ਬਲਵਿੰਦਰ ਬਾਲਮ
ਜ਼ਿੰਦਗੀ ਇੱਕ ਤਰਾਜ਼ੂ ਹੈ ਜਿਸ ਦੇ ਇੱਕ ਪਲੜੇ ਵਿੱਚ ਸੁੱਖ ਅਤੇ ਦੂਸਰੇ ਪਲੜੇ ਵਿੱਚ ਦੁੱਖ, ਸੰਤੁਲਨ ਅਤੇ ਅਸੰਤੁਲਨ ਦੀ ਕਿਰਿਆ ਨਿਰੰਤਰ ਚੱਲਦੀ ਰਹਿੰਦੀ ਹੈ। ਜ਼ਿੰਦਗੀ ਖ਼ੂਬਸੂਰਤ ਸੁਗੰਧਿਤ ਫੁੱਲ ਹੈ ਜਿਸ ਦੀਆਂ ਸੂਖ਼ਮ ਕੋਮਲ ਸੁੰਦਰ ਦਿੱਖ ਦੀਆਂ ਪੱਤੀਆਂ ਦੇ ਹੇਠਾਂ ਨੁਕੀਲੇ ਕੰਡੇ (ਖਾਰ) ਆਪਣੀ ਚੋਭ ਦਾ ਖ਼ਤਰਨਾਕ ਅਹਿਸਾਸ ਕਰਵਾਉਣ ਵਿੱਚ ਸਦਾ ਹੀ ਤਤਪਰ ਰਹਿੰਦੇ ਹਨ। ਖ਼ੂਬਸੂਰਤ ਫੁੱਲ, ਖ਼ੁਸ਼ਬੂ, ਛੂਹਣ ਅਤੇ ਕੰਡਿਆਂ ਦਾ ਚੋਭਮਈ ਅਹਿਸਾਸ ਹੀ ਜੀਵਨ ਦੀ ਪਰਿਭਾਸ਼ਾ ਨੂੰ ਸਾਰਥਕ ਕਰਦਾ ਹੈ।
ਖ਼ੁਸ਼ੀ ਕਿਸੇ ਵੀ ਰੂਪ ਵਿੱਚ ਆਈ ਹੋਵੇ, ਉਸ ਦਾ ਸਿੱਧਾ ਸਬੰਧ ਦਿਲ-ਦਿਮਾਗ਼ ਤੇ ਜਿਸਮ ਨਾਲ ਹੁੰਦਾ ਹੈ। ਸਾਰੀਆਂ ਇੰਦਰੀਆਂ ਖ਼ੁਸ਼ੀ ਦੇ ਅਹਿਸਾਸ ਨਾਲ ਪ੍ਰਫੁੱਲਿਤ ਹੁੰਦੀਆਂ ਹਨ। ਸੌ ਬਿਮਾਰੀਆਂ ਦੀ ਇੱਕ ਦਵਾਈ ਹੈ ਖ਼ੁਸ਼ੀ। ਖ਼ੁਸ਼ੀ ਅਜਿਹਾ ਸੂਖਮ ਅਹਿਸਾਸ ਹੈ ਜਿਸ ਦੀ ਆਮਦ ਨਾਲ ਸਾਰੀਆਂ ਇੰਦਰੀਆਂ ਦੇ ਦਰ ਆਪਣੇ ਆਪ ਖੁੱਲ੍ਹਦੇ ਹੋਏ ਮੰਤਰ ਮੁਗਧ-ਆਨੰਦ ਦੀ ਪ੍ਰਕਿਰਿਆ ਨੂੰ ਪਾਰ ਕਰਦੇ ਹੋਏ ਜਿਸਮ ਦੇ ਅੰਦਰੂਨੀ ਅੰਗਾਂ ਨੂੰ ਤਾਜ਼ਗੀ, ਸ਼ੁਧਤਾ, ਪੂਰਨਤਾ ਆਦਿ ਨਾਲ ਅਲੌਕਿਕ ਸ਼ਕਤੀ ਪ੍ਰਦਾਨ ਕਰਦੀ ਹੈ। ਖ਼ੁਸ਼ੀ ਸਰੀਰ ਨੂੰ ਊਰਜਾ ਦਿੰਦੀ ਹੈ। ਬਚਪਨ ਤੋਂ ਲੈ ਕੇ ਆਖ਼ਰੀ ਦਮ ਤੱਕ ਖ਼ੁਸ਼ੀਆਂ ਦਾ ਦਾਰੋਮਦਾਰ ਕਿਸੇ ਨਾ ਕਿਸੇ ਰੂਪ ਵਿੱਚ ਚੱਲਦਾ ਹੀ ਰਹਿੰਦਾ ਹੈ।
ਜੀਵਨ ਛੋਟੀਆਂ-ਛੋਟੀਆਂ ਖ਼ੁਸ਼ੀਆਂ ਦਾ ਅਦਭੁੱਤ ਸੁੰਦਰ ਸੰਗ੍ਰਹਿ ਹੈ। ਕਿਸੇ ਵੀ ਵਿਅਕਤੀ ਕੋਲ ਖ਼ੁਸ਼ੀਆਂ ਦਾ ਪੂਰਾ ਆਸਮਾਨ ਨਹੀਂ ਹੈ ਕਿ ਜਦੋਂ ਉਸ ਦਾ ਜੀਅ ਕਰੇ ਖ਼ੁਸ਼ੀਆਂ ਦੇ ਆਸਮਾਨ ਵਿੱਚੋਂ ਤਾਰਾ ਤੋੜ ਲਵੇ। ਖ਼ੁਸ਼ੀਆਂ ਤਾਂ ਤੁਹਾਡੇ ਚੌਗਿਰਦੇ ਅਤੇ ਆਪਣੇ ਆਪ ਦੇ ਆਲੇ-ਦੁਆਲੇ ਛੁਪੀਆਂ ਪਈਆਂ ਹਨ, ਬਸ, ਜ਼ਰੂਰਤ ਹੈ ਉਨ੍ਹਾਂ ਨੂੰ ਕੋਸ਼ਿਸ਼, ਮਿਹਨਤ, ਸੁਹਿਰਦਤਾ, ਕਰਮਠਤਾ ਦੀਆਂ ਅੱਖਾਂ ਨਾਲ ਲੱਭਣ ਦੀ। ਜੋ ਮਨੁੱਖ ਖ਼ੁਸ਼ੀਆਂ ਲੱਭਣ ਵਿੱਚ ਮਾਹਿਰ ਹੁੰਦੇ ਹਨ ਜਾਂ ਸੰਵੇਦਨਸ਼ੀਲ ਹੁੰਦੇ ਹਨ, ਹਰ ਤੜਪਦੀ ਸ਼ੈਅ ਨੂੰ ਆਪਣਾ ਸਮਝਦੇ ਹਨ, ਉਹ ਆਲੇ-ਦੁਆਲੇ ਵਿੱਚੋਂ ਖ਼ੁਸ਼ੀਆਂ ਲੱਭ ਲੈਂਦੇ ਹਨ।
ਆਪਣੇ ਆਲੇ-ਦੁਆਲੇ ਵਿੱਚ ਖ਼ੁਸ਼ੀਆਂ ਦਾ ਅਮੁੱਲਾ ਅਦਿੱਖ ਤੇ ਦਿੱਖ ਭੰਡਾਰ ਆਪਣੇ ਵੱਖ-ਵੱਖ ਮਨੋਰਮ ਤੱਤਾਂ ਨੂੰ ਛੁਪਾਈ ਬੈਠਾ ਹੈ, ਜ਼ਰੂਰਤ ਤਾਂ ਹੈ ਸਿਰਫ਼ ਤੁਹਾਨੂੰ ਉਨ੍ਹਾਂ ਵਿੱਚੋਂ ਖ਼ੁਸ਼ੀ ਕਿਵੇਂ ਲੱਭਦੀ ਹੈ?
ਘਰ ਵਿੱਚੋਂ ਹੀ ਲੈ ਲਓ- ਮਾਤਾ-ਪਿਤਾ, ਪਤਨੀ, ਬੱਚੇ, ਪੋਤਾ-ਪੋਤੀ, ਨੂੰਹ, ਸੱਸ, ਸਹੁਰਾ, ਭਰਾ-ਭੈਣ, ਦੋਸਤ, ਰਿਸ਼ਤੇਦਾਰ ਆਦਿ ਰਿਸ਼ਤਿਆਂ ਦੀ ਅਦਭੁਤ ਰਚਨਾ ਵਿੱਚ ਅਪਾਰ ਖ਼ੁਸ਼ੀਆਂ ਦਾ ਖ਼ਜ਼ਾਨਾ ਹੈ, ਪਰ ਇਸ ਨੂੰ ਲੱਭਣ ਦੀ ਜ਼ਰੂਰਤ ਹੈ। ਰਿਸ਼ਤਿਆਂ ਦੀ ਹਰ ਖਹਾਇਸ਼ ਨੂੰ ਮੰਦਰ ਦੇ ਪੁਜਾਰੀ ਵਾਂਗ ਪੂਜਾ ਦੇ ਥਾਲ ਵਿੱਚ ਰੱਖ ਕੇ ਸੱਚੇ ਦਿਲੋਂ, ਸੁਹਿਰਦਤਾ, ਇਕਾਗਰਤਾ ਦੀ ਮਾਲਾ ਪਹਿਨ ਕੇ ਆਰਤੀ ਉਤਾਰਦੇ ਜਾਓ, ਖ਼ੁਸ਼ੀਆਂ ਦਾ ਪ੍ਰਸ਼ਾਦ ਤੁਹਾਡੇ ਕੋਲ ਹੋਵੇਗਾ।
ਜੀਵਨ ਦੇ ਹਰ ਤੱਤ ਵਿੱਚ ਦੁਨੀਆ, ਕਾਇਨਾਤ, ਬ੍ਰਹਿਮੰਡ, ਭੂਗੋਲ, ਖਗ਼ੋਲ ਦੇ ਹਰ ਤੱਤ ਵਿੱਚ ਖ਼ੁਸ਼ੀ ਛੁਪੀ ਹੋਈ ਹੈ। ਜ਼ਰੂਰਤ ਹੈ ਇਮਾਨਦਾਰੀ, ਸੱਚ, ਨੇਕੀ, ਆਧਿਆਤਮਕਤਾ, ਪਿਆਰ, ਨਿਮਰਤਾ, ਸਤਿਕਾਰ, ਸ਼ੁਕਰੀਆ, ਧੰਨਵਾਦ, ਮਿਹਰਬਾਨੀ, ਸੰਕਲਪ, ਪ੍ਰਣ, ਤਿਆਗ, ਮਿਹਨਤ ਨਾਲ ਇਸ ਨੂੰ ਪ੍ਰਾਪਤ ਕਰਨ ਦੀ।
ਖ਼ੁਸ਼ੀ ਝੂਠ, ਰਿਸ਼ਵਤ, ਠੱਗੀ ਠੋਰੀ, ਬੇਈਮਾਨੀ, ਹੰਕਾਰ ਆਦਿ ਤੱਤਾਂ ਵਿੱਚ ਚਮਕ ਕੇ ਆਉਂਦੀ ਹੈ, ਪਰ ਇਹ ਕੁਝ ਪਲਾਂ ਲਈ ਹੀ ਹੁੰਦੀ ਹੈ। ਫਿਰ ਇਹ ਜ਼ਿੰਦਗੀ ਦੀਆਂ ਸਭ ਕਿਰਿਆਵਾਂ ਨੂੰ ਨਰਕ ਬਣਾ ਦਿੰਦੀ ਹੈ। ਜਦੋਂ ਮਨੁੱਖ ਆਪਣੀ ਸੱਚੀ ਮਿਹਨਤ, ਸਾਧਨਾ, ਉੱਚੇ ਸੰਕਲਪ, ਸੁਚੱਜੀਆਂ ਯੋਜਨਾਵਾਂ, ਇਕਰਾਰ ਸ਼ਕਤੀਆਂ ਆਦਿ ਨਾਲ ਕਿਸੇ ਪ੍ਰਾਪਤੀ ਦੀ ਬਹੁਤ ਦੂਰ ਖੜ੍ਹੀ ਮੰਜ਼ਿਲ ਨੂੰ ਪਾਉਣ ਲਈ ਤਤਪਰ ਹੁੰਦਾ ਹੈ ਤਾਂ ਉਸ ਦੀ ਸਾਰੀ ਦਿਮਾਗ਼ੀ ਤੇ ਸਰੀਰਕ ਸ਼ਕਤੀ ਇਮਾਨਦਾਰੀ ਅਤੇ ਸੰਘਰਸ਼ ਦੇ ਕੰਡਿਆਲੇ ਰਾਹਾਂ ਵਿੱਚੋਂ ਨਿਕਲਦੀ ਹੋਈ ਛੋਟੀ ਜਾਂ ਵੱਡੀ ਪ੍ਰਾਪਤੀ ਨੂੰ ਆਪਣੀ ਹੋਂਦ ਵਿੱਚ ਪਾ ਲੈਂਦਾ ਹੈ ਤਾਂ ਇੱਕ ਵੱਡੀ ਖ਼ੁਸ਼ੀ ਦਾ ਜਨਮ ਹੁੰਦਾ ਹੈ, ਜਿਸ ਦਾ ਆਨੰਦ ਉਸ ਦੇ ਤਨ-ਮਨ-ਰੂਹ ਵਿੱਚ ਖੇੜੇ ਦੀ ਖ਼ੁਸ਼ਬੋ ਨਾਲ ਭਰਦਾ ਹੋਇਆ ਉਸ ਦੀ ਤ੍ਰਿਪਤੀ ਨੂੰ ਪੂਰਨਤਾ ਦੇ ਬੰਧਨ ਵਿੱਚ ਬੰਨ੍ਹ ਕੇ ਅਨੇਕ ਖ਼ੁਸ਼ੀਆਂ ਦਾ ਸੰਗਮ ਰਚਾਉਂਦਾ ਹੈ।
ਸੰਵੇਦਨਸ਼ੀਲਤਾ, ਅਹਿਸਾਸ ਤੇ ਮਹਿਸੂਸ ਕਰਨ ਦੀਆਂ ਅੰਦਰੂਨੀ ਸ਼ਕਤੀਆਂ ਜਦੋਂ ਮਨੁੱਖ ਵਿੱਚ ਉਜਾਗਰ ਹੋ ਕੇ ਉਸ ਨੂੰ ਚੰਗੇ-ਮਾੜੇ ਦੀ ਪਛਾਣ, ਸਿੱਖਣ ਤੇ ਮੰਨਣ ਦੀ ਭਾਵਨਾ ਦੇ ਦਾਣਿਆਂ ਨੂੰ ਪਿਆਰ ਦੀ ਮਿੱਠੀ ਚਾਸ਼ਣੀ ਵਿੱਚ ਪਾ ਕੇ ਨਵੀਂ ਮਿੱਠੀ-ਮਿੱਠੀ ਖ਼ੁਸ਼ਬੂਦਾਰ ਕ੍ਰਿਤੀ ਤਿਆਰ ਕਰਦਾ ਹੈ ਤਾਂ ਖ਼ੁਸ਼ੀ ਦਾ ਜਨਮ ਹੁੰਦਾ ਹੈ।
ਕਿਸੇ ਵੀ ਮਨੁੱਖ ਨੇ ਕੋਈ ਹਜ਼ਾਰ ਸਾਲ ਥੋੜ੍ਹੀ ਜਿਉਣਾ ਹੈ, ਵੱਧ ਤੋਂ ਵੱਧ ਮਨੁੱਖ ਦੀ ਉਮਰ ਸੌ ਸਾਲ ਲਗਾ ਲਓ। ਸੌ ਸਾਲ ਤਾਂ ਐਵੇਂ ਚੁਟਕੀ ਨਾਲ ਬੀਤ ਜਾਂਦੇ ਹਨ। ਤੁਸੀਂ ਸੋਚੋਗੇ ਕਿ ਕਈ ਅਧੂਰੇ ਕੰਮ ਰਹਿ ਗਏ ਹਨ, ਜੋ ਨਹੀਂ ਕੀਤੇ ਅਤੇ ਬੁਢਾਪੇ ਨੇ ਜੀਵਨ ਦੀ ਪੁਸਤਕ ਦੇ ਆਖ਼ਰੀ ਪੰਨੇ ’ਤੇ ਦਸਤਖ਼ਤ ਕਰ ਦਿੱਤੇ ਹਨ। ਸਰੀਰਕ ਸ਼ਕਤੀਆਂ ਰਫੂ-ਚੱਕਰ ਹੋ ਗਈਆਂ ਹਨ। ਹੁਣ ਕੀ ਕਰੀਏ? ਤੁਸੀਂ ਹੁਣ ਕੁਝ ਨਈਂ ਕਰ ਸਕਦੇ।
ਦੋਸਤੋ, ਜਵਾਨੀ ਤੇ ਪ੍ਰੋਢਤਾ ਦੀ ਉਮਰ ਬਹੁਤ ਖ਼ੂਬਸੂਰਤ, ਕਰਮਠ, ਮਨਮੋਹਣੀ, ਜਾਨਦਾਰ ਉਮਰ ਹੁੰਦੀ ਹੈ। ਇਹ ਉਮਰ ਹੀ ਪ੍ਰਾਪਤੀਆਂ ਦੀ ਉਮਰ ਹੁੰਦੀ ਹੈ। ਮਿਹਨਤ, ਸੰਘਰਸ਼, ਸੰਕਲਪ, ਪ੍ਰਣ, ਨਿਸ਼ਠਾ, ਪ੍ਰਤਿਸ਼ਠਾ ਆਦਿ ਦੀ ਉਮਰ ਹੁੰਦੀ ਹੈ। ਜਿਹੜੇ ਲੋਕ ਇਸ ਉਮਰ ਵਿੱਚ ਆਪਣੀਆਂ ਮਿੱਥੀਆਂ ਹੋਈਆਂ ਪ੍ਰਾਪਤੀਆਂ, ਨਿਸ਼ਾਨੇ ਨੂੰ, ਗੋਲ ਨੂੰ ਪ੍ਰਾਪਤ ਕਰ ਲੈਂਦੇ ਹਨ, ਫਿਰ ਉਨ੍ਹਾਂ ਦੇ ਆਲੇ-ਦੁਆਲੇ ਹਿਰਦੇ ਵਿੱਚ ਖ਼ੁਸ਼ੀਆਂ ਦੇ ਢੇਰ ਲੱਗੇ ਰਹਿੰਦੇ ਹਨ।
ਖ਼ੁਸ਼ੀ ਹੀ ਇੱਕ ਅਜਿਹੀ ਚੀਜ਼ ਹੈ ਜੋ ਮਨੁੱਖ ਨੂੰ ਤਾਜ਼ਗੀ, ਸਫੁਰਤੀ, ਸੁੰਦਰਤਾ, ਤੰਦਰੁਸਤੀ ਅਤੇ ਸਵਰਗ ਵਰਗੀ ਰੌਸ਼ਨੀ ਪ੍ਰਦਾਨ ਕਰਦੀ ਹੈ।
ਮੈਂ ਇੱਕ ਸੱਚੀ ਘਟਨਾ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਹਾਂ। ਮੇਰਾ ਇੱਕ ਜਾਣਕਾਰ ਵੱਡਾ ਅਫ਼ਸਰ ਸੀ। ਉਸ ਨੇ ਬਹੁਤ ਰਿਸ਼ਵਤ ਲਈ, ਠੱਗੀਆਂ ਮਾਰੀਆਂ, ਬਹੁਤ ਜਾਇਦਾਦ ਬਣਾਈ। ਉਹ 55 ਦੇ ਕਰੀਬ ਬਿਮਾਰ ਹੋ ਗਿਆ। ਡਾਕਟਰਾਂ ਨੇ ਕਿਹਾ ਕਿ ਇਸ ਨੂੰ ਕੈਂਸਰ ਹੈ। ਕੋਈ ਬਚਾਅ ਨਹੀਂ ਹੈ। ਉਸ ਦਾ ਇਲਾਜ ਚੰਗੇ ਹਸਪਤਾਲ ਵਿੱਚ ਹੋ ਰਿਹਾ ਸੀ। ਮੈਂ ਉਸ ਦਾ ਹਾਲ-ਚਾਲ ਪੁੱਛਣ ਲਈ ਗਿਆ। ਉਸ ਦਾ ਸਰੀਰ ਭੁਕਾਨੇ ਵਿੱਚੋਂ ਨਿਕਲੀ ਹਵਾ ਵਾਂਗ ਹੋ ਚੁੱਕਿਆ ਸੀ। ਅੱਖਾਂ ਧੱਸੀਆਂ ਹੋਈਆਂ। ਸਿਰ ਦੇ ਵਾਲ ਝੜ ਚੁੱਕੇ ਸਨ। ਗੋਰਾ ਚਿੱਟਾ ਰੰਗ ਕਾਲਾ ਹੋ ਚੁੱਕਾ ਸੀ। ਮੈਂ ਉਸ ਨੂੰ ਕਿਹਾ, ‘ਭਾਅ ਜੀ, ਕੀ ਹਾਲ ਏ?’ ਉਹ ਮੇਰੇ ਵੱਲ ਵੇਖ ਕੇ ਰੋਣ ਲੱਗ ਪਿਆ। ਕਿਉਂਕਿ ਮੈਂ ਉਸ ਨੂੰ ਹਰ ਚੰਗੀ-ਮਾੜੀ ਕਿਰਿਆ ਤੋਂ ਜਾਣਦਾ ਸਾਂ। ਮੈਨੂੰ ਰੋਂਦੇ ਹੋਏ ਕਹਿਣ ਲੱਗਾ, ‘ਜੋ ਕੁਝ ਜੀਵਨ ਵਿੱਚ ਕੀਤਾ ਹੈ, ਸਭ ਕੁਝ ਦਿਮਾਗ਼ ਵਿੱਚ ਘੁੰਮ ਰਿਹਾ ਹੈ। ਦਿਲ ਕਰਦਾ ਹੈ ਵਾਪਸ ਜਾ ਕੇ ਉਨ੍ਹਾਂ ਸਭਨਾਂ ਕੋਲੋਂ ਮੁਆਫ਼ੀ ਮੰਗਾਂ ਜਿਨ੍ਹਾਂ ਦਾ ਮੈਂ ਦਿਲ ਦੁਖਾਇਆ ਹੈ। ਜਿਨ੍ਹਾਂ ਨਾਲ ਜ਼ਿਆਦਤੀਆਂ ਕੀਤੀਆਂ ਹਨ। ਜਿਨ੍ਹਾਂ ਨਾਲ ਠੱਗੀਆਂ-ਠੋਰੀਆਂ ਮਾਰੀਆਂ ਹਨ।’
ਮੈਂ ਕਿਹਾ, ‘ਭਾਅ ਜੀ, ਤੁਸੀਂ ਹੁਣ ਵਾਪਸ ਨਹੀਂ ਜਾ ਸਕਦੇ। ਤੁਸੀਂ ਮੈਨੂੰ ਦੱਸੋ ਕਿ ਜੀਵਨ ਕੀ ਹੈ? ਸਾਨੂੰ ਕਿਵੇਂ ਜਿਉਣਾ ਚਾਹੀਦਾ ਹੈ? ਕੋਈ ਸਾਨੂੰ ਸੰਦੇਸ਼ ਦੇਵੋ ਤਾਂ ਕਿ ਅਸੀਂ ਵੀ ਕੋਈ ਗ਼ਲਤੀ ਨਾ ਕਰ ਸਕੀਏ।’
ਉਸ ਨੇ ਮੈਨੂੰ ਇਸ਼ਾਰੇ ਨਾਲ ਸਮਝਾਇਆ, ਮੈਂ ਸਮਝ ਗਿਆ ਤੇ ਇੱਕ ਕਾਗਜ਼ ’ਤੇ ਜੇਬ੍ਹ ਵਿੱਚੋਂ ਪੈਨ ਕੱਢ ਕੇ ਦੇ ਦਿੱਤਾ। ਉਸ ਨੇ ਕਾਗ਼ਜ਼ ਉੱਪਰ ਵੱਡੇ ਜਿਹੇ ਸ਼ਬਦਾਂ ਵਿੱਚ ਲਿਖ ਦਿੱਤਾ, ‘ਲਵ (ਪਿਆਰ)।’
ਖ਼ੁਸ਼ੀ ਦੀ ਮੰਜ਼ਿਲ ਪਿਆਰ ਹੈ। ਸੱਚ ਦਾ ਪਿਆਰ, ਇਮਾਨਦਾਰੀ ਦਾ ਪਿਆਰ, ਰਿਸ਼ਤਿਆਂ ਦਾ ਸੱਚਾ ਪਿਆਰ, ਦੋਸਤਾਂ, ਮਿੱਤਰਾਂ, ਸਨੇਹੀਆਂ, ਬਿਗਾਨਿਆਂ ਦਾ ਪਿਆਰ, ਆਲੇ-ਦੁਆਲੇ ਦਾ ਪਿਆਰ, ਹਰ ਤੱਤ ਵਿੱਚ ਖਿੜ੍ਹੀ ਧੁੱਪ ਵਰਗਾ, ਸਰਘੀ ਦੇ ਵੇਲੇ ਵਰਗਾ ਨਿੱਘਾ ਪਿਆਰ। ਦੋਸਤੋ, ਖ਼ੁਸ਼ੀ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਰਹੋ, ਇਹ ਤੁਹਾਡੇ ਆਲੇ-ਦੁਆਲੇ ਹੀ ਹੈ।
ਸੰਪਰਕ: 98156-25409