ਬਾਲ ਕਹਾਣੀ
ਇਕਬਾਲ ਸਿੰਘ ਹਮਜਾਪੁਰ
ਚਿੜੀ ਕਿਸਾਨ ਦੇ ਖੇਤ ਵਿਚ ਟਾਹਲੀ ਉੱਪਰ ਰਹਿੰਦੀ ਸੀ। ਚਿੜੀ, ਕਿਸਾਨ ਨੂੰ ਹਰ ਵੇਲੇ ਮਿਹਨਤ ਕਰਦਿਆਂ ਵੇਖਦੀ। ਕਿਸਾਨ ਮਿਹਨਤ ਹੀ ਨਹੀਂ, ਕਿਰਸ ਵੀ ਬਹੁਤ ਕਰਦਾ ਸੀ। ਕਿਸਾਨ ਆਪਣੇ ਖੇਤ ਵਿਚੋਂ ਦਾਣਾ-ਦਾਣਾ ਇਕੱਠਾ ਕਰਦਾ। ਉਹ ਆਉਣ ਵਾਲੇ ਸਮੇਂ ਲਈ ਦਾਣੇ ਬਚਾ ਕੇ ਰੱਖਦਾ ਸੀ।
ਚਿੜੀ ਵੀ ਕਿਸਾਨ ਵੱਲ ਵੇਖ ਕੇ ਮਿਹਨਤ ਕਰਨ ਲੱਗ ਪਈ। ਚਿੜੀ ਵੀ ਚੋਗਾ ਖੇਤਾਂ ਵਿਚੋਂ ਲੱਭ ਕੇ ਲਿਆਉਣ ਲੱਗ ਪਈ। ਉਹ ਖੇਤਾਂ ਵਿਚੋਂ ਚੋਗਾ ਲੱਭਦੀ-ਲੱਭਦੀ ਦੂਰ ਨਿਕਲ ਜਾਂਦੀ। ਉਹ ਕਿਸਾਨ ਦਾ ਸਟੋਰ ਕੀਤਾ ਹੋਇਆ ਅਨਾਜ ਨਹੀਂ ਚੁਰਾਉਂਦੀ ਸੀ। ਚਿੜੀ, ਕਿਸਾਨ ਵਾਂਗ ਬੱਚਤ ਵੀ ਕਰਨ ਲੱਗ ਪਈ ਸੀ। ਉਹ ਵੇਲੇ-ਕੁਵੇਲੇ ਲਈ ਅਨਾਜ ਬਚਾ ਕੇ ਰੱਖਦੀ।
ਜਿੱਥੇ ਚਿੜੀ ਰਹਿੰਦੀ ਸੀ, ਉੱਥੇ ਟਾਹਲੀ ਉੱਪਰ ਇਕ ਕਾਂ ਵੀ ਰਹਿੰਦਾ ਸੀ। ਕਾਂ ਬੇਹੱਦ ਆਲਸੀ, ਨਿਕੰਮਾ ਤੇ ਮੁਫ਼ਤਖੋਰ ਸੀ। ਉਹ ਬਿਲਕੁਲ ਵੀ ਮਿਹਨਤ ਨਹੀਂ ਕਰਦਾ ਸੀ। ਕਾਂ ਪਹਿਲੇ ਦਿਨ ਤੋਂ ਹੀ ਚੋਰੀ ਕਰਕੇ ਤੇ ਖੋਹ ਕੇ ਖਾਣ ਵਿਚ ਵਿਸ਼ਵਾਸ ਰੱਖਦਾ ਸੀ। ਹੁਣ ਕਾਂ ਨੂੰ ਹੋਰ ਵੀ ਮੌਜ ਲੱਗ ਗਈ ਸੀ। ਕਾਂ, ਚਿੜੀ ਦਾ ਚੋਗਾ ਖੋਹ ਕੇ ਤੇ ਚੋਰੀ ਕਰਕੇ ਖਾਣ ਲੱਗ ਪਿਆ ਸੀ।
ਚਿੜੀ, ਕਿਸਾਨ ਵਾਂਗ ਵੇਲੇ-ਕੁਵੇਲੇ ਲਈ ਦਾਣੇ ਇਕੱਠੇ ਕਰਕੇ ਆਲ੍ਹਣੇ ਵਿਚ ਰੱਖਦੀ ਸੀ, ਪਰ ਕਾਂ, ਚਿੜੀ ਦੇ ਇਕੱਠੇ ਕੀਤੇ ਦਾਣੇ ਝਪਟ ਕੇ ਲੈ ਜਾਂਦਾ ਸੀ।
ਚਿੜੀ ਕਈ ਦਿਨ ਵੇਖਦੀ ਰਹੀ। ਚਿੜੀ ਨੂੰ ਕਾਂ ਉੱਪਰ ਬੇਹੱਦ ਗੁੱਸਾ ਆਉਂਦਾ, ਪਰ ਚਿੜੀ, ਕਾਂ ਤੋਂ ਆਪਣਾ ਚੋਗਾ ਨਹੀਂ ਬਚਾ ਸਕਦੀ ਸੀ। ਉਹ, ਕਾਂ ਨਾਲੋਂ ਕਮਜ਼ੋਰ ਸੀ।
‘ਕਾਂ ਤੋਂ ਅਨਾਜ ਬਚਾਉਣ ਦਾ ਕੋਈ ਹੀਲਾ ਕਰਨਾ ਪਵੇਗਾ।’ ਚਿੜੀ ਨੇ ਸੋਚਿਆ ਤੇ ਉਸਨੇ ਇਕੱਠੇ ਕੀਤੇ ਦਾਣੇ ਛੁਪਾ ਕੇ ਰੱਖਣੇ ਸ਼ੁਰੂ ਕਰ ਦਿੱਤੇ। ਉਸਨੇ ਆਪਣੇ ਦਾਣਿਆਂ ਨੂੰ ਛੁਪਾਉਣ ਲਈ ਟਾਹਲੀ ਦੇ ਮੁੱਢ ਵਿਚ ਇਕ ਖੋੜ੍ਹ ਲੱਭ ਲਈ। ਚਿੜੀ ਦਾਣੇ ਬਚਾ ਕੇ ਖੋੜ ਵਿਚ ਰੱਖਣ ਲੱਗ ਪਈ, ਪਰ ਇੱਥੇ ਵੀ ਉਸਦੇ ਦਾਣੇ ਕੁਝ ਦਿਨ ਹੀ ਸੁਰੱਖਿਅਤ ਰਹੇ। ਕਾਂ ਨੂੰ ਪਤਾ ਲੱਗ ਗਿਆ ਸੀ। ਉਹ ਖੋੜ ਵਿਚੋਂ ਵੀ ਚਿੜੀ ਦੇ ਦਾਣੇ ਚੋਰੀ ਕਰਨ ਲੱਗ ਪਿਆ ਸੀ।
ਕਾਂ ਦੀਆਂ ਹਰਕਤਾਂ ਵੇਖਕੇ ਚਿੜੀ ਸਮਝ ਗਈ ਕਿ ਕਾਂ ਤੋਂ ਚੋਗਾ ਬਚਾਉਣ ਲਈ ਕੋਈ ਹੋਰ ਹੀਲਾ ਕਰਨਾ ਪਵੇਗਾ। ਉਹ ਬੇਹੱਦ ਸਿਆਣੀ ਤੇ ਮਿਹਨਤੀ ਸੀ। ਚਿੜੀ ਨੇ ਥੋੜ੍ਹੀ ਦੂਰ ਇਕ ਟਾਹਲੀ ਵਿਚ ਇਕ ਹੋਰ ਲੰਮੀ ਸੁਰੰਗ ਵਰਗੀ ਖੋੜ ਲੱਭ ਲਈ। ਹੁਣ ਉਸਨੇ ਦਾਣੇ ਬਚਾ ਕੇ ਇਸ ਸੁਰੰਗ ਵਰਗੀ ਖੋੜ ਵਿਚ ਰੱਖਣੇ ਸ਼ੁਰੂ ਕਰ ਦਿੱਤੇ।
ਕਾਂ ਨੂੰ ਚਿੜੀ ਦੇ ਨਵੇਂ ਸਟੋਰ ਦਾ ਵੀ ਪਤਾ ਲੱਗ ਗਿਆ। ਕਾਂ, ਚਿੜੀ ਦੇ ਨਵੇਂ ਸਟੋਰ ਵਿਚੋਂ ਵੀ ਦਾਣੇ ਚੋਰੀ ਕਰਨ ਆਇਆ, ਪਰ ਚੋਰੀ ਨਾ ਕਰ ਸਕਿਆ। ਟਾਹਲੀ ਵਿਚਲੀ ਇਸ ਸੁਰੰਗ ਵਰਗੀ ਖੋੜ ਵਿਚ ਚਿੜੀ ਤਾਂ ਵੜ ਸਕਦੀ ਸੀ, ਪਰ ਕਾਂ ਨਹੀਂ। ਕਾਂ ਨੇ ਚਿੜੀ ਦੇ ਦਾਣੇ ਚੋਰੀ ਕਰਨ ਦੇ ਇਰਾਦੇ ਨਾਲ ਕਈ ਵਾਰ ਖੋੜ੍ਹ ਵਿਚ ਵੜਨ ਦੀ ਕੋਸ਼ਿਸ਼ ਕੀਤੀ, ਪਰ ਸਫਲ ਨਾ ਹੋਇਆ। ਕਾਂ ਬੇਹੱਦ ਨਿਕੰਮਾ ਸੀ।
‘ਬਹੁਤਾ ਸਿਆਣੀ ਬਣਦੀ ਚਿੜੀਏ! ਇਹ ਦਾਣੇ ਖਾਣ ਮੈਂ ਤੈਨੂੰ ਵੀ ਨਹੀਂ ਦਿੰਦਾ।’ ਕਾਂ ਨੇ ਕਚੀਚੀ ਵੱਟਦੇ ਹੋਏ ਆਖਿਆ ਤੇ ਉਹ ਆਪਣੀ ਚੁੰਝ ਪਾਣੀ ਨਾਲ ਭਰ-ਭਰ ਕੇ ਲਿਆਉਣ ਲੱਗ ਪਿਆ। ਕਾਂ, ਚੁੰਝ ਨਾਲ ਪਾਣੀ ਖੋੜ ਵਿਚ ਪਾਈ ਜਾ ਰਿਹਾ ਸੀ। ਉਸਨੇ ਥੋੜ੍ਹੀ ਦੇਰ ਵਿਚ ਹੀ ਖੋੜ ਪਾਣੀ ਨਾਲ ਭਰ ਦਿੱਤੀ।
ਚਿੜੀ ਕਈ ਦਿਨਾਂ ਬਾਅਦ ਆਪਣੇ ਦਾਣਿਆਂ ਵਾਲੇ ਸਟੋਰ ਨੂੰ ਵੇਖਣ ਆਈ। ਉਸਨੇ ਸਟੋਰ ਵਿਚ ਕੁਝ ਹੋਰ ਦਾਣੇ ਰੱਖਣੇ ਸਨ। ਚਿੜੀ ਨੂੰ ਆਪਣੇ ਸਟੋਰ ਵਿਚ ਸੰਭਾਲੇ ਦਾਣਿਆਂ ਨੂੰ ਵੇਖ ਕੇ ਬਹੁਤ ਦੁਖ ਹੋਇਆ। ਸਾਰੇ ਦਾਣੇ ਪੁੰਗਰੇ ਪਏ ਸਨ। ਚਿੜੀ ਸਮਝ ਗਈ ਕਿ ਇਹ ਕਰਤੂਤ ਕਾਂ ਦੀ ਹੀ ਹੈ।
ਕਾਂ ਨੇ ਭਾਵੇਂ ਸਾਰੇ ਦਾਣੇ ਖ਼ਰਾਬ ਕਰ ਦਿੱਤੇ ਸਨ। ਚਿੜੀ ਨੇ ਫਿਰ ਵੀ ਕੋਈ ਉਲਾਂਭਾ ਨਾ ਦਿੱਤਾ। ਉਸਨੇ ਨਾ ਹੀ ਪੁੰਗਰੇ ਦਾਣਿਆਂ ਨੂੰ ਵਿਅਰਥ ਗਵਾਇਆ। ਚਿੜੀ ਨੇ ਇਕ-ਇਕ ਦਾਣਾ ਚੁੱਕ ਕੇ ਖੇਤ ਵਿਚ ਇਕ ਵੱਟ ਨਾਲ ਦੱਬ ਦਿੱਤਾ।
ਕੁਝ ਦਿਨਾਂ ਵਿਚ ਚਿੜੀ ਦੇ ਬੀਜੇ ਦਾਣਿਆਂ ਦੇ ਬੂਟੇ ਬਣਨ ਲੱਗ ਪਏ। ਚਿੜੀ ਵੀ ਆਪਣੀ ਖੇਤੀ ਦੀ ਸੰਭਾਲ ਕਰਨ ਲੱਗ ਪਈ। ਚਿੜੀ ਬੂਟਿਆਂ ਨੂੰ ਸਮੇਂ ਸਿਰ ਪਾਣੀ ਦਿੰਦੀ ਤੇ ਇਨ੍ਹਾਂ ਦੀ ਗੋਡੀ ਕਰਦੀ। ਬੂਟੇ ਹੌਲੀ ਹੌਲੀ ਵੱਡੇ ਹੁੰਦੇ ਜਾ ਰਹੇ ਸਨ। ਚਿੜੀ ਨੂੰ ਆਪਣੇ ਵਾਂਗ ਮਿਹਨਤ ਕਰਦਿਆਂ ਵੇਖ ਕੇ ਕਿਸਾਨ ਬੇਹੱਦ ਖ਼ੁਸ਼ ਹੋਇਆ, ਪਰ ਈਰਖਾਲੂ ਕਾਂ ਨੂੰ ਇਹ ਸਭ ਪਸੰਦ ਨਹੀਂ ਸੀ। ਕਾਂ ਠੂੰਗੇ ਮਾਰ ਮਾਰ ਕੇ ਚਿੜੀ ਦੀ ਖੇਤੀ ਨੂੰ ਵੀ ਖ਼ਰਾਬ ਕਰਨ ਲੱਗਾ।
ਫਿਰ ਇਕ ਦਿਨ ਕਾਂ ਚਿੜੀ ਦੀ ਖੇਤੀ ਉਜਾੜਦਾ ਹੋਇਆ ਕਿਸਾਨ ਦੀ ਨਜ਼ਰ ਪੈ ਗਿਆ। ‘ਕਾਂਵਾਂ ਕਾਣਿਆ! ਤੇਰੇ ਵਰਗੇ ਈਰਖਾਲੂਆਂ ਤੇ ਮੁਫ਼ਤਖੋਰਾਂ ਨੂੰ ਮੈਂ ਸਿਖਾਉਂਦਾ ਸਬਕ।’ ਕਿਸਾਨ ਨੇ ਕਾਂ ਨੂੰ ਇੱਟ-ਵੱਟਾ ਮਾਰਦੇ ਹੋਏ ਆਖਿਆ। ਕਾਂ ਮਸ੍ਵਾਂ ਕਿਸਾਨ ਦੇ ਵੱਟੇ ਦੀ ਮਾਰ ਤੋਂ ਬਚਿਆ। ਹੁਣ ਕਿਸਾਨ ਆਪਣੀ ਖੇਤੀ ਦੇ ਨਾਲ-ਨਾਲ ਚਿੜੀ ਦੀ ਖੇਤੀ ਦੀ ਵੀ ਰਖਵਾਲੀ ਕਰਨ ਲੱਗ ਪਿਆ ਸੀ। ਕਿਸਾਨ ਨੇ ਆਪਣੇ ਖੇਤ ਵਿਚ ਕਾਂ ਦਾ ਰਹਿਣਾ ਦੁੱਭਰ ਕਰ ਦਿੱਤਾ ਸੀ। ਕਿਸਾਨ ਕਾਂ ਨੂੰ ਵੇਖਣ ਸਾਰ ਮਾਰਨ ਪੈ ਜਾਂਦਾ। ਕਿਸਾਨ ਤੋਂ ਆਪਣਾ-ਆਪ ਬਚਾਉਂਦਾ ਹੋਇਆ ਕਾਂ ਕਿਧਰੇ ਹੋਰ ਚਲਾ ਗਿਆ।
ਹੁਣ ਚਿੜੀ ਦੀ ਖੇਤੀ ਵੀ ਕਿਸਾਨ ਦੀ ਖੇਤੀ ਵਾਂਗ ਲਹਿਰਨ ਲੱਗ ਪਈ ਸੀ। ਚਿੜੀ ਬੇਹੱਦ ਖ਼ੁਸ਼ ਸੀ। ਆਪਣੀ ਲਹਿਲਰਾਉਂਦੀ ਖੇਤੀ ਵੇਖ ਕੇ ਚਿੜੀ ਮੁਸਕਰਾਉਂਦੀ ਰਹਿੰਦੀ ਸੀ।
ਸੰਪਰਕ: 94165-92149