ਮੁੰਬਈ: ਬੰਬੇ ਹਾਈ ਕੋਰਟ ਨੇ ‘ਕੈਸੇਟ ਕਿੰਗ’ ਵਜੋਂ ਜਾਣੇ ਜਾਂਦੇ ਗੁਲਸ਼ਨ ਕੁਮਾਰ ਦੀ 1997 ’ਚ ਹੱਤਿਆ ਦੇ ਮਾਮਲੇ ’ਚ ਫਿਲਮ ਪ੍ਰੋਡਿਊਸਰ ਅਤੇ ਟਿਪਸ ਇੰਡਸਟਰੀਜ਼ ਦੇ ਸਹਿ ਬਾਨੀ ਰਮੇਸ਼ ਤੌਰਾਨੀ ਨੂੰ ਬਰੀ ਕਰਨ ਦੇ ਫ਼ੈਸਲੇ ਨੂੰ ਬਹਾਲ ਰੱਖਿਆ ਹੈ। ਹਾਈ ਕੋਰਟ ਨੇ ਮੁਲਜ਼ਮ ਅਬਦੁੱਲ ਰਾਊਫ਼ ਮਰਚੈਂਟ ਨੂੰ ਉਮਰ ਕੈਦ ਦੀ ਸਜ਼ਾ ਦੀ ਵੀ ਤਸਦੀਕ ਕੀਤੀ ਹੈ। ਜਸਟਿਸ ਐੱਸ ਐੱਸ ਜਾਧਵ ਅਤੇ ਐੱਨ ਆਰ ਬੋਰਕਾਰ ਦੇ ਡਿਵੀਜ਼ਨ ਬੈਂਚ ਨੇ ਇਕ ਹੋਰ ਮੁਲਜ਼ਮ ਅਬਦੁੱਲ ਰਾਸ਼ਿਦ ਮਰਚੈਂਟ (ਰਾਊਫ਼ ਦਾ ਭਰਾ) ਨੂੰ ਬਰੀ ਕਰਨ ਦੇ ਫ਼ੈਸਲੇ ਨੂੰ ਰੱਦ ਕਰਦਿਆਂ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਗੁਲਸ਼ਨ ਕੁਮਾਰ ਦੀ ਅਗਸਤ 1997 ’ਚ ਅੰਧੇਰੀ ’ਚ ਮੰਦਰ ਦੇ ਬਾਹਰ ਹੱਤਿਆ ਕਰ ਦਿੱਤੀ ਗਈ ਸੀ। ਇਸਤਗਾਸਾ ਧਿਰ ਮੁਤਾਬਕ ਗੁਲਸ਼ਨ ਦੇ ਵਿਰੋਧੀਆਂ ਨੇ ਉਸ ਨੂੰ ਮਾਰ ਮੁਕਾਉਣ ਲਈ ਗੈਂਗਸਟਰ ਅਬੂ ਸਲੇਮ ਨੂੰ ਪੈਸੇ ਦਿੱਤੇ ਸਨ। 29 ਅਪਰੈਲ, 2002 ’ਚ ਸੈਸ਼ਨ ਅਦਾਲਤ ਨੇ 19 ’ਚੋਂ 18 ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਸੀ। ਹੇਠਲੀ ਅਦਾਲਤ ਨੇ ਰਾਊਫ਼ ਨੂੰ ਧਾਰਾ 302, 307, 120 ਬੀ, 392, 397 ਅਤੇ ਆਰਮਜ਼ ਐਕਟ ਦੀ ਧਾਰਾ 27 ਤਹਿਤ ਦੋਸ਼ੀ ਠਹਿਰਾਇਆ ਸੀ। ਰਾਊਫ਼ ਨੇ ਸਜ਼ਾ ਖ਼ਿਲਾਫ਼ ਅਪੀਲ ਦਾਖ਼ਲ ਕੀਤੀ ਸੀ ਜਦਕਿ ਸੂਬਾ ਸਰਕਾਰ ਨੇ ਤੌਰਾਨੀ ਨੂੰ ਬਰੀ ਕਰਨ ਵਿਰੁੱਧ ਅਰਜ਼ੀ ਪਾਈ ਸੀ। ਹਾਈ ਕੋਰਟ ਨੇ ਅੱਜ ਆਪਣੇ ਹੁਕਮਾਂ ’ਚ ਸੂਬਾ ਸਰਕਾਰ ਦੀ ਅਪੀਲ ਖਾਰਜ ਕਰ ਦਿੱਤੀ। ਬੈਂਚ ਨੇ ਰਾਸ਼ਿਦ ਨੂੰ ਹੇਠਲੀ ਅਦਾਲਤ ਜਾਂ ਡੀ ਐੱਨ ਨਗਰ ਪੁਲੀਸ ਸਟੇਸ਼ਨ ’ਚ ਆਤਮ-ਸਮਰਪਣ ਕਰਨ ਦੇ ਨਿਰਦੇਸ਼ ਦਿੱਤੇ ਹਨ। ਅਦਾਲਤ ਨੇ ਕਿਹਾ ਕਿ ਜੇਕਰ ਰਾਸ਼ਿਦ ਆਤਮ ਸਮਰਪਣ ਨਹੀਂ ਕਰਦਾ ਹੈ ਤਾਂ ਸੈਸ਼ਨ ਅਦਾਲਤ ਉਸ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕਰ ਸਕਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਬਦੁੱਲ ਰਾਊਫ਼ ਮਰਚੈਂਟ ਦੇ ਅਪਰਾਧਿਕ ਰਿਕਾਰਡ ਨੂੰ ਦੇਖਦਿਆਂ ਉਹ ਸਜ਼ਾ ਮੁਆਫ਼ੀ ਦਾ ਹੱਕਦਾਰ ਨਹੀਂ ਹੈ। -ਪੀਟੀਆਈ