵੱਡੇ ਪੁੱਤਰ ਦਾ ਨਾਮ ਅਜੈਪਾਲ ਸਿੰਘ ਅਤੇ ਧੀ ਦਾ ਨਾਮ ਵਿਜਯਾ ਬਾਂਸਲ ਹੈ। ਅਜੈਪਾਲ ਦੀ ਪਤਨੀ ਮਨਜੀਤ ਕੌਰ ਨੇ ਦੱਸਿਆ ਕਿ 2017 ਵਿਚ ਅਜੈਪਾਲ ਸਿੰਘ ਦੀ ਮੌਤ ਹੋ ਚੁੱਕੀ ਹੈ। ਵਿਜਯਾ ਬਾਂਸਲ ਦੀ ਵੀ ਮੌਤ ਹੋ ਗਈ ਹੈ। ਬਲਵੰਤ ਬਾਂਸਲ ਦੇ ਦੂਜੇ ਵਿਆਹ ਵਿਚੋਂ ਉਨ੍ਹਾਂ ਦਾ ਇਕ ਪੁੱਤਰ ਹਰਪਾਲ ਸਿੰਘ ਬਾਂਸਲ ਤੇ ਧੀ ਸੋਨੀਆ ਕੌਰ ਹਨ। ਅੱਜਕੱਲ੍ਹ ਬਲਵੰਤ ਬਾਂਸਲ ਦੀ ਨੂੰਹ ਮਨਜੀਤ ਕੌਰ ਜਿੱਥੇ ‘ਦਿ ਸਿਨੇਮਾ’ ਨਾਮੀ ਡਾਕੂਮੈਂਟਰੀ ਮੁਕੰਮਲ ਕਰ ਚੁੱਕੀ ਹੈ ਉੱਥੇ ਉਹ ਹਿੰਦੀ ਫ਼ਿਲਮਾਂ ਵਿਚ ਅਦਾਕਾਰੀ ਦੇ ਨਾਲ-ਨਾਲ ਫੈਸ਼ਨ ਤੇ ਕ੍ਰਿਕਟ ’ਤੇ ਕਾਲਮ ਵੀ ਲਿਖ ਰਹੀ ਹੈ। ਇੰਤਹਾਈ ਹਲੀਮਨਵਾਜ਼ ਬਲਵੰਤ ਬਾਂਸਲ 9 ਜਨਵਰੀ 2009 ਨੂੰ ਆਪਣੇ ਬੰਬਈ (ਮੁੰਬਈ) ਸਥਿਤ ਘਰ ਵਿਚ ਫ਼ੌਤ ਹੋ ਗਏ।
ਸੰਪਰਕ: 97805-09545