ਗੁਰਮੀਤ ਸਿੰਘ*
ਕੁਦਰਤ ਨੇ ਸਾਨੂੰ ਜਿੱਥੇ ਵੰਨ-ਸੁਵੰਨੇ ਜੰਗਲੀ ਜਾਨਵਰ ਅਤੇ ਪੰਛੀ ਦਿੱਤੇ ਹਨ, ਉੱਥੇ ਸੁੰਦਰ ਕੀੜੇ-ਮਕੌੜੇ ਵੀ ਦਿੱਤੇ ਹਨ। ਇਸ ਤਰ੍ਹਾਂ ਦਾ ਇਕ ਟਿੱਡਾ ਹੈ ਜਿਸ ਨੂੰ ਹੱਥ ਜੋੜਨ ਵਾਲਾ ਟਿੱਡਾ ਕਿਹਾ ਜਾਂਦਾ ਹੈ। ਅੰਗਰੇਜ਼ੀ ਵਿਚ ਇਸ ਨੂੰ ਪ੍ਰੇਇੰਗ ਮੈਨਟਿਸ (praying mantis) ਕਹਿੰਦੇ ਹਨ। ਇਸ ਨੂੰ ਪ੍ਰੇਇੰਗ ਮੈਨਟਿਸ ਨਾਮ ਸ਼ਾਇਦ ਇਸ ਲਈ ਮਿਲਿਆ ਹੈ ਕਿਉਂਕਿ ਇਸ ਦੀਆਂ ਅਗਲੀਆਂ ਲੱਤਾਂ ‘ਪ੍ਰਾਰਥਨਾ’ ਕਰਨ ਦੀ ਸਥਿਤੀ ਵਿਚ ਝੁਕੀਆਂ ਹੋਈਆਂ ਮਿਲਦੀਆਂ ਹਨ। ਜ਼ਿਆਦਾਤਰ ਇਸ ਤਰ੍ਹਾਂ ਦੇ ਟਿੱਡੇ ਰੰਗ-ਬਿਰੰਗੇ ਜਾਂ ਭੂਰੇ ਰੰਗ ਦੇ ਹੁੰਦੇ ਹਨ। ਹੱਥ ਜੋੜਨ ਵਾਲਾ ਟਿੱਡਾ ਸਾਨੂੰ ਬਾਗ਼- ਬਗੀਚਿਆਂ ਅਤੇ ਖੇਤਾਂ ਵਿਚ ਵੇਖਣ ਨੂੰ ਮਿਲ ਜਾਂਦਾ ਹੈ। ਅਸਲ ਵਿਚ ਇਸ ਦੇ ਮੂਹਰਲੇ ਹਿੱਸੇ ਵਿਚ ਹੱਥ ਨਹੀਂ ਬਲਕਿ ਪੈਰ ਹੁੰਦੇ ਹਨ, ਜਿਨ੍ਹਾਂ ਨੂੰ ਇਹ ਪ੍ਰਾਰਥਨਾ ਕਰਨ ਦੀ ਸਥਿਤੀ ਦੇ ਰੂਪ ਵਿਚ ਜੋੜ ਕੇ ਰੱਖਦਾ ਹੈ।
ਇਸ ਟਿੱਡੇ ਦਾ ਸਿਰ ਤਿਕੋਣਾ ਅਤੇ ਮੂੰਹ ਚੁੰਝ ਵਰਗਾ ਤਿੱਖਾ ਹੁੰਦਾ ਹੈ। ਇਨ੍ਹਾਂ ਦੀਆਂ ਕੁੱਲ ਪੰਜ ਅੱਖਾਂ ਹੁੰਦੀਆਂ ਹਨ ਜਿਨ੍ਹਾਂ ਵਿਚੋਂ ਦੋ ਬਲਬ ਦੀ ਤਰ੍ਹਾਂ ਬਾਹਰ ਨੂੰ ਨਿਕਲੀਆਂ ਹੋਈਆਂ ਅਤੇ ਤਿੰਨ ਛੋਟੀਆਂ ਸਾਧਾਰਨ ਅੱਖਾਂ ਹੁੰਦੀਆਂ ਹਨ। ਇਨ੍ਹਾਂ ਦੇ ਸਿਰ ਉੱਪਰ ਦੋ ਐਂਟੀਨੇ ਵਰਗੇ ਵਾਲ ਹੁੰਦੇ ਹਨ। ਇਨ੍ਹਾਂ ਦੀਆਂ ਕਈ ਕਿਸਮਾਂ ਤਾਂ ਆਪਣੇ ਸਿਰ ਨੂੰ ਖਾਣ ਪੀਣ ਨੂੰ ਮੁੱਖ ਰੱਖਦੇ ਹੋਏ 180° ਨਾਲ ਆਲੇ ਦੁਆਲੇ ਘੁੰਮਾ ਸਕਦੀਆਂ ਹਨ।
ਇਸ ਤਰ੍ਹਾਂ ਦੇ ਸਾਰੇ ਟਿੱਡਿਆਂ ਦੀਆਂ ਚਾਰ ਲੱਤਾਂ ਹੁੰਦੀਆਂ ਹਨ ਜੋ ਜ਼ਿਆਦਾ ਕਰਕੇ ਸ਼ਿਕਾਰ ਫੜਨ ਵਿਚ ਸਹਾਈ ਹੁੰਦੀਆਂ ਹਨ। ਉਹ ਆਪਣੀਆਂ ਅਗਲੀਆਂ ਲੱਤਾਂ ਦੀ ਵਰਤੋਂ ਆਪਣੇ ਸ਼ਿਕਾਰ ਨੂੰ ਬਹੁਤ ਜਲਦੀ ਫਸਾਉਣ ਲਈ ਕਰਦੇ ਹਨ ਜਿਸ ਨਾਲ ਉਨ੍ਹਾਂ ਨੂੰ ਭੱਜਣ ਦਾ ਮੌਕਾ ਹੀ ਨਹੀਂ ਮਿਲਦਾ। ਅਗਲੇ ਜੋੜੇ ਹੋਏ ਹੱਥਾਂ ਤੇ ਮੂੰਹ ਦੇ ਇਕਦਮ ਖੁੱਲ੍ਹਣ ਦਾ ਸਮਾਂ ਕੀੜੇ ਨੂੰ ਹਿਲਣ ਦਾ ਮੌਕਾ ਨਹੀਂ ਦਿੰਦਾ। ਅਗਲੇ ਸ਼ਿਕਾਰ ਨੂੰ ਕਾਬੂ ਕਰਨ ਲਈ ਮੁੜ ਤੋਂ ਅਗਲੇ ਹੱਥ ਜੁੜ ਜਾਂਦੇ ਹਨ। ਮੱਖੀਆਂ, ਧਮੋੜੀਆਂ, ਮੱਕੜੀਆਂ ਅਤੇ ਕਈ ਤਰ੍ਹਾਂ ਦੇ ਕੀਟ-ਪਤੰਗੇ ਇਨ੍ਹਾਂ ਟਿੱਡਿਆਂ ਦੇ ਜਾਲ ਵਿਚ ਫਸ ਜਾਂਦੇ ਹਨ। ਇਹ ਵੇਖ ਕੇ ਹਰ ਕੋਈ ਹੈਰਾਨ ਹੁੰਦਾ ਹੈ ਕਿ ਪ੍ਰੇਇੰਗ ਮੈਨਟਿਸ ਬਹੁਤ ਹੀ ਸਟੀਕਤਾ ਨਾਲ ਛਾਲ ਮਾਰਦਾ ਹੈ।
ਪ੍ਰੇਇੰਗ ਮੈਨਟਿਸ ਨੂੰ ਵਿਆਪਕ ਤੌਰ ’ਤੇ ਇਕ ਲਾਭਦਾਇਕ ਕੀੜੇ ਵਜੋਂ ਜਾਣਿਆ ਜਾਂਦਾ ਹੈ ਕਿਉਂਕਿ ਉਹ ਬਹੁਤ ਸਾਰੇ ਵੱਖ ਵੱਖ ਕਿਸਮਾਂ ਦੇ ਹੋਰ ਕੀੜਿਆਂ ਨੂੰ ਖਾਂਦੇ ਹਨ ਜੋ ਮਨੁੱਖਾਂ ਲਈ ਨੁਕਸਾਨਦੇਹ ਹੋ ਸਕਦੇ ਹਨ।
ਮਾਦਾ ਪ੍ਰੇਇੰਗ ਮੈਨਟਿਸ ਗਰਮੀ ਦੇ ਅਖੀਰ ਵਿਚ/ਪਤਝੜ ਦੇ ਸ਼ੁਰੂ ਵਿਚ ਆਪਣੇ ਨਰ ਸਾਥੀ ਨਾਲ ਪ੍ਰਜਨਣ ਕਿਰਿਆ ਤਿੰਨ ਘੰਟੇ ਕਰਦੀ ਹੈ। ਮਾਦਾ 100 ਆਂਡਿਆਂ ਦਾ ਗੁੱਛਾ ਦਿੰਦੀ ਹੈ। ਮਾਦਾ ਨੂੰ ਇਸ ਦਰਮਿਆਨ ਬਹੁਤ ਸਾਰੇ ਭੋਜਨ ਦੀ ਲੋੜ ਪੈਂਦੀ ਹੈ। ਜਦੋਂ ਉਸ ਨੂੰ ਕੋਈ ਭੋਜਨ ਖਾਣ ਨੂੰ ਨਹੀਂ ਮਿਲਦਾ ਤਾਂ ਉਹ ਸਾਹਮਣੇ ਬੈਠੇ ਨਰ ਦਾ ਸਿਰ ਵੱਢ ਕੇ ਖਾ ਲੈਂਦੀ ਹੈ।
ਪ੍ਰੇਇੰਗ ਮੈਨਟਿਸ ਨੂੰ ਡੱਡੂ, ਛਿਪਕਲੀ, ਪੰਛੀਆਂ ਅਤੇ ਚਮਗਿੱਦੜ ਤੋਂ ਹਮੇਸ਼ਾਂ ਖ਼ਤਰਾ ਰਹਿੰਦਾ ਹੈ। ਇਹ ਵਾਤਾਵਰਣ ਲਈ ਲਾਭਕਾਰੀ ਹੈ ਕਿਉਂਕਿ ਇਹ ਬਾਗ਼ਾਂ ਅਤੇ ਖੇਤਾਂ ਵਿਚ ਸਾਡੇ ਦੁਸ਼ਮਣ ਕੀੜਿਆਂ ’ਤੇ ਹਮਲਾ ਕਰਦਾ ਰਹਿੰਦਾ ਹੈ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ
ਸੰਪਰਕ: 98884-56910