ਸਰੂਪ ਸਿੰਘ
ਜ਼ਿਲ੍ਹਾ ਸੰਗਰੂਰ ਦੇ ਕਸਬੇ ਭਵਾਨੀਗੜ੍ਹ ਵਿਚ ਪੈਂਦੇ ਪਿੰਡ ਬਖਤੜੀ ਵਿਚ ਰਹਿਣ ਵਾਲੇ ਸਰਦਾਰ ਟਿੱਕਾ ਸਿੰਘ ਤੇ ਲੀਲਾਵਤੀ ਦੇ ਘਰ 5 ਜਨਵਰੀ 1961 ਨੂੰ ਪੈਦਾ ਹੋਇਆ ਹਾਕਮ ਨਾਂ ਦਾ ਬਾਲਕ ਜਵਾਨੀ ਦੀ ਦਹਿਲੀਜ਼ ’ਚ ਪੈਰ ਧਰਦਿਆਂ ਹੀ ਪੜ੍ਹਾਈ ਨੂੰ ਵਿਚਾਲੇ ਛੱਡ ਅਣਜਾਣ ਰਾਹਾਂ ਦਾ ਪਾਂਧੀ ਹੋ ਕੇ ਲੁਧਿਆਣਾ ਪਹੁੰਚ ਗਿਆ। ਇੱਥੇ ਆ ਕੇ ਉਹ ਕਾਰਖਾਨਿਆਂ ਵਿਚ ਮਜ਼ਦੂਰੀ ਕਰਨ ਲੱਗਾ, ਪਰ ਉਸਨੂੰ ਕੀ ਪਤਾ ਸੀ ਕਿ ਉਹ ਮਜ਼ਦੂਰੀ ਕਰਦਾ-ਕਰਦਾ ਇਕ ਦਿਨ ਪੰਜਾਬ ਦਾ ਅਹਿਮ ਗਵੱਈਆ ਬਣ ਜਾਵੇਗਾ। ਜਿਵੇਂ ਪਾਕਿਸਤਾਨ ਦੇ ਪ੍ਰਸਿੱਧ ਸ਼ਾਇਰ ਬਾਬਾ ਨਜ਼ਮੀ ਨੇ ਕਿਹਾ:
ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ
ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ
ਇਸ ਸ਼ੇਅਰ ਦੀ ਕਹਾਵਤ ਨੂੰ ਹਾਕਮ ਬਖਤੜੀ ਵਾਲੇ ਨੇ ਸੱਚ ਕਰ ਦਿਖਾਇਆ ਹੈ। ਹੁਣ ਹਾਕਮ ਬਖ਼ਤੜੀ ਵਾਲਾ ਪੰਜਾਬੀ ਸੰਗੀਤ ਦੀ ਦੁਨੀਆਂ ਦਾ ਉਹ ਨਾਂ ਹੈ ਜਿਸਨੇ ਵਕਤ ਦੀ ਬੰਜਰ ਜ਼ਮੀਨ ’ਤੇ ਆਪਣੀ ਮਿਹਨਤ ਦਾ ਹੱਲ ਵਾਹ ਕੇ ਤਰੱਕੀਆਂ ਦੀ ਫ਼ਸਲ ਨੂੰ ਉਗਾਇਆ ਹੈ। ਉਸਨੇ ਆਪਣੇ ਉਸਤਾਦ ਸਾਜਨ ਰਾਏਕੋਟੀ ਤੋਂ ਗੀਤਕਾਰੀ ਦੀਆਂ ਬਾਰੀਕੀਆਂ ਸਿੱਖਣ ਦੇ ਨਾਲ ਨਾਲ ਗਾਇਕੀ ਦੇ ਹੁਨਰ ਨੂੰ ਵੀ ਖ਼ੂਬ ਪਛਾਣਿਆ। ਹਾਕਮ ਬਖ਼ਤੜੀ ਵਾਲਾ ਉਨ੍ਹਾਂ ਸਮਿਆਂ ਦਾ ਗੀਤਕਾਰ/ਗਵੱਈਆ ਹੈ ਜਦੋਂ ਦੋਗਾਣਾ ਗਾਇਕੀ ਦਾ ਬੋਲਬਾਲਾ ਸਿਰ ਚੜ੍ਹ ਕੇ ਬੋਲ ਰਿਹਾ ਸੀ। ਉਸਤਾਦ ਲਾਲ ਚੰਦ ਯਮਲਾ ਜੱਟ ਦੀ ਪਾਈ ਪਿਰਤ ਨੂੰ ਚਾਂਦੀ ਰਾਮ ਚਾਂਦੀ, ਹਰਚਰਨ ਗਰੇਵਾਲ, ਕੇ ਦੀਪ-ਜਗਮੋਹਨ ਕੌਰ, ਦੀਦਾਰ ਸੰਧੂ, ਮੁਹੰਮਦ ਸਦੀਕ, ਸੁਰਿੰਦਰ ਛਿੰਦਾ, ਜਸਵੰਤ ਸੰਦੀਲਾ, ਅਮਰ ਸਿੰਘ ਚਮਕੀਲਾ ਦੇ ਨਾਲ ਨਾਲ ਹਾਕਮ ਬਖ਼ਤੜੀ ਵਾਲੇ ਨੇ ਇਸ ਪਿਰਤ ਨੂੰ ਬਰਕਰਾਰ ਰੱਖਿਆ।
ਜੇਕਰ ਹਾਕਮ ਦੀ ਗੀਤਕਾਰੀ ਦੀ ਗੱਲ ਕਰੀਏ ਤਾਂ ਉਸਦੇ ਲਿਖੇ ਹੋਏ ਗੀਤਾਂ ਨੂੰ ਪੰਜਾਬ ਦੇ ਨਾਮਵਰ ਕਲਾਕਾਰਾਂ ਨੇ ਗਾ ਕੇ ਨਾਮਣਾ ਖੱਟਿਆ ਹੈ। ਇਨ੍ਹਾਂ ਵਿਚੋਂ ਸੁਰਿੰਦਰ ਛਿੰਦਾ, ਰੰਗੀਲਾ ਜੱਟ, ਕੁਮਾਰੀ ਲਾਜ, ਕੁਲਦੀਪ ਕੌਰ, ਜਗਮੋਹਣ ਕੌਰ, ਕਰਤਾਰ ਰਮਲਾ, ਸੁਖਵੰਤ ਕੌਰ, ਨੇਕੀ ਕਾਤਿਲ, ਕੁਲਦੀਪ ਪਾਰਸ, ਪਰਮਿੰਦਰ ਸੰਧੂ, ਕੁਲਦੀਪ ਰਸੀਲਾ, ਮਿਸ ਪੂਜਾ, ਕੁਲਦੀਪ ਮਾਣਕ, ਬਲਕਾਰ ਸਿੱਧੂ, ਮਨਪ੍ਰੀਤ ਅਖ਼ਤਰ, ਸਰਦੂਲ ਸਿਕੰਦਰ, ਅਮਰ ਨੂਰੀ ਅਤੇ ਰਵਿੰਦਰ ਗਰੇਵਾਲ ਵਰਗੇ ਅਨੇਕਾਂ ਹੀ ਹੋਰ ਕਲਾਕਾਰ ਹਨ ਜੋ ਉਸ ਵੱਲੋਂ ਲਿਖੇ ਗੀਤਾਂ ਨੂੰ ਆਪਣੀ ਆਵਾਜ਼ ਨਾਲ ਸ਼ਿੰਗਾਰ ਚੁੱਕੇ ਹਨ।
ਸਾਲ 1984 ਵਿਚ ਹਾਕਮ ਨੇ ਆਪਣੀ ਪਤਨੀ ਬੀਬਾ ਦਲਜੀਤ ਕੌਰ ਨਾਲ ਬਤੌਰ ਗਾਇਕ ਪਹਿਲਾ ਦੋਗਾਣਾ ‘ਜਦੋਂ ਦਾ ਟਰੱਕ ਲੈ ਲਿਆ’ ਰਿਕਾਰਡ ਕਰਵਾਇਆ ਜਿਸਦੀ ਸਫਲਤਾ ਤੋਂ ਬਾਅਦ ਉਸਨੇ ਅਨੇਕਾਂ ਹੋਰ ਦੋਗਾਣੇ ਰਿਕਾਰਡ ਕਰਵਾਏ ਜਿਨ੍ਹਾਂ ਨੇ ਪੰਜਾਬੀ ਗਾਇਕੀ ਵਿਚ ਅਹਿਮ ਸਥਾਨ ਬਣਾਇਆ ਜਿਵੇਂ : ਕੱਢਕੇ ਬਿਗਾਨਾ ਪੁੱਤ ਮਾਰਿਆ ਹੁੰਦਾ ਜਿਵੇਂ ਮੱਖਣ ’ਚੋਂ ਵਾਲ ਨੀਂ, ਜੀਵਾਂਗੇ ਮਰਾਂਗੇ ਤੇਰੇ ਨਾਲ ਗੱਡੀਏ, ਕਾਂ ਨਾਲੋਂ ਵੀ ਤਿੱਖੀ ਹੁੰਦੀ ਅੱਖ ਡਰਾਈਵਰ ਦੀ, ਅੱਜ ਵਿਆਹ ਤੇਰੇ ਵਿਚ ਹਾਣਦੀਏ, ਮੁੰਡੇ ਦਾ ਮਾਸੜ ਬਣਜਾ ਵੇ, ਹਿੱਟ ਲਿਸਟ, ਨਿੱਕੀਆਂ ਲੈਚੀਆਂ, ਖੀਰ ਬਦਾਮਾਂ ਵਾਲੀ, ਮਿੱਤਰਾਂ ਦਾ ਘਰ ਭੁੱਲ ਗਈ, ਚੜ੍ਹ ਲੈਣਦੇ ਜਵਾਨੀ ਅਤੇ ਸੌਂਕਣ ਵਰਗੀ ਗੱਡੀ ਵਰਗੇ ਅਨੇਕਾਂ ਹੋਰ ਸੁਪਰਹਿੱਟ ਗੀਤ ਗਾਏ ਹਨ।
ਹਾਕਮ ਬਖਤੜੀ ਵਾਲਾ ਨੇ ਸੰਗੀਤ ਜਗਤ ਵਿਚ ਆਪਣੀ ਗੀਤਕਾਰੀ ਤੇ ਗਾਇਕੀ ਦੇ ਨਾਲ ਨਾਲ ਪੰਜਾਬੀ ਸਾਹਿਤ ਦੇ ਖੇਤਰ ਵਿਚ ਗਿਆਨ ਭਰਪੂਰ ਲੋਕ ਗਾਥਾਵਾਂ ਨੂੰ ਸਮਰਪਿਤ ‘ਰੰਗਪੁਰ ਰੰਗ ਲਾਉਣ ਵਾਲੀਏ’ ਤੇ ਸ਼ਹੀਦਾਂ ਦੀ ਦਾਸਤਾਨ ਨੂੰ ਬਿਆਨ ਕਰਨ ਵਾਲੀ ‘ਝੂਲਦੇ ਤਿਰੰਗੇ ਵਾਸਤੇ’ ਵਰਗੀਆਂ ਕੁਝ ਨਾਮੀਂ ਪੁਸਤਕਾਂ ਵੀ ਸਾਹਿਤ ਦੀ ਝੋਲੀ ਪਾਈਆਂ ਹਨ। ਹਾਕਮ ਬਖਤੜੀਵਾਲਾ ਜਿੱਥੇ ਅੱਜ ਇਕ ਵਧੀਆ ਗੀਤਕਾਰ, ਗਾਇਕ ਤੇ ਇਕ ਚੰਗੇ ਸਾਹਿਤਕਾਰ ਵਜੋਂ ਭੂਮਿਕਾ ਨਿਭਾ ਰਿਹਾ, ਉੱਥੇ ਹੀ ਉਹ ਉੱਚੀ ਸੁੱਚੀ ਸੋਚ ਰੱਖਣ ਵਾਲਾ ਦੂਰ ਅੰਦੇਸ਼ੀ ਮਨੁੱਖ ਵੀ ਹੈ। ਕੋਰੋਨਾ ਕਾਰਨ ਲੌਕਡਾਊਨ ਦੀ ਸਥਿਤੀ ਕਾਰਨ ਦਿਨੋ-ਦਿਨ ਆਪਣੇ ਸਾਥੀਆਂ ਦੀ ਜ਼ਿੰਦਗੀ ਨੂੰ ਆਰਥਿਕ ਮੰਦਹਾਲੀ ਦੀ ਚੱਕੀ ਵਿਚ ਪਿਸਦਿਆਂ ਦੇਖ ਕੇ ਉਹ ਉਨ੍ਹਾਂ ਦੀ ਮਦਦ ਲਈ ਵੀ ਅੱਗੇ ਆਇਆ ਹੈ। ਇਸ ਕਾਰਜ ਵਿਚ ਅੱਜ ਅਨੇਕਾਂ ਕਲਾਕਾਰਾਂ ਨੇ ਉਸ ਨਾਲ ਜੁੜ ਕੇ ਇਕਾਈਆਂ ਦੇ ਰੂਪ ਵਿਚ ਵਿਸ਼ਾਲ ਰੂਪ ਧਾਰਨ ਕਰਕੇ ਲੋੜਵੰਦਾਂ ਦੀ ਮਦਦ ਕੀਤੀ ਹੈ। ਇਸ ਵਿਸ਼ਾਲ ਇਕੱਠ ਨੇ ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਦੇ ਨਾਂ ਹੇਠ ਖ਼ੁਦ ਨੂੰ ਸਥਾਪਿਤ ਕੀਤਾ ਹੈ।
ਸੰਪਰਕ : 99886-27880
ਹਾਕਮ ਬਖਤੜੀਵਾਲਾ ਗੀਤਕਾਰੀ ਵੀ ਵਧੀਆ ਕਰਦਾ ਹੈ। ਉਸਦੇ ਲਿਖੇ ਹੋਏ ਗੀਤਾਂ ਨੂੰ ਸੁਰਿੰਦਰ ਛਿੰਦਾ, ਕੁਲਦੀਪ ਕੌਰ, ਜਗਮੋਹਣ ਕੌਰ, ਕਰਤਾਰ ਰਮਲਾ, ਸੁਖਵੰਤ ਕੌਰ, ਕੁਲਦੀਪ ਪਾਰਸ, ਪਰਮਿੰਦਰ ਸੰਧੂ, ਕੁਲਦੀਪ ਰਸੀਲਾ, ਮਿਸ ਪੂਜਾ, ਕੁਲਦੀਪ ਮਾਣਕ, ਬਲਕਾਰ ਸਿੱਧੂ, ਮਨਪ੍ਰੀਤ ਅਖ਼ਤਰ, ਸਰਦੂਲ ਸਿਕੰਦਰ, ਅਮਰ ਨੂਰੀ ਅਤੇ ਰਵਿੰਦਰ ਗਰੇਵਾਲ ਵਰਗੇ ਅਨੇਕਾਂ ਹੀ ਹੋਰ ਕਲਾਕਾਰ ਆਪਣੀ ਆਵਾਜ਼ ਨਾਲ ਸ਼ਿੰਗਾਰ ਚੁੱਕੇ ਹਨ।