ਹਰਦਿਆਲ ਸਿੰਘ ਥੂਹੀ
ਲੋਕ ਢਾਡੀ ਗੁਰਦਿਆਲ ਸਿੰਘ ਲੱਡਾ ਦਾ ਨਾਂ ਉਨ੍ਹਾਂ ਢਾਡੀਆਂ ਵਿਚ ਸ਼ੁਮਾਰ ਹੈ ਜਿਨ੍ਹਾਂ ਨੇ ਲੰਮੇਂ ਸਮੇਂ ਦੀ ਸਾਧਨਾਂ ਤੋਂ ਬਾਅਦ ਬਤੌਰ ਆਗੂ ਆਪਣਾ ਜਥਾ ਬਣਾ ਕੇ ਗਾਉਣਾ ਸ਼ੁਰੂ ਕੀਤਾ। ਉਸ ਨੇ ਲਗਭਗ ਪੰਤਾਲੀ ਸਾਲ ਵੱਖ ਵੱਖ ਆਗੂਆਂ ਦੀ ਅਗਵਾਈ ਵਿਚ ਗਾ ਕੇ ਆਪਣੇ ਆਪ ਨੂੰ ਆਗੂ ਬਣਨ ਦੇ ਯੋਗ ਸਮਝਿਆ।
ਗੁਰਦਿਆਲ ਸਿੰਘ ਦਾ ਜਨਮ ਜ਼ਿਲ੍ਹਾ ਸੰਗਰੂਰ ਦੇ ਪਿੰਡ ਲੱਡਾ ਵਿਖੇ ਦੇਸ਼ ਵੰਡ ਵਾਲੇ ਸਾਲ ਪਿਤਾ ਸੁੱਚਾ ਸਿੰਘ ਤੇ ਮਾਤਾ ਕਿਸਨੋ ਦੀ ਕੁੱਖੋਂ ਹੋਇਆ। ਸਕੂਲੀ ਪੜ੍ਹਾਈ ਉਸ ਨੇ ਕੇਵਲ ਅੱਖਰ ਉਠਾਲਣ ਜੋਗੀ ਹੀ ਕੀਤੀ। ਬਚਪਨ ਤੋਂ ਚੜ੍ਹਦੀ ਜਵਾਨੀ ਤੱਕ ਉਸ ਨੇ ਆਮ ਪੇਂਡੂ ਮੁੰਡਿਆਂ ਦੀ ਤਰ੍ਹਾਂ ਡੰਗਰ ਚਾਰੇ ਤੇ ਰੋਹੀਆਂ ਕੱਛੀਆਂ। ਕਵੀਸ਼ਰਾਂ, ਢਾਡੀਆਂ ਤੇ ਗਮੰਤਰੀਆਂ ਦੇ ਅਖਾੜੇ ਸੁਣ ਕੇ ਉਸ ਨੂੰ ਗਾਇਕੀ ਦਾ ਸ਼ੌਕ ਪੈ ਗਿਆ। ਕਵੀਸ਼ਰ ਪੰਡਤ ਸੋਹਣ ਚੰਦ ਦੀ ਆਵਾਜ਼ ਨੇ ਉਸ ਉੱਪਰ ਅਜਿਹਾ ਜਾਦੂ ਕੀਤਾ ਕਿ ਉਹ ਕੀਲਿਆ ਗਿਆ। ਪੰਦਰਾਂ ਸਾਲ ਦੀ ਉਮਰ ਵਿਚ ਉਨ੍ਹਾਂ ਨੂੰ ਗੁਰੂ ਧਾਰ ਕੇ ਕਵੀਸ਼ਰੀ ਕਰਨੀ ਸ਼ੁਰੂ ਕਰ ਦਿੱਤੀ। ਪੰਜ ਸਾਲ ਗੁਰੂ ਦੀ ਸੰਗਤ ਕੀਤੀ। ਫਿਰ ਪ੍ਰਸਿੱਧ ਕਵੀਸ਼ਰ ਪੰਡਤ ਪ੍ਰਕਾਸ਼ ਚੰਦ ਕਰਮਗੜ੍ਹ ਔਤਾਂ ਵਾਲੀ ਦੇ ਜਥੇ ਨਾਲ ਛੇ-ਸੱਤ ਸਾਲ ਗਾਇਆ। ਗੁਰਦਿਆਲ ਦੀ ਚੰਗੀ ਆਵਾਜ਼ ਦੇਖ ਕੇ ਲੋਕ ਢਾਡੀ ਅਤੇ ਕਵੀਸ਼ਰ ਗੁਰਮੇਲ ਪੰਧੇਰ ਅਜਨੌਦੇ ਵਾਲੇ ਨੇ ਉਸ ਨੂੰ ਆਪਣੇ ਜਥੇ ਵਿਚ ਸ਼ਾਮਲ ਕਰ ਲਿਆ। ਇਸ ਜਥੇ ਨੇ ਪਹਿਲਾ ਅਖਾੜਾ ਪਿੰਡ ਤਾਜੋ ਵਿਖੇ ਲਾਇਆ। ਇੱਥੇ ਕਵੀਸ਼ਰੀ ਗਾਈ। ਹੌਲੀ ਹੌਲੀ ਗੁਰਦਿਆਲ ਬਤੌਰ ਢਾਡੀ ਇਸ ਜਥੇ ਦਾ ਪੱਕਾ ਮੈਂਬਰ ਬਣ ਗਿਆ ਅਤੇ ਕਵੀਸ਼ਰੀ ਤੋਂ ਢਾਡੀ ਗਾਇਕੀ ਵੱਲ ਆ ਗਿਆ। ਪੂਰੇ ਪੰਦਰਾਂ ਸਾਲ ਗੁਰਦਿਆਲ ਨੇ ਗੁਰਮੇਲ ਪੰਧੇਰ ਦੀ ਅਗਵਾਈ ਵਿਚ ਗਾਇਆ। ਇਸ ਸਮੇਂ ਦੌਰਾਨ ਉਸ ਨੇ ਬਹੁਤ ਸਾਰਾ ‘ਗੌਣ’ ਕਲੀਆਂ ਅਤੇ ਹੋਰ ਛੰਦਾਂ ਵਿਚ ਯਾਦ ਕੀਤਾ। ਫਿਰ ਉਸ ਨੇ ਗਿਰਧਾਰੀ ਲਾਲ ਕੱਕੜਵਾਲੀਏ ਨਾਲ ਵੀ ਕੁਝ ਸਮਾਂ ਗਾਇਆ। ਇੱਥੇ ਉਸ ਨੇ ਸਹੀ ਮਾਅਨਿਆਂ ਵਿੱਚ ਢੱਡ ਵਜਾਉਣੀ ਸਿੱਖੀ। ਗਿਰਧਾਰੀ ਲਾਲ ਨਾਲ ਹੀ ਉਸ ਨੇ ਉਸਤਾਦੀ ਸ਼ਾਗਿਰਦੀ ਦੀ ਰਸਮ ਪੱਗ ਦੇ ਕੇ ਕੀਤੀ।
ਸਾਲ 1992 ਵਿਚ ਗੁਰਦਿਆਲ ਨੂੰ ਪ੍ਰਸਿੱਧ ਲੋਕ ਢਾਡੀ ਅਰਜਨ ਸਿੰਘ ਗੁਆਰਾ ਨੇ ਆਪਣੇ ਜਥੇ ਵਿਚ ਸ਼ਾਮਲ ਕਰ ਲਿਆ। ਪੂਰੇ ਸੋਲਾਂ ਸਾਲ ਗੁਰਦਿਆਲ ਨੇ ਲੋਕ ਢਾਡੀ ਕਲਾ ਦੇ ਸੰਘਣੇ ਬੋਹੜ ਅਰਜਨ ਸਿੰਘ ਦੀ ਛਾਂ ਮਾਣੀ। ਅਖ਼ੀਰ ਜਦੋਂ ਅਰਜਨ ਸਿੰਘ ਦੇ ਗੋਡੇ ਜਵਾਬ ਦੇ ਗਏ ਅਤੇ ਉਹ ਅਖਾੜੇ ਵਿਚ ਤੁਰਨ ਤੋਂ ਆਰੀ ਹੋ ਗਿਆ ਤਾਂ ਉਸ ਨੇ ਗੁਰਦਿਆਲ ਨੂੰ ਆਸ਼ੀਰਵਾਦ ਦੇ ਕੇ ਆਗੂ ਵਜੋਂ ਮਾਨਤਾ ਦੇ ਦਿੱਤੀ। ਗੁਰਦਿਆਲ ਨੇ ਬਨਾਰਸੀ ਗੋਪਾਲਪੁਰ ਨੂੰ ਪਾਛੂ ਢਾਡੀ ਅਤੇ ਪ੍ਰੌਢ ਸਾਜ਼ੀ ਗੁਰਨਾਮ ਸਿੰਘ ਗੋਪਾਲਪੁਰ ਨੂੰ ਸਾਰੰਗੀ ’ਤੇ ਲਾ ਕੇ ਪ੍ਰੋਗਰਾਮ ਕਰਨੇ ਸ਼ੁਰੂ ਕਰ ਦਿੱਤੇ। ਗੁਰਨਾਮ ਸਿੰਘ ਦੀ ਮੌਤ ਤੋਂ ਬਾਅਦ ਸਾਜ਼ੀ ਚਰਨ ਸਿੰਘ ਰੌਣੀ ਇਸ ਜਥੇ ਵਿਚ ਸ਼ਾਮਲ ਹੋ ਗਿਆ। 2020 ਤੱਕ ਚਰਨ ਸਿੰਘ ਤੇ ਬਨਾਰਸੀ, ਗੁਰਦਿਆਲ ਸਿੰਘ ਦੀ ਅਗਵਾਈ ਵਿਚ ਪ੍ਰੋਗਰਾਮ ਕਰਦੇ ਰਹੇ ਹਨ।
ਬਨਾਰਸੀ ਖਾਂ ਨੂੰ ਸੰਗੀਤ ਵਿਰਾਸਤ ਵਿਚੋਂ ਮਿਲਿਆ। ਉਸ ਦਾ ਪਿਤਾ ਊਧੇ ਖਾਂ ਇੱਕ ਚੰਗਾ ਗਵੱਈਆ ਸੀ ਜੋ ਆਪਣੇ ਭਣੋਈਏ ਘੀਚਰ ਖਾਂ ਦਿਆਗੜ੍ਹ ਵਾਲੇ ਨਾਲ ਗਾਉਂਦਾ ਸੀ। ਸਕੂਲੀ ਪੜ੍ਹਾਈ ਬਨਾਰਸੀ ਨੇ ਵੀ ਪੰਜ ਚਾਰ ਜਮਾਤਾਂ ਤੱਕ ਹੀ ਕੀਤੀ। ਬਚਪਨ ਵਿਚ ਹੀ ਉਹ ਢੱਡ ’ਤੇ ਠੋਲੇ ਮਾਰਨ ਲੱਗ ਪਿਆ ਸੀ ਅਤੇ ਆਪਣੇ ਪਿਤਾ ਤੋਂ ਥੋੜ੍ਹਾ ਮੋਟਾ ਸਿੱਖਦਾ ਰਹਿੰਦਾ ਸੀ। ਬਨਾਰਸੀ ਦਾ ਜੱਦੀ ਪਿੰਡ ਤੰਦਾ ਬੱਧਾ ਹੈ। ਬਾਅਦ ਵਿਚ ਪਰਿਵਾਰ ਨਾਲ ਆਪਣੇ ਨਾਨਕੇ ਪਿੰਡ ਗੋਪਾਲਪੁਰ ਆ ਗਿਆ। ਗੋਪਾਲਪੁਰ ਜ਼ਿਲ੍ਹਾ ਲੁਧਿਆਣਾ ਦੇ ਪ੍ਰਸਿੱਧ ਕਸਬੇ ਡੇਹਲੋਂ ਦੇ ਕੋਲ ਹੈ। ਸ਼੍ਰੋਮਣੀ ਲੋਕ ਢਾਡੀ ਦੇਸ ਰਾਜ ਲਚਕਾਣੀ ਬਨਾਰਸੀ ਦੀ ਭੂਆ ਦਾ ਪੁੱਤ ਹੈ। 1974-75 ਵਿਚ ਦੇਸ ਰਾਜ ਆਪਣੇ ਜਥੇ ਨਾਲ ਗੋਪਾਲਪੁਰ ਵਿਖੇ ਸੰਤ ਪਿੱਪਲਦਾਸ ਦੇ ਡੇਰੇ ਅਖਾੜਾ ਲਾਉਣ ਆਇਆ। ਉਸ ਦਾ ਸਾਥੀ ਪਾਛੂ ਮੇਹਰ ਸਿੰਘ ਗਲਾ ਖ਼ਰਾਬ ਹੋਣ ਕਾਰਨ ਗਾ ਨਹੀਂ ਸਕਿਆ। ਇੱਥੇ ਬਨਾਰਸੀ ਨੇ ਦੇਸ ਰਾਜ ਨਾਲ ਪਾਛੂ ਵਜੋਂ ਗਾਇਆ। ਦੋਹਾਂ ਦਾ ਸੁਮੇਲ ਅਜਿਹਾ ਹੋਇਆ ਕਿ ਅਖਾੜਾ ਖ਼ੂਬ ਜੰਮਿਆ ਅਤੇ ਲੋਕਾਂ ਨੇ ਭਰਪੂਰ ਦਾਦ ਦਿੱਤੀ। ਦੇਸ ਰਾਜ ਨੇ ਉਸ ਨੂੰ ਆਪਣੇ ਨਾਲ ਜੋੜ ਲਿਆ। ਵੀਹ ਕੁ ਦਿਨ ਲਚਕਾਣੀ ਰਹਿ ਕੇ ਬਨਾਰਸੀ ਨੇ ਖ਼ੂਬ ਮਿਹਨਤ ਕੀਤੀ। ‘ਗੌਣ’ ਤਾਂ ਉਸ ਦੇ ਅੰਦਰ ਪਹਿਲਾਂ ਹੀ ਸੀ, ਪਰ ਉਸ ਨੂੰ ਮੌਕਾ ਮਿਲਣ ਦੀ ਲੋੜ ਸੀ। ਇਹ ਜੋੜ ਅਜਿਹਾ ਜੁੜਿਆ ਕਿ ਮਾਮੇ ਭੂਆ ਦੇ ਪੁੱਤ ਭਰਾਵਾਂ ਨੇ ਲਗਾਤਾਰ ਤੀਹ ਸਾਲ ਇਕੱਠਿਆਂ ਗਾਇਆ। ਬਾਅਦ ਵਿਚ ਦੇਸ ਰਾਜ ਦੇ ਪੋਤੇ ਉਸ ਦਾ ਸਾਥ ਦੇਣ ਲੱਗ ਪਏ। ਬਨਾਰਸੀ, ਅਰਜਨ ਸਿੰਘ ਗੁਆਰੇ ਵਾਲੇ ਦੇ ਪਾਛੂ ਵਜੋਂ ਗਾਉਣ ਲੱਗ ਪਿਆ। ਅਰਜਨ ਸਿੰਘ ਦੇ ਥਬਿਣ ਤੋਂ ਬਾਅਦ ਗੁਰਦਿਆਲ ਸਿੰਘ ਲੱਡਾ ਤੇ ਬਨਾਰਸੀ ਦੋਵੇਂ ਗਾਉਂਦੇ ਰਹੇ।
ਸਾਲ 2020 ਤੋਂ ਬਨਾਰਸੀ ਦੀ ਸਿਹਤ ਕੁਝ ਢਿੱਲੀ-ਮੱਠੀ ਜਿਹੀ ਰਹਿਣ ਲੱਗ ਪਈ। ਇਸ ਕਾਰਨ ਉਸਨੇ ਅਖਾੜਿਆਂ ਵਿਚ ਜਾਣਾ ਛੱਡ ਦਿੱਤਾ। ਅੱਜਕੱਲ੍ਹ ਗੁਰਦਿਆਲ ਦਾ ਪਾਛੂ ਢਾਡੀ ਵਜੋਂ ਸਾਥ ਨਿਭਾ ਰਿਹਾ ਹੈ ਆਪਣੇ ਸਮੇਂ ਦੇ ਪ੍ਰਸਿੱਧ ਢਾਡੀ ਮਰਹੂਮ ਜਾਗਰ ਸਿੰਘ ਭਮੱਦੀ ਦਾ ਪੁੱਤਰ ਨਾਜ਼ਰ ਸਿੰਘ ਭਮੱਦੀ। ਉਹ ਪੰਜਾਬ ਪੁਲੀਸ ਵਿਚ ਬਤੌਰ ਏ.ਐੱਸ.ਆਈ. ਸੇਵਾ ਕਰਦਾ ਸੀ। 2020 ਵਿਚ ਉੱਧਰੋਂ ਸੇਵਾ ਮੁਕਤ ਹੋ ਕੇ ਇੱਧਰ ਜੁੜ ਗਿਆ। ਗੌਣ ਤਾਂ ਉਸ ਦੇ ਅੰਦਰ ਪਹਿਲਾਂ ਹੀ ਸੀ। ਆਵਾਜ਼ ਵੀ ਚੰਗੀ ਹੈ। ਇਸ ਤਰ੍ਹਾਂ ਜਲਦੀ ਹੀ ਉਹ ਇੱਕ ਚੰਗੇ ਪਾਛੂ ਵਜੋਂ ਸਾਥ ਦੇਣ ਲੱਗ ਪਿਆ।
ਤੀਜਾ ਸਾਥੀ ਚਰਨ ਸਿੰਘ ਰੌਣੀ ਆਪਣੇ ਸਮੇਂ ਦੇ ਪ੍ਰਸਿੱਧ ਲੋਕ ਢਾਡੀ ਬਾਬੂ ਸਿੰਘ ਰੌਣੀ ਦਾ ਭਤੀਜਾ ਹੈ। ਚਰਨ ਸਿੰਘ ਦਾ ਅੱਜ ਦੇ ਸਾਰੰਗੀ ਵਾਦਕਾਂ ਵਿਚ ਚੰਗਾ ਨਾਂ ਹੈ। ਉਸ ਨੇ ਲੰਬਾ ਸਮਾਂ ਕਈ ਜਥਿਆਂ ਨਾਲ ਬਤੌਰ ਸਾਰੰਗੀ ਵਾਦਕ ਸਾਥ ਨਿਭਾਇਆ ਹੈ। ਅਰਜਨ ਸਿੰਘ ਗੁਆਰਾ ਅਤੇ ਗੁਰਮੇਲ ਪੰਧੇਰ ਅਜਨੌਦਾ ਦੀ ਅਗਵਾਈ ਵਿਚ ਸਾਲਾਂ ਬੱਧੀ ਪ੍ਰੋਗਰਾਮ ਕੀਤੇ ਹਨ।
ਆਮ ਲੋਕ ਢਾਡੀਆਂ ਦੀ ਤਰ੍ਹਾਂ ਗੁਰਦਿਆਲ ਹੁਰੀਂ ਵੀ ਹੀਰ, ਸੋਹਣੀ, ਸੱਸੀ, ਮਿਰਜ਼ਾ ਆਦਿ ਪ੍ਰੀਤ ਗਾਥਾਵਾਂ, ਪੂਰਨ, ਕੌਲਾਂ ਆਦਿ ਉਪਦੇਸ਼ਾਤਮਕ ਤੇ ਸਦਾਚਾਰਕ ਗਾਥਾਵਾਂ, ਦੁੱਲਾ ਭੱਟੀ, ਜੈਮਲ ਫੱਤਾ, ਜਿਉਣਾ ਮੌੜ, ਸੁੱਚਾ ਸੂਰਮਾ ਆਦਿ ਬੀਰ ਗਾਥਾਵਾਂ ਦਾ ਗਾਇਨ ਕਰਦੇ ਹਨ। ਗੁਰਦਿਆਲ ਨੇ ਆਪਣੀ ਗਾਇਕੀ ਦੇ ਸਿਰ ’ਤੇ ਜਰਗ, ਛਪਾਰ, ਰੋਸ਼ਨੀ ਜਿਹੇ ਲੋਕ ਮੇਲਿਆਂ ਤੋਂ ਇਲਾਵਾ ਪੰਜਾਬ ਤੋਂ ਬਾਹਰ ਪਹੋਏ, ਕਪਾਲ ਮੋਚਨ ਆਦਿ ਤੀਰਥਾਂ ’ਤੇ ਲੱਗਦੇ ਮੇਲਿਆਂ ’ਤੇ ਪੈੜਾਂ ਕੀਤੀਆਂ ਹਨ। ਇਸ ਦੇ ਨਾਲ ਨਾਲ ਮਾਲਵੇ ਵਿਚ ਬਹੁਤ ਸਾਰੇ ਸਾਧਾਂ, ਸੰਤਾਂ, ਨਾਥਾਂ ਦੇ ਡੇਰਿਆਂ, ਸਥਾਨਾਂ ’ਤੇ ਵੀ ਉਹ ਆਪਣੇ ਜਥੇ ਨਾਲ ਹਾਜ਼ਰੀ ਭਰਦਾ ਹੈ।
ਸੰਪਰਕ: 84271-00341