ਜੱਗਾ ਸਿੰਘ ਆਦਮਕੇ
ਕਿਹਾ ਜਾਂਦਾ ਹੈ ਕਿ ਮਨੁੱਖ ਆਰੰਭ ਵਿੱਚ ਦੂਸਰੇ ਜੰਗਲੀ ਜਾਨਵਰਾਂ ਵਾਂਗ ਜੰਗਲਾਂ ਵਿੱਚ ਰਹਿੰਦਾ ਸੀ। ਖੁਰਾਕ ਸਬੰਧੀ ਉਸ ਦੀ ਨਿਰਭਰਤਾ ਪੂਰੀ ਤਰ੍ਹਾਂ ਜੰਗਲਾਂ ਦੇ ਰੁੱਖਾਂ ਅਤੇ ਜੰਗਲੀ ਜੀਵ ਜੰਤੂਆਂ ’ਤੇ ਸੀ। ਬਾਅਦ ਵਿੱਚ ਉਸ ਨੇ ਰਹਿਣ ਲਈ ਪੱਕੇ ਠਿਕਾਣੇ ਬਣਾ ਲਏ। ਸਮੇਂ ਨਾਲ ਆਪਣੀਆਂ ਖੁਰਾਕੀ ਜ਼ਰੂਰਤਾਂ ਦੀ ਪੂਰਤੀ ਲਈ ਜੰਗਲ ’ਤੇ ਨਿਰਭਰਤਾ ਦੀ ਥਾਂ ਮਨੁੱਖ ਨੇ ਖੇਤੀਬਾੜੀ ਕਰਨੀ ਸ਼ੁੁਰੂ ਕਰ ਦਿੱਤੀ। ਜਿਵੇਂ ਜਿਵੇਂ ਮਨੁੱਖ ਵਿਕਸਤ ਹੁੰਦਾ ਗਿਆ, ਉਵੇਂ ਉਵੇਂ ਮਨੁੱਖ ਦੀ ਖੇਤੀਬਾੜੀ ’ਤੇ ਨਿਰਭਰਤਾ ਵਧਦੀ ਗਈ। ਖੇਤੀਬਾੜੀ ਲਈ ਮਨੁੱਖ ਨੇ ਪਸ਼ੂਆਂ ਦੀ ਸਹਾਇਤਾ ਲੈਣ ਦੇ ਨਾਲ ਖੇਤੀਬਾੜੀ ਵਿੱਚ ਵੱਖ ਵੱਖ ਕੰਮਾਂ ਦੀਆਂ ਜ਼ਰੂਰਤਾਂ ਲਈ ਔਜ਼ਾਰ/ਸੰਦ ਵੀ ਬਣਾ ਲਏ। ਇਨ੍ਹਾਂ ਖੇਤੀ ਆਧਾਰਿਤ ਸੰਦਾਂ ਵਿੱਚ ਸਮੇਂ ਨਾਲ ਤਬਦੀਲੀ ਆਉਂਦੀ ਗਈ ਅਤੇ ਲੋੜ ਅਨੁਸਾਰ ਨਵੇਂ ਸੰਦ ਬਣਦੇ ਗਏ। ਇਨ੍ਹਾਂ ਸੰਦਾਂ ਦੀ ਸੂਚੀ ਕਾਫ਼ੀ ਲੰਬੀ ਹੈ। ਖੇਤੀਬਾੜੀ, ਪਸ਼ੂ ਪਾਲਣ ਅਤੇ ਬਾਗਬਾਨੀ ਵਿੱਚ ਕੰਮ ਆਉਣ ਵਾਲਾ ਅਜਿਹਾ ਹੀ ਇੱਕ ਸੰਦ ਹੈ ‘ਦਾਤੀ’।
ਬਣਤਰ ਪੱਖੋਂ ਦਾਤੀ ਥੋੜ੍ਹੀ ਬਹੁਤੀ ਤਬਦੀਲੀ ਨਾਲ ਖੇਤੀਬਾੜੀ ਨਾਲ ਜੁੜੇ ਦੁਨੀਆ ਦੇ ਵੱਖ ਵੱਖ ਹਿੱਸਿਆਂ ਵਿੱਚ ਵਰਤਿਆ ਜਾਣਾ ਵਾਲਾ ਸੰਦ ਹੈ। ਲੋਹਾ ਯੁੱਗ ਦੇੇ ਆਰੰਭ ਹੋਣ ਤੋਂ ਪਹਿਲਾਂ ਵੀ ਅਜਿਹੇ ਸੰਦ ਦੀ ਵਰਤੋਂ ਫ਼ਸਲਾਂ, ਹਰੇ ਚਾਰੇ ਆਦਿ ਦੀ ਕਟਾਈ ਲਈ ਹੁੰਦੀ ਰਹੀ ਹੋਵੇਗੀ। ਵੱਖ ਵੱਖ ਸੰਦਾਂ ਦੇ ਨਿਰਮਾਣ ਵਿੱਚ ਲੋਹੇ ਦੀ ਵਰਤੋਂ ਹੋਣੀ ਸ਼ੁਰੂ ਹੋਣ ਤੋਂ ਬਾਅਦ ਦਾਤੀ ਲੋਹੇ ਤੋਂ ਬਣਨ ਲੱਗੀ। ਇਸ ਵਿੱਚ ਵੀ ਸਮੇਂ ਨਾਲ ਤਬਦੀਲੀ ਹੁੰਦੀ ਗਈ। ਦਾਤੀ ਕਾਫ਼ੀ ਪਹਿਲਾਂ ਤੋਂ ਉਪਯੋਗ ਹੁੰਦਾ ਸੰਦ ਹੈ। ਅਜਿਹਾ ਕੁਝ ਹੋਣ ਕਾਰਨ ਗੁਰਬਾਣੀ ਵਿੱਚ ਇਸ ਸਬੰਧੀ ਜ਼ਿਕਰ ਕੁਝ ਇਸ ਤਰ੍ਹਾਂ ਮਿਲਦਾ ਹੈ:
ਹਰੀ ਨਾਹੀ ਨਹ ਡਡੁਰੀ ਪਕੀ ਵਢਣਹਾਰ॥
ਲੈ ਲੈ ਦਾਤ ਪਹੁਤਿਆ ਲਾਵੇ ਕਰਿ ਤਈਆਰੁ॥
ਪੰਜਾਬ ਵਿੱਚ ਵੀ ਕੁਝ ਸਮਾਂ ਪਹਿਲਾਂ ਗੱਡੀ ਲੁੁਹਾਰਾਂ ਦੁਆਰਾ ਬਣਾਈ ਦਾਤੀ ਹੁੰਦੀ ਸੀ ਜਿਸ ਦੇ ਸਿਰੇ ’ਤੇ ਲੱਕੜ ਦਾ ਬਣਾਇਆ ਹਥੜਾ ਹੁੰਦਾ ਸੀ। ਇਹ ਦਾਤੀ ਹਰਾ ਚਾਰਾ ਆਦਿ ਵੱਢਣ ਦੇ ਨਾਲ ਨਾਲ ਸਬਜ਼ੀਆਂ ਆਦਿ ਵਿੱਚੋਂ ਨਦੀਨ ਕੱਢਣ ਲਈ ਵੀ ਉਪਯੋਗੀ ਰਹੀ ਹੈ। ਦੰਦੇ ਘਸਣ ’ਤੇ ਪਿੰਡ ਦੇ ਲੁਹਾਰਾਂ ਤੋਂ ਫਿਰ ਕਢਵਾ ਲਏ ਜਾਂਦੇ। ਇਸ ਨੂੰ ਦੇਸੀ ਦਾਤੀ ਕਿਹਾ ਜਾਂਦਾ ਹੈ। ਬਾਅਦ ਵਿੱਚ ਦਾਤੀ ਦੇ ਆਕਾਰ ਦੇ ਫਰੇਮ ਵਿੱਚ ਬਲੇਡ ਵਾਲੀ ਦਾਤੀ ਪ੍ਰਚੱਲਿਤ ਹੋਈ। ਇਸ ਬਲੇਡ ਦੇ ਤਿਰਸ਼ੇ ਦੰਦੇ ਕੁਝ ਵਧੇਰੇ ਤਿੱਖੇ ਹੁੰਦੇ ਹਨ ਅਤੇ ਇਸ ਦੀ ਕਾਰਜ ਸਮਰੱਥਾ ਵਧੇਰੇ ਹੁੰਦੀ ਹੈ। ਖੇਤੀਬਾੜੀ ਵਿੱਚ ਫ਼ਸਲਾਂ ਦੀ ਕਟਾਈ ਲਈ ਇਹ ਵਧੇਰੇ ਉਪਯੋਗੀ ਹੁੰਦੀ ਹੈ। ਅਜਿਹਾ ਹੋਣ ਕਾਰਨ ਇਸ ਦਾਤੀ ਦੀ ਵਰਤੋਂ ਵਧੇਰੇ ਕੀਤੀ ਜਾ ਰਹੀ ਹੈ। ਇਸ ਦਾ ਨਿਰਮਾਣ ਵੱਡੇ ਪੱਧਰ ’ਤੇ ਕਾਰਖਾਨਿਆਂ ਤੇ ਫੈਕਟਰੀਆਂ ਵਿੱਚ ਹੋ ਰਿਹਾ ਹੈ।
ਦਾਤੀ ਦੇ ਇੱਕ ਸਿਰੇ ’ਤੇ ਲੱਕੜ ਦਾ ਦਸਤਾ ਹੁੰਦਾ ਹੈ ਜਿਸ ਨੂੰ ਬਣਾਉਣ ਲਈ ਪੰਜਾਬ ਵਿੱਚ ਮਿਲਦੇ ਆਮ ਰਵਾਇਤੀ ਰੁੱਖਾਂ ਦੀ ਲੱਕੜ ਦਾ ਉਪਯੋਗ ਕੀਤਾ ਜਾਂਦਾ ਹੈ। ਕਿਸੇ ਆਪਣੇ ਪਿਆਰੇ ਦੁਆਰਾ ਕੀਤੀ ਜਾਂਦੀ ਵਾਢੀ ਵਿੱਚ ਉਪਯੋਗ ਹੁੰਦੀ ਦਾਤੀ ਦੇ ਇਹ ਦਸਤਾ ਚੰਦਨ ਦਾ ਬਣਿਆ ਹੋਇਆ ਹੋਣ ਸਬੰਧੀ ਟੱਪਿਆਂ, ਬੋਲੀਆਂ ਵਿੱਚ ਕਲਪਨਾ ਕੀਤੀ ਕੁਝ ਇਸ ਤਰ੍ਹਾਂ ਮਿਲਦੀ ਹੈ:
ਹੱਥ ਦਾਤੀ ਚੰਨਣ ਦਾ ਦਸਤਾ
ਲੱਛੀ ਕੁੜੀ ਵਾਢੀਆਂ ਕਰੇ।
ਦਾਤੀ ਫ਼ਸਲ, ਹਰਾ ਚਾਰਾ ਆਦਿ ਦੀ ਕਟਾਈ ਲਈ ਵਰਤੋਂ ਯੋਗ ਸੰਦ ਹੈ ਪ੍ਰੰਤੂ ਕਣਕ ਦੀ ਫ਼ਸਲ ਦੀ ਵਾਢੀ ਨਾਲ ਇਸ ਦਾ ਵਿਸ਼ੇਸ਼ ਸਬੰਧ ਜੁੜਿਆ ਹੋਇਆ ਹੈ। ਹਾੜ੍ਹੀ ਦੀਆਂ ਵਾਢੀਆਂ ਦੀਆਂ ਤਿਆਰੀਆਂ ਦੇ ਰੂਪ ਵਿੱਚ ਦਾਤੀਆਂ ਨੂੰ ਦੰਦੇ ਕਢਵਾਉਣ ਦੇ ਨਾਲ ਨਾਲ ਨਵੀਆਂ ਦਾਤੀਆਂ ਵੀ ਖ਼ਰੀਦੀਆਂ ਜਾਂਦੀਆਂ ਸਨ। ਇਨ੍ਹੀਂ ਦਿਨੀਂ ਨਵੀਆਂ ਦਾਤੀਆਂ ਵੇਚਣ, ਦਾਤੀਆਂ ਦੇ ਦੰਦੇ ਕੱਢਣ, ਦਾਤੀਆਂ ਦੇ ਬਲੇਡ ਬਦਲਣ ਵਾਲਿਆਂ ਲਈ ਚੰਗੇ ਰੁਜ਼ਗਾਰ ਵਾਲੇ ਦਿਨ ਹੁੰਦੇ ਸਨ। ਹਾੜ੍ਹੀ ਦੀ ਹੱਥੀਂ ਵਾਢੀ ਸਮੇਂ ਔਰਤਾਂ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਸਨ। ਕੁਝ ਅਜਿਹਾ ਹੋਣ ਕਾਰਨ ਹੀ ਕਿਸੇ ਔਰਤ ਵੱਲੋਂ ਹਾੜ੍ਹੀ ਬਰਾਬਰ ਵੱਢਣ ਲਈ ਦਾਤੀ ਦੇ ਘੁੰਗਰੂ ਲਗਵਾਉਣ ਲਈ ਟੱਪਿਆਂ ਵਿੱਚ ਕੁਝ ਇਸ ਤਰ੍ਹਾਂ ਕਿਹਾ ਮਿਲਦਾ ਹੈ:
ਦਾਤੀ ਨੂੰ ਲਵਾ ਦੇ ਘੁੰਗਰੂ
ਹਾੜ੍ਹੀ ਵੱਢੂੰਗੀ ਬਰੋਬਰ ਤੇਰੇ।
ਪੰਜਾਬ ਦੇ ਬਹੁਤ ਸਾਰੇ ਪਿੰਡ, ਕਸਬੇ, ਨਗਰ ਖੇਤੀਬਾੜੀ ਆਧਾਰਿਤ ਵੱਖ ਵੱਖ ਵਸਤੂਆਂ ਬਣਾਉਣ ਵਿੱਚ ਆਪਣੀ ਵਿਸ਼ੇਸ਼ਤਾ ਰੱਖਦੇ ਹਨ। ਉਹ ਇਨ੍ਹਾਂ ਲਈ ਪ੍ਰਸਿੱਧ ਰਹੇ ਹਨ। ਦਾਤੀਆਂ ਬਣਾਉਣ ਲਈ ਵੀ ਕੁਝ ਇਸ ਤਰ੍ਹਾਂ ਹੀ ਪ੍ਰਸਿੱਧ ਰਿਹਾ ਹੈ:
ਰੌਂਤੇ ਦੇ ਵਿੱਚ ਬਣਦੇ ਕੂੰਡੇ
ਸ਼ਹਿਰ ਭਦੌੜ ਦੇ ਵਿੱਚ ਬਣਦੀ ਚਾਟੀ।
ਹਿੰਮਤਪੁਰੇ ਬਣਦੀਆਂ ਕਹੀਆਂ
ਕਾਸ਼ਾਪੁਰ ਬਣਦੀ ਦਾਤੀ।
ਬਹਿ ਜਾ ਬੋਤੇ ’ਤੇ
ਮੰਨ ਕੇ ਭੌਰ ਦੀ ਆਖੀ।
ਦਾਤੀ ਵੱਖ ਵੱਖ ਖਿੱਤਿਆਂ ਦੇ ਲੋਕਾਂ ਦੇ ਲੋਕ ਜੀਵਨ ਵਿੱਚ ਵੀ ਮਹੱਤਵਪੂਰਨ ਸਥਾਨ ਰੱਖਦੀ ਹੈ। ਦਾਤੀ ਕਬਾਇਲੀ ਲੋਕਾਂ ਲਈ ਵੀ ਮਹੱਤਵਪੂਰਨ ਸੰਦ ਹੈ। ਉਹ ਇਸ ਦਾ ਉਪਯੋਗ ਵੱਖ ਵੱਖ ਉਦੇਸ਼ਾਂ ਲਈ ਕਰਦੇ ਹਨ। ਦਾਤੀ ਸਬੰਧੀ ਲੋਕਾਂ ਵਿੱਚ ਲੋਕ ਵਿਸ਼ਵਾਸ ਵੀ ਪ੍ਰਚੱਲਿਤ ਹਨ। ਕੁਝ ਕਬੀਲਿਆਂ ਵਿੱਚ ਅਸਮਾਨੀ ਬਿਜਲੀ ਲਿਸ਼ਕਣ ਸਮੇਂ ਦਾਤੀ ਨੂੰ ਵਿਹੜੇ ਵਿੱਚ ਰੱਖ ਦਿੰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਅਜਿਹਾ ਕਰਨ ਨਾਲ ਬਿਜਲੀ ਦਾ ਅਸਰ ਧਰਤੀ ਵਿੱਚ ਚਲਾ ਜਾਂਦਾ ਹੈ ਅਤੇ ਅਸਮਾਨੀ ਬਿਜਲੀ ਕਿਸੇ ਕਿਸਮ ਦਾ ਨੁਕਸਾਨ ਨਹੀਂ ਕਰਦੀ।
ਇਸੇ ਤਰ੍ਹਾਂ ਕੁਝ ਖਿੱਤਿਆਂ ਵਿੱਚ ਦਾਤੀ ਨੂੰ ਔਰਤਾਂ ਦੀ ਸੁਰੱਖਿਆ ਲਈ ਉਨ੍ਹਾਂ ਵੱਲੋਂ ਆਪਣੇ ਨਾਲ ਰੱਖਿਆ ਜਾਂਦਾ ਹੈ। ਭਾਰਤ ਦੇ ਪਹਾੜੀ ਖੇਤਰਾਂ ਵਿੱਚ ਦਾਤੀ ਨੂੰ ਔਰਤਾਂ ਅਤੇ ਬੱਚਿਆਂ ਦੀ ਭੂਤ ਪ੍ਰੇਤ ਤੋਂ ਸੁਰੱਖਿਆ ਕਰਨ ਵਾਲੀ ਮੰਨਿਆ ਜਾਂਦਾ ਹੈ। ਇਹ ਬੱਚੇ ਦੇ ਜਨਮ ਸਮੇਂ ਉਸ ਦੇ ਸਿਰਹਾਣੇ ਰੱਖੀ ਜਾਂਦੀ ਹੈ। ਦਾਤੀ/ਦਾਤਰੀ ਕੇਵਲ ਖੇਤੀਬਾੜੀ ਵਿੱਚ ਵਾਢੀ ਲਈ ਉਪਯੋਗ ਕੀਤਾ ਜਾਣ ਵਾਲਾ ਸੰਦ ਹੈ ਪਰ ਪੰਜਾਬੀਆਂ ਵੱਲੋਂ ਪ੍ਰਤੀਕਾਤਮਕ ਰੂਪ ਵਿੱਚ ਮੀਰ ਮੰਨੂੰ ਦੁਆਰਾ ਕੀਤੇ ਗਏ ਜ਼ੁਲਮਾਂ ਲਈ ਉਸ ਨੂੰ ਦਾਤਰੀ ਦੇ ਰੂਪ ਵਿੱਚ ਕੁਝ ਇਸ ਤਰ੍ਹਾਂ ਪੇਸ਼ ਕੀਤਾ ਮਿਲਦਾ ਹੈ:
ਮੰਨੂੰ ਸਾਡੀ ਦਾਤਰੀ, ਅਸੀਂ ਮੰਨੂੰ ਦੇ ਸੋਏ
ਜਿਉਂ ਜਿਉਂਂ ਸਾਨੂੰ ਵੱਢਦਾ, ਅਸੀਂ ਦੂਣ ਸਵਾਏ ਹੋਏ।
ਦਾਤੀ ਦੇ ਇੱਕ ਪਾਸੇ ਤਿਰਸ਼ੇ ਦੰਦੇ ਹੁੰਦੇ ਹਨ, ਜਿਹੜੇ ਕਿਸੇ ਚੀਜ਼ ਨੂੰ ਵੱਢਣ ਲਈ ਉਪਯੋਗੀ ਹੁੰਦੇ ਹਨ। ਕੁਝ ਇਸ ਤਰ੍ਹਾਂ ਹੀ ਦਾਤੀ ਦੇ ਦੰਦਿਆਂ ਰਾਹੀਂ ਲੋਕਾਂ ਦੇ ਦੂਹਰੇ ਮਾਪਦੰਡਾਂ ਅਤੇ ਕਿਸੇ ਪ੍ਰਤੀ ਲੋਕਾਂ ਦੇ ਵਰਤਾਅ ਨੂੰ ਦਰਸਾਉਣ ਲਈ ਕਿਹਾ ਜਾਂਦਾ ਹੈ:
ਦਾਤੀ ਨੂੰ ਇੱਕ ਪਾਸੇ ਦੰਦੇ, ਦੁਨੀਆ ਨੂੰ ਦੋਹੀਂ ਪਾਸੇ ਦੰਦੇ।
ਇਸ ਤਰ੍ਹਾਂ ਦਾਤੀ ਦੀ ਬਹੁਪੱਖੀ ਉਪਯੋਗਤਾ ਕਾਰਨ ਇਹ ਪੰਜਾਬੀਆਂ ਵਿੱੱਚ ਹਰਮਨ ਪਿਆਰਾ ਸੰਦ ਹੈ। ਇਸ ਦੀ ਉਪਯੋਗਤਾ ਕਾਰਨ ਇਹ ਸੰਦ ਪੰਜਾਬ ਦੇ ਲੋਕਗੀਤਾਂ, ਟੱਪਿਆਂ, ਬੋਲੀਆਂ ਵਿੱਚ ਬੋਲਦਾ ਹੈ। ਹਾੜ੍ਹੀ ਦੀ ਵਾਢੀ ਅਤੇ ਦੂਸਰੀਆਂ ਫ਼ਸਲਾਂ ਦੀ ਕਟਾਈ ਦੇ ਸਮੇਂ ਦਾਤੀਆਂ ਦੀ ਅੱਜ ਵੀ ਕੁਝ ਕੁ ਮਹੱਤਤਾ ਕਾਇਮ ਹੈ।
ਸੰਪਰਕ: 81469-24800