ਮੁੰਬਈ, 10 ਅਗਸਤ
ਅਦਾਕਾਰਾ ਕਰੀਨਾ ਕਪੂਰ ਖਾਨ ਏਕਤਾ ਕਪੂਰ ਦੀ ਬਾਲਾਜੀ ਟੈਲੀਫਿਲਮਜ਼ ਨਾਲ ਮਿਲ ਕੇ ਪਹਿਲੀ ਵਾਰ ਫਿਲਮ ਨਿਰਮਾਤਾ ਵਜੋਂ ਕੰਮ ਕਰਨ ਲਈ ਤਿਆਰ ਹੈ। ਜਾਣਕਾਰੀ ਅਨੁਸਾਰ ਇਸ ਫਿਲਮ ਦਾ ਨਾਂ ਬਾਰੇ ਅਜੇ ਫ਼ੈਸਲਾ ਨਹੀਂ ਹੋਇਆ ਪਰ ਇਸ ਦਾ ਨਿਰਦੇਸ਼ਨ ਹੰਸਲ ਮਹਿਤਾ ਕਰਨਗੇ। ਪਹਿਲੀ ਵਾਰ ਫਿਲਮ ਨਿਰਮਾਤਾ ਵਜੋਂ ਕੰਮ ਕਰਨ ਵਾਲੀ ਕਰੀਨਾ ਨੇ ਉਤਸੁਕਤਾ ਨਾਲ ਕਿਹਾ,‘‘ ਏਕਤਾ ਨਾਲ ਇਸ ਫਿਲਮ ਵਿੱਚ ਨਿਰਮਾਤਾ ਵਜੋਂ ਕੰਮ ਕਰਨ ਲਈ ਨੂੰ ਲੈ ਕੇ ਮੈਂ ਕਾਫ਼ੀ ਮਾਣ ਮਹਿਸੂਸ ਕਰ ਰਹੀ ਹਾਂ ਤੇ ਉਤਸੁਕ ਹਾਂ, ਜਿਸਨੂੰ ਮੇਰਾ ਪਰਿਵਾਰ ਕਈ ਸਾਲਾਂ ਤੋਂ ਜਾਣਦਾ ਹੈ ਤੇ ਬੇਸ਼ੱਕ ਇਹ ਫਿਲਮ ਹੰਸਲ ਮਹਿਤਾ ਵੱਲੋਂ ਪਹਿਲੀ ਵਾਰ ਨਿਰਦੇਸ਼ਤ ਕੀਤੀ ਜਾ ਰਹੀ ਹੈ। ਇਸ ਫ਼ਿਲਮ ’ਚ ਕਾਫ਼ੀ ਕੁਝ ਪਹਿਲੀ ਵਾਰ ਹੋ ਰਿਹਾ ਹੈ ਤੇ ਮੈਂ ਇਹ ਸਫ਼ਰ ਸ਼ੁਰੂ ਕਰਨ ਦਾ ਇੰਤਜ਼ਾਰ ਨਹੀਂ ਕਰ ਸਕਦੀ। ਇਹ ਸਾਂਝ ਏਕਤਾ ਕਪੂਰ ਤੇ ਕਰੀਨਾ ਕਪੂਰ ਖਾਨ ਦੇ ਨੇੜੇ ਆਉਣ ਨੂੰ ਦਰਸਾ ਰਿਹਾ ਹੈ। ਦਿਲਚਸਪ ਗੱਲ ਹੈ ਕਿ ਕਰੀਨਾ ਕਪੂਰ ਦੇ ਬੇਟੇ ਤੈਮੂਰ ਦੇ ਜਨਮ ਤੋਂ ਬਾਅਦ ‘ਵੀਰੇ ਦੀ ਵੈਡਿੰਗ’ ਉਸਦੀ ਦੀ ਪਹਿਲੀ ਫਿਲਮ ਸੀ ਅਤੇ ਇਹ ਫਿਲਮ ਉਸ ਦੇ ਦੂਜੇ ਬੱਚੇ ਦੇ ਜਨਮ ਤੋਂ ਬਾਅਦ ਪਹਿਲੀ ਫਿਲਮ ਹੋਵੇਗੀ। ਇਤਫ਼ਾਕ ਨਾਲ ਦੋਵੇਂ ਫ਼ਿਲਮਾਂ ਏਕਤਾ ਕਪੂਰ ਵੱਲੋਂ ਨਿਰਦੇਸ਼ਿਤ ਕੀਤੀਆਂ ਗਈਆਂ ਹਨ। ਫਿਲਮਸਾਜ਼ ਹੰਸਲ ਮਹਿਤਾ ਨੇ ਕਿਹਾ,‘‘ ਇਸ ਫਿਲਮ ਰਾਹੀਂ ਸਾਡਾ ਉਦੇਸ਼ ਕਰੀਨਾ ਦੇ ਨਾਲ ਇੱਕ ਤਾਜ਼ਾ, ਮਨੋਰੰਜਕ ਥ੍ਰਿਲਰ ਬਣਾਉਣਾ ਹੈ।’’ -ਆਈਏਐੱਨਐੱਸ