ਪ੍ਰੇਰਕ ਪ੍ਰਸੰਗ
ਪ੍ਰੋ. ਨਵ ਸੰਗੀਤ ਸਿੰਘ
ਮਹਾਨ ਵਿਗਿਆਨੀ ਥਾਮਸ ਅਲਵਾ ਐਡੀਸਨ ਬਹੁਤ ਮਿਹਨਤੀ ਅਤੇ ਜੁਝਾਰੂ ਪ੍ਰਵਿਰਤੀ ਦਾ ਵਿਅਕਤੀ ਸੀ। ਬਚਪਨ ਵਿਚ ਉਸ ਨੂੰ ਇਹ ਕਹਿ ਕੇ ਸਕੂਲ ਵਿਚੋਂ ਕੱਢ ਦਿੱਤਾ ਗਿਆ ਸੀ ਕਿ ਉਹ ਮੰਦਬੁੱਧੀ ਬੱਚਾ ਹੈ। ਉਸੇ ਐਡੀਸਨ ਨੇ ਕਈ ਮਹੱਤਵਪੂਰਨ ਖੋਜਾਂ ਕੀਤੀਆਂ, ਜਿਨ੍ਹਾਂ ਵਿਚ ਬਿਜਲੀ ਦਾ ਬਲਬ ਪ੍ਰਮੁੱਖ ਹੈ। ਉਸ ਨੇ ਬਲਬ ਦੀ ਖੋਜ ਕਰਨ ਲਈ ਹਜ਼ਾਰਾਂ ਵਾਰੀ ਪ੍ਰਯੋਗ ਕੀਤੇ ਤਾਂ ਕਿਤੇ ਜਾ ਕੇ ਉਸ ਨੂੰ ਸਫਲਤਾ ਮਿਲੀ ਸੀ।
ਇਕ ਵਾਰ ਜਦੋਂ ਉਹ ਬਲਬ ਬਣਾਉਣ ਲਈ ਪ੍ਰਯੋਗ ਕਰ ਰਿਹਾ ਸੀ ਤਾਂ ਇਕ ਆਦਮੀ ਨੇ ਉਸ ਤੋਂ ਪੁੱਛਿਆ, ‘ਤੁਸੀਂ ਕਰੀਬ ਇਕ ਹਜ਼ਾਰ ਪ੍ਰਯੋਗ ਕੀਤੇ ਹਨ, ਪਰ ਤੁਹਾਡੇ ਸਾਰੇ ਪ੍ਰਯੋਗ ਅਸਫਲ ਰਹੇ ਹਨ ਅਤੇ ਤੁਹਾਡੀ ਮਿਹਨਤ ਵਿਅਰਥ ਚਲੀ ਗਈ। ਕੀ ਤੁਹਾਨੂੰ ਦੁੱਖ ਨਹੀਂ ਹੁੰਦਾ?’
ਐਡੀਸਨ ਨੇ ਕਿਹਾ, ‘ਮੈਂ ਨਹੀਂ ਸਮਝਦਾ ਕਿ ਮੇਰੇ ਇਕ ਹਜ਼ਾਰ ਪ੍ਰਯੋਗ ਅਸਫਲ ਹੋਏ ਹਨ। ਮੇਰੀ ਮਿਹਨਤ ਵਿਅਰਥ ਨਹੀਂ ਗਈ। ਕਿਉਂਕਿ ਮੈਂ ਇਕ ਹਜ਼ਾਰ ਪ੍ਰਯੋਗ ਕਰਕੇ ਇਹ ਪਤਾ ਲਾਇਆ ਹੈ ਕਿ ਇਨ੍ਹਾਂ ਇਕ ਹਜ਼ਾਰ ਢੰਗਾਂ ਨਾਲ ਬਲਬ ਨਹੀਂ ਬਣਾਇਆ ਜਾ ਸਕਦਾ। ਮੇਰਾ ਹਰ ਪ੍ਰਯੋਗ ਬਲਬ ਬਣਾਉਣ ਦੀ ਪ੍ਰਕਿਰਿਆ ਦਾ ਹਿੱਸਾ ਹੈ ਤੇ ਮੈਂ ਆਪਣੀ ਹਰੇਕ ਕੋਸ਼ਿਸ਼ ਨਾਲ ਇਕ ਕਦਮ ਅੱਗੇ ਵਧਦਾ ਹਾਂ।’
ਕੋਈ ਵੀ ਸਾਧਾਰਨ ਆਦਮੀ ਹੁੰਦਾ ਤਾਂ ਉਹ ਛੇਤੀ ਹੀ ਹਾਰ ਮੰਨ ਲੈਂਦਾ। ਪਰ ਐਡੀਸਨ ਨੇ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖੀਆਂ ਅਤੇ ਹਾਰ ਨਹੀਂ ਮੰਨੀ। ਆਖਰ ਉਸ ਦੀ ਮਿਹਨਤ ਰੰਗ ਲਿਆਈ ਅਤੇ ਉਸ ਨੇ ਬਲਬ ਦੀ ਖੋਜ ਕਰਕੇ ਪੂਰੀ ਦੁਨੀਆਂ ਨੂੰ ਰੌਸ਼ਨ ਕਰ ਦਿੱਤਾ। ਇਹ ਐਡੀਸਨ ਦਾ ਵਿਸ਼ਵਾਸ ਹੀ ਸੀ, ਜਿਸ ਨੇ ਉਮੀਦ ਦੀ ਕਿਰਨ ਨੂੰ ਬੁਝਣ ਨਹੀਂ ਦਿੱਤਾ ਅਤੇ ਪੂਰੀ ਦੁਨੀਆਂ ਨੂੰ ਬਲਬ ਨਾਲ ਰੌਸ਼ਨਮਈ ਬਣਾ ਦਿੱਤਾ।
ਸਫਲਤਾ ਦੇ ਰਾਹ ਤਾਂ ਹੀ ਖੁੱਲ੍ਹਦੇ ਹਨ, ਜਦੋਂ ਅਸੀਂ ਉਸ ਦੇ ਨੇੜੇ ਪਹੁੰਚ ਜਾਂਦੇ ਹਾਂ। ਮਿਹਨਤ ਕਦੇ ਵਿਅਰਥ ਨਹੀਂ ਜਾਂਦੀ। ਇਹ ਵਿਸ਼ਵਾਸ ਹੀ ਸਾਨੂੰ ਅੱਗੇ ਵਧਣ ਅਤੇ ਨਿਰੰਤਰ ਕੋਸ਼ਿਸ਼ਾਂ ਕਰਨ ਲਈ ਪ੍ਰੇਰਿਤ ਕਰਦਾ ਰਹਿੰਦਾ ਹੈ। ਸਾਡੀ ਹਰ ਕੋਸ਼ਿਸ਼ ਸਾਨੂੰ ਇਕ ਕਦਮ ਅੱਗੇ ਵਧਾਉਂਦੀ ਹੈ ਅਤੇ ਅਸੀਂ ਜਿਉਂ- ਜਿਉਂ ਅੱਗੇ ਵਧਦੇ ਹਾਂ, ਤਿਵੇਂ- ਤਿਵੇਂ ਸਾਡੇ ਲਈ ਸਫਲਤਾ ਦੇ ਰਾਹ ਵੀ ਖੁੱਲ੍ਹਦੇ ਜਾਂਦੇ ਹਨ।
ਜੋ ਵਿਅਕਤੀ ਵਿਸ਼ਵਾਸ ਨਹੀਂ ਕਰਦਾ, ਉਹ ਦੇਰ ਤਕ ਕੋਸ਼ਿਸ਼ ਨਹੀਂ ਕਰ ਸਕਦਾ ਅਤੇ ਜਦੋਂ ਕੋਸ਼ਿਸ਼ ਨਹੀਂ ਕਰਦਾ ਤਾਂ ਉਸ ਨੂੰ ਅੱਗੇ ਦੇ ਸਾਰੇ ਰਾਹ ਬੰਦ ਨਜ਼ਰ ਆਉਂਦੇ ਹਨ ਕਿਉਂਕਿ ਸਫਲਤਾ ਦੇ ਰਾਹ ਸਾਡੇ ਲਈ ਤਾਂ ਹੀ ਖੁੱਲ੍ਹਦੇ ਹਨ, ਜਦੋਂ ਅਸੀਂ ਉਸ ਦੇ ਬਿਲਕੁਲ ਨੇੜੇ ਪਹੁੰਚ ਜਾਂਦੇ ਹਾਂ।
ਸੰਪਰਕ: 94176-92015