ਮੁੰਬਈ, 8 ਦਸੰਬਰ
ਬੌਲੀਵੁੱਡ ਦੀ ਪ੍ਰਸਿੱਧ ਅਦਾਕਾਰਾ ਹੇਮਾ ਮਾਲਿਨੀ ਨੇ ਆਪਣੇ ਪਤੀ ਧਰਮਿੰਦਰ ਦੇ 85ਵੇਂ ਜਨਮ ਦਿਨ ਮੌਕੇ ਸੋਸ਼ਲ ਮੀਡੀਆ ’ਤੇ ਪ੍ਰਸ਼ੰਸਕਾਂ ਵੱਲੋਂ ਪਿਆਰ ਤੇ ਸ਼ੁਭ ਇੱਛਾਵਾਂ ਦੇਣ ਬਦਲੇ ਉਨ੍ਹਾਂ ਦਾ ਧੰਨਵਾਦ ਕੀਤਾ। ਹੇਮਾ ਮਾਲਿਨੀ ਨੇ ਅੱਜ ਟਵੀਟ ਰਾਹੀਂ ਆਪਣੀਆਂ ਪੁਰਾਣੀਆਂ ਤੇ ਤਾਜ਼ੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਆਖਿਆ, ‘‘ਅੱਜ ਅਸੀਂ ਧਰਮ ਜੀ ਦਾ ਜਨਮ ਦਿਨ ਮਨਾ ਰਹੇ ਹਾਂ। ਇਹ ਪ੍ਰਸ਼ੰਸਕਾਂ ਦਾ ਪਿਆਰ ਹੈ ਤੇ ਸਨੇਹ ਹੀ ਹੈ, ਜਿਹੜੇ ਹੁਣ ਵੀ ਸਾਡੀਆਂ ਫ਼ਿਲਮਾਂ ਦੇਖਦੇ ਹਨ ਅਤੇ ਸਾਨੂੰ ਉਤਸ਼ਾਹਿਤ ਕਰਦੇ ਹਨ। ਇਸੇ ਲਈ ਅਸੀਂ ਅੱਜ ਵੀ ਉਨ੍ਹਾਂ ਦੀਆਂ ਯਾਦਾਂ ਵਿੱਚ ਤਰੋਤਾਜ਼ਾ ਹਾਂ।’’ ਉਨ੍ਹਾਂ ਪ੍ਰਸ਼ੰਸਕਾਂ ਦਾ ਧੰਨਵਾਦ ਕਰਦਿਆਂ ਕਿਹਾ, ‘‘ਸਾਡੇ ਇਕੱਠਿਆਂ ਰਹਿਣ ਲਈ ਤੁਹਾਡੇ ਪਿਆਰ ਦੀ ਹਮੇਸ਼ਾਂ ਲੋੜ ਰਹੇਗੀ।’’
ਇੱਕ ਵੱਖਰੇ ਟਵੀਟ ਰਾਹੀਂ ਹੇਮਾ ਮਾਲਿਨੀ ਨੇ ਧਰਮਿੰਦਰ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਅਤੇ ਆਖਿਆ,‘‘ਤੁਹਾਡੇ ਆਦਰ-ਸਤਿਕਾਰ, ਆਸ਼ੀਰਵਾਦ ਅਤੇ ਪਿਆਰ ਸਦਕਾ ਅਸੀਂ ਅੱਜ ਤੱਕ ਇਕੱਠੇ ਹਾਂ।’’ ਇਕ ਪ੍ਰਸ਼ੰਸਕ ਨੇ ਆਖਿਆ, ‘ਜਨਮ ਦਿਨ ਦੀਆਂ ਵਧਾਈਆਂ ਧਰਮਿੰਦਰ ਜੀ!। ਨਾ ਤੁਹਾਡੇ ਵਰਗਾ ਕੋਈ ਹੈ ਸੀ ਅਤੇ ਨਾ ਹੀ ਹੋਵੇਗਾ। ਅਸੀਂ ਤੁਹਾਡੀਆਂ ਫ਼ਿਲਮਾਂ ਦੇਖਣ ਲਈ ‘ਬਲੈਕ’ ਵਿਚ ਟਿਕਟਾਂ ਵੀ ਖਰੀਦੀਆਂ। ਦੱਸਣਯੋਗ ਹੈ ਕਿ ਧਰਮਿੰਦਰ ਨੂੰ ਸਾਰਾ ਦਿਨ ਪ੍ਰਸ਼ੰਸਕ ਜਨਮ ਦਿਨ ਦੀਆਂ ਵਧਾਈਆਂ ਦਿੰਦੇ ਰਹੇ। ਪ੍ਰਸ਼ੰਸਕਾਂ ਨੇ ਫਿਲਮ ਸ਼ੋਲੇ, ਪ੍ਰਤਿੱਗਿਆ, ਜੁਗਨੂੰ, ਚਰਸ, ਤੁਮ ਹਸੀਨ ਮੈਂ ਜਵਾਨ, ਦੋਸਤ, ਰਾਜਾ ਜਾਨੀ, ਰਾਜਪੂਤ, ਨਯਾ ਜ਼ਮਾਨਾ, ਸੀਤਾ ਔਰ ਗੀਤਾ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਹੈ। ਇਕ ਹੋਰ ਪ੍ਰਸ਼ੰਸਕ ਨੇ ਮੁਬਾਰਕਬਾਦ ਦਿੰਦਿਆਂ ਕਿਹਾ ‘ਆਪ ਜੀਓ ਹਜ਼ਾਰੋਂ ਸਾਲ…ਸਾਲ ਕੇ ਦਿਨ ਹੋਂ ਪਚਾਸ ਹਜ਼ਾਰ’’। -ਆਈਏਐੱਨਐੱਸ