ਬਹਾਦਰ ਸਿੰਘ ਗੋਸਲ
ਕਦੇ ਸਮਾਂ ਸੀ ਕਿ ਬੋਤਾ ਪੰਜਾਬ ਦੇ ਹਰ ਕਿਸਾਨੀ ਘਰ ਦੀ ਲੋੜ ਹੁੰਦਾ ਸੀ। ਉਨ੍ਹਾਂ ਦਿਨਾਂ ਵਿੱਚ ਟਰੈਕਟਰ ਪਿੰਡਾਂ ਵਿੱਚ ਆਏ ਨਹੀਂ ਸਨ। ਖੇਤੀ ਲਈ ਹਲ਼ ਵਾਹੁਣਾ ਅਤੇ ਹਲਟ ਚਲਾਉਣ ਦਾ ਕੰਮ ਬੋਤੇ ਤੋਂ ਹੀ ਲਿਆ ਜਾਂਦਾ ਸੀ। ਬਲਦਾਂ ਤੋਂ ਕੰਮ ਲੈਣ ਲਈ ਬਲਦਾਂ ਦੀ ਜੋੜੀ ਰੱਖਣੀ ਪੈਂਦੀ ਸੀ, ਪਰ ਊਠ ਇੱਕ ਹੀ ਕੰਮ ਚਲਾ ਦਿੰਦਾ ਸੀ। ਇਸ ਕਰਕੇ ਊਠ ਦੀ ਮਹੱਤਤਾ ਵੱਧ ਬਣੀ ਰਹਿੰਦੀ ਸੀ। ਇਸ ਤੋਂ ਵੀ ਵੱਧ ਊਠ ਨੂੰ ਲੋਕ ਆਵਾਜਾਈ ਦੇ ਸਾਧਨਾਂ ਲਈ ਵੀ ਵਰਤਦੇ ਸਨ। ਕਈ ਲੋਕ ਤਾਂ ਊਠ ਦੀ ਸਵਾਰੀ ਕਰਕੇ ਰਿਸ਼ਤੇਦਾਰੀ ਵਿੱਚ ਜਾਣ ਨੂੰ ਆਪਣੀ ਠਾਠ ਸਮਝਦੇ ਸਨ। ਇਸ ਤਰ੍ਹਾਂ ਘਰਾਂ ਵਿੱਚ ਊਠ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਸੀ।
ਊਠ ਭਾਵੇਂ ਵੱਡਾ, ਉੱਚਾ ਪਸ਼ੂ ਹੈ, ਪਰ ਇਸ ਦੇ ਨੱਕ ਵਿੱਚ ਪਈ ਨਕੇਲ, ਉਸ ਨੂੰ ਮਨੁੱਖ ਦਾ ਗ਼ੁਲਾਮ ਬਣਾ ਕੇ ਰੱਖ ਦਿੰਦੀ ਹੈ। ਊਠ ਵੈਸੇ ਵੀ ਆਪਣੇ ਮਾਲਕ ਦਾ ਕਾਫ਼ੀ ਵਫ਼ਾਦਾਰ ਮੰਨਿਆ ਜਾਂਦਾ ਹੈ। ਦੂਜੇ ਊਠ ਦੀ ਖੁਰਾਕ ਵੀ ਬਹੁਤੀ ਮਹਿੰਗੀ ਨਹੀਂ ਹੁੰਦੀ। ਉਹ ਪਿੱਪਲ ਜਾਂ ਦੂਜੇ ਰੁੱਖਾਂ ਦੇ ਪੱਤਿਆਂ ਅਤੇ ਆਮ ਚਾਰੇ ’ਤੇ ਗੁਜ਼ਾਰਾ ਕਰ ਲੈਂਦਾ ਹੈ। ਇਸ ਲਈ ਵੀ ਕਿਸਾਨ ਊਠ ਰੱਖਣ ਨੂੰ ਜ਼ਿਆਦਾ ਪਸੰਦ ਕਰਦੇ ਸਨ। ਪੰਜਾਬੀ ਕਿਸਾਨਾਂ ਦੇ ਊਠ ਪ੍ਰਤੀ ਇਸ ਪਿਆਰ ਸਦਕਾ, ਊਠ ਜਾਂ ਬੋਤੇ ਨੇ ਪੰਜਾਬੀ ਸੱਭਿਆਚਾਰ ਵਿੱਚ ਵੀ ਆਪਣਾ ਵਿਸ਼ੇਸ਼ ਸਥਾਨ ਬਣਾ ਲਿਆ। ਅਨੇਕਾਂ ਗੀਤ, ਲੋਕ ਗੀਤ, ਬੋਲੀਆਂ ਅਤੇ ਕਹਾਣੀਆਂ ਵਿੱਚ ਬੋਤੇ ਨੂੰ ਪ੍ਰਮੁੱਖ ਸਥਾਨ ਮਿਲਦਾ ਰਿਹਾ ਹੈ।
ਆਪਣੇ ਮੁਕਲਾਵੇ ਸਮੇਂ ਜਦੋਂ ਨਵ-ਵਿਆਹੀ ਮੁਟਿਆਰ ਨੂੰ ਕੱਚੇ ਰਾਹਾਂ ’ਤੇ ਤੁਰਨਾ ਪੈਂਦਾ ਸੀ ਤਾਂ ਉਹ ਆਪਣੇ ਨਾਲ ਤੁਰੇ ਜਾਂਦੇ ਗੱਭਰੂ ਨੂੰ ਉਲਾਂਭਾ ਦਿੰਦੀ ਕਹਿੰਦੀ ਸੀ:
ਤੋਰ ਲਈ ਮੁਕਲਾਵੇ ਆਇਆ,
ਜ਼ਰਾ ਤਰਸ ਵੀ ਖਾਇਆ ਨਾ,
ਸੁਣ ਵੇ ਗੱਭਰੂ ਸ਼ਮਲੇ ਵਾਲਿਆਂ,
ਬੋਤਾ ਲੈ ਕੇ ਆਇਆ ਨਾ।
ਉਸ ਸਮੇਂ ਬੋਤੇ ਦੀ ਸਵਾਰੀ ਨੂੰ ਬੜਾ ਉੱਤਮ ਮੰਨਿਆ ਜਾਂਦਾ ਸੀ, ਪਰ ਦੂਜੇ ਪਾਸੇ ਜੇ ਕੋਈ ਗੱਭਰੂ ਆਪਣੀ ਵਹੁਟੀ ਨੂੰ ਬੋਤੇ ’ਤੇ ਬਿਠਾ, ਬੋਤੇ ਨੂੰ ਭਜਾਉਣ ਦਾ ਯਤਨ ਕਰਦਾ ਸੀ ਤਾਂ ਉਹ ਵਹੁਟੀ ਡਰ ਵਿੱਚ ਕੁਝ ਇਸ ਤਰ੍ਹਾਂ ਕਹਿੰਦੀ:
ਬੋਤਾ ਹੌਲੀ ਤੋਰ ਮਿੱਤਰਾ,
ਮੇਰਾ ਨਰਮ ਕਾਲਜਾ ਧੜਕੇ।
ਇਸੇ ਤਰ੍ਹਾਂ ਜਦੋਂ ਕੋਈ ਭਰਾ ਆਪਣੇ ਬੋਤੇ ਨੂੰ ਸ਼ਿੰਗਾਰ ਕੇ ਆਪਣੀ ਭੈਣ ਨੂੰ ਉਸ ਦੇ ਸਹੁਰੇ ਮਿਲਣ ਜਾਂਦਾ ਤਾਂ ਭੈਣ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਹਿੰਦਾ ਅਤੇ ਉਹ ਖੁਸ਼ੀ ਵਿੱਚ ਗਾਉਂਦੀ ਫਿਰਦੀ:
ਤੇਰੇ ਬੋਤੇ ਨੂੰ ਗੁਆਰੇ ਦੀਆਂ ਫ਼ਲੀਆਂ
ਤੈਨੂੰ ਖੰਡ ਸੀਰਨੀ ਵੀਰਾ।
ਜਦੋਂ ਪੁਰਾਣੇ ਵਿਆਹਾਂ ਵਿੱਚ ਕਿਸੇ ਲੜਕੇ ਦੀ ਜੰਝ ਚੜ੍ਹਦੀ ਸੀ ਤਾਂ ਇਹ ਆਮ ਤੌਰ ’ਤੇ ਰੱਥਾਂ, ਗੱਡਿਆਂ, ਘੋੜੀਆਂ ਅਤੇ ਊਠਾਂ ’ਤੇ ਜਾਂਦੀ ਸੀ। ਊਠਾਂ ਨੂੰ ਖੂਬ ਸ਼ਿੰਗਾਰਿਆ ਜਾਂਦਾ ਤਾਂ ਕਿ ਇਸ ’ਤੇ ਸਵਾਰ ਹੋਣ ਵਾਲਾ ਬਰਾਤ ਵਿੱਚ ਖਾਸ ਖਿੱਚ ਦਾ ਕੇਂਦਰ ਬਣ ਜਾਵੇ। ਇਹੀ ਕਾਰਨ ਹੁੰਦਾ ਸੀ ਕਿ ਪੰਜਾਬੀ ਸੱਭਿਆਚਾਰ ਦੀ ਇਹ ਸ਼ਾਨ ਬਣ ਜਾਂਦੀ:
ਵਿਆਂਦੜ ਗੱਭਰੂ ਰੱਥ ਵਿੱਚ ਬਹਿ ਗਿਆ,
ਉੱਪਰ ਛੱਤਰੀ ਲਾ ਕੇ,
ਵੀਰ ਉਸ ਦੇ ਚੜ੍ਹ ਗਏ ਊਠਾਂ ’ਤੇ
ਪੈਰੀਂ ਝਾਂਜਰਾਂ ਪਾ ਕੇ,
ਚਾਚੇ, ਤਾਏ, ਮਾਮੇੇ, ਦੋਸਤ
ਜੰਝ ਚੜ੍ਹਗੇ ਹੁੰਮ ਹੁੰਮਾਕੇ
ਭੰਗੜਾ ਖੂਬ ਪਿਆ,
ਜਦ ਜੰਝ ਢੁੱਕੀ ਦਰਵਾਜ਼ੇ।
ਪੰਜਾਬ ਦੇ ਘਰ ਪਰਿਵਾਰਾਂ ਵਿੱਚ ਬੋਤੇ ਦੀ ਚੰਗੀ ਸਾਂਝ ਰਹੀ, ਜਿਸ ਤਰ੍ਹਾਂ ਸੁਣੀਂਦਾ ਹੈ :
ਜਾਂਦੇ ਵੀਰ ਦਾ ਬੋਤਾ ਸਿਆਣਿਆ,
ਆਉਂਦੇ ਵੀਰ ਦਾ ਖੇਸ
ਵੀਰਾ ਲੈ ਚੱਲ ਵੇ ਖੜ੍ਹਾ ਬਿਗਾਨੇ ਦੇਸ਼।
ਇਸੇ ਤਰ੍ਹਾਂ ਬੋਤੇ ’ਤੇ ਪਹੁੰਚੇ ਕਿਸੇ ਖਾਸ ਮਹਿਮਾਨ ਲਈ ਇਹ ਸ਼ਬਦ ਸੱਭਿਆਚਾਰ ਦੀ ਸ਼ਾਨ ਬਣ ਗਏ :
ਆ ਵੇ ਨਾਜਰਾ, ਬਹਿ ਵੇ ਨਾਜਰਾ,
ਬੋਤਾ ਬੰਨ੍ਹ ਦਰਵਾਜ਼ੇ।
ਬੋਤੇ ਤੇਰੇ ਨੂੰ ਜੌਂ ਦਾ ਟੋਕਰਾ, ਤੈਨੂੰ ਦੋ ਪ੍ਰਸ਼ਾਦੇ,
ਗਿੱਧੇ ਵਿੱਚ ਨੱਚਦੀ ਦੀ ਧਮਕ ਸੁਣੇ ਦਰਵਾਜ਼ੇ।
* ਨੀਂ ਵੀਰ ਮੇਰੇ ਦੀ ਬਾਗੜੀ ਬੋਤੀ,
ਸੱਥ ਵਿੱਚ ਗੱਲਾਂ ਹੁੰਦੀਆਂ।
ਚੰਨ ਚੜਿ੍ਹਆ ਵੀਰ ਦੇ ਵਿਹੜੇ,
ਨੀਂ ਵੀਰ ਘਰ ਪੁੱਤ ਜੰਮਿਆ।
ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਇਸ ਪਿਆਰੇ ਬੋਤੇ ਨੇ ਸਾਡੇ ਸੱਭਿਆਚਾਰ ਨੂੰ ਖੁਸ਼ਗਵਾਰ ਹੀ ਨਹੀਂ ਬਣਾਇਆ, ਸਗੋਂ ਇਸ ਨੂੰ ਚਾਰ ਚੰਨ ਲਾ ਦਿੱਤੇ ਹਨ। ਪਰ ਜਿਉਂ-ਜਿਉਂ ਖੇਤੀ ਇਨਕਲਾਬ ਦੇ ਨਾਲ ਖੇਤੀ ਵਿੱਚ ਮਸ਼ੀਨਰੀ ਪ੍ਰਧਾਨ ਹੋਣ ਲੱਗੀ, ਦੇਸੀ ਪੰਜਾਬੀ ਹਲ਼ਾਂ ਦੀ ਥਾਂ ਨਵੇਂ-ਨਵੇਂ ਟਰੈਕਟਰਾਂ ਨੇ ਲੈ ਲਈ ਤਾਂ ਸਾਡੀਆਂ ਉਹ ਬਲਦਾਂ ਦੀਆਂ ਜੋੜੀਆਂ ਅਤੇ ਵਫ਼ਾਦਾਰ ਊਠ ਕਿਸਾਨੀ ਘਰਾਂ ਵਿੱਚੋਂ ਲੋਪ ਹੋਣ ਲੱਗੇ। ਅੱਜ ਪੰਜਾਬ ਵਿੱਚ ਬੜੀ ਮੁਸ਼ਕਿਲ ਨਾਲ ਕਿਤੇ ਕਿਤੇ ਕੋਈ ਊਠ ਦੇਖਣ ਨੂੰ ਮਿਲਦਾ ਹੈ। ਖੇਤੀ ਦੇ ਕੰਮ ਤੋਂ ਊਠ ਬਹੁਤ ਦੂਰ ਜਾ ਚੁੱਕੇ ਹਨ ਅਤੇ ਆਉਣ ਜਾਣ ਲਈ ਮਹਿੰਗੀਆਂ ਕਾਰਾਂ ਨੇ, ਉਹ ਝਾਂਜਰਾਂ ਵਾਲੇ ਬੋਤੇ ਪਤਾ ਨਹੀਂ ਕਿੱਥੇ ਤੌਰ ਦਿੱਤੇ? ਅੱਜ ਦੀ ਮੁਟਿਆਰ ਵਿਆਹ ਸਮੇਂ ਉਸ ਬੋਤੇ ਦੀ ਮੰਗ ਨਹੀਂ ਕਰਦੀ, ਸਗੋਂ ਨਵੀਂ ਖਰੀਦੀ ਕਾਰ ਨੂੰ ਡੋਲੀ ਲਈ ਵਰਤਣ ਦੀ ਤਰਜੀਹ ਦਿੰਦੀ ਹੈ। ਇਸ ਤਰ੍ਹਾਂ ਅੱਜ ਦੇ ਨੌਜਵਾਨਾਂ ਦਾ ਬੋਤੇ ਤੋਂ ਮਨ ਉਚਾਟ ਹੋਣਾ ਕੁਦਰਤੀ ਗੱਲ ਹੈ। ਭਾਵੇਂ ਇਹ ਗੱਲ ਠੀਕ ਹੈ ਕਿ ਸਮੇਂ ਦੇ ਨਾਲ-ਨਾਲ ਤਬਦੀਲੀ ਹੁੰਦੀ ਰਹਿੰਦੀ ਹੈ, ਪਰ ਪੁਰਾਣਿਆਂ ਨਾਲ ਵੀ ਸਾਂਝ ਬਰਕਰਾਰ ਰੱਖਣੀ ਚਾਹੀਦੀ ਹੈ। ਹੁਣ ਕਿਧਰੇ ਚੱਲਦੇ ਹਲਟ ਦਾ ਉਹ ਦ੍ਰਿਸ਼ ਦੇਖਣ ਨੂੰ ਨਹੀਂ ਮਿਲਦਾ, ਜਿਸ ਨੂੰ ਇਹ ਪਿਆਰਾ ਬੋਤਾ ਆਪਣੇ ਆਪ ਹੀ ਚਲਾਈ ਜਾਂਦਾ ਸੀ, ਬੋਤਾ ਚੱਲਦਾ ਰਹਿੰਦਾ, ਖੂਹ ਦੇ ਕੁੱਤੇ ਦੀ ਟੱਕ-ਟੱਕ ਦੀ ਆਵਾਜ਼ ਅਤੇ ਖੂਹ ਦੀਆਂ ਟਿੰਡਾਂ ਵਿੱਚ ਛਮ-ਛਮ ਡਿੱਗਦਾ ਪਾਣੀ ਮਾਹੌਲ ਨੂੰ ਸੰਗੀਤਮਈ ਬਣਾ ਦਿੰਦਾ ਸੀ।
ਕਈ ਕਿਸਾਨ ਵੀਰ ਤਾਂ ਇਸ ਬੋਤੇ ਦੀ ਵਫ਼ਾਦਾਰੀ ਦਾ ਵੱਧ ਲਾਭ ਲੈਣ ਲਈ ਹਲਟ ਚਲਾਉਣ ਸਮੇਂ ਉਸ ਦੀਆਂ ਅੱਖਾਂ ’ਤੇ ਪੱਟੀ ਨੁਮਾ ਖੋਪੇ ਬੰਨ੍ਹ ਦਿੰਦੇ ਤਾਂ ਕਿ ਉਸ ਨੂੰ ਇਹ ਪਤਾ ਹੀ ਨਾ ਚੱਲੇ ਕਿ ਉਸ ਦੇ ਪਿੱਛੇ ਕੋਈ ਵਿਅਕਤੀ ਚੱਲ ਰਿਹਾ ਹੈ ਜਾਂ ਨਹੀਂ। ਬਸ ਉਹ ਆਪਣੀ ਮਸਤੀ ਵਿੱਚ ਘੁੰਮਦਾ ਰਹਿੰਦਾ ਅਤੇ ਪਾਣੀ ਨਿਰੰਤਰ ਚੱਲਦਾ ਰਹਿੰਦਾ। ਇਸ ਤਰ੍ਹਾਂ ਬੋਤਾ ਚੱਲਣ ਦੇ ਨਾਲ ਖੇਤ ਨੂੰ ਪਾਣੀ ਲਾਉਣ ਲਈ ਦੋ ਆਦਮੀਆਂ ਦੀ ਥਾਂ ਇੱਕ ਆਦਮੀ ਦੀ ਜ਼ਰੂਰਤ ਰਹਿ ਜਾਂਦੀ। ਜਦੋਂ ਕਿ ਬਲਦਾਂ ਦਾ ਹਲਟ ਚੱਲਣ ਸਮੇਂ, ਇੱਕ ਆਦਮੀ ਉਨ੍ਹਾਂ ਦੇ ਪਿੱਛੇ ਤੁਰਨਾ ਲਾਜ਼ਮੀ ਹੁੰਦਾ ਸੀ।
ਭਾਵੇਂ ਇਸ ਬੋਤੇ ਨੂੰ ਰਾਜਸਥਾਨ ਦਾ ਜਹਾਜ਼ ਕਰਕੇ ਜਾਣਿਆ ਜਾਂਦਾ ਹੈ ਅਤੇ ਪੰਜਾਬ ਵਿੱਚ ਵੀ ਇਸ ਦੀ ਬਹੁਤਾਤ ਹੁੰਦੀ ਸੀ ਅਤੇ ਇਹੀ ਕਾਰਨ ਹੁੰਦਾ ਸੀ ਕਿ ਪੰਜਾਬੀ ਲੋਕ ਆਪਣੇ ਬੱਚੇ ਨੂੰ ਸਕੂਲ ਪਾਉਣ ਸਮੇਂ ਪੰਜਾਬੀ ਦੀ ਪੈਂਤੀ ਸਿਖਾਉਣ ਲਈ ਪਹਿਲਾ ਅੱਖਰ ‘ੳ’ ਊਠ ਨਾਲ ਹੀ ਸ਼ੁਰੂ ਕਰਦੇ ਸਨ ਕਿਉਂਕਿ ਊਠ ਬੱਚੇ ਦਾ ਜਾਣਿਆ ਪਛਾਣਿਆ ਘਰੇਲੂ ਪਾਲਤੂ ਜਾਨਵਰ ਸੀ। ਪਰ ਅੱਜ ਦੇ ਬੱਚਿਆਂ ਨੂੰ ਊਠ ਬਾਰੇ ਦੱਸਣਾ ਪੈਂਦਾ ਹੈ, ਕਿਉਂਕਿ ਉਨ੍ਹਾਂ ਨੂੰ ਇਹ ਕਿਤੇ ਦੇਖਣ ਨੂੰ ਨਹੀਂ ਮਿਲਦਾ। ਹਾਂ, ਕਿਤੇ-ਕਿਤੇ ਸੱਭਿਆਚਾਰਕ ਮੇਲਿਆਂ ’ਤੇ ਉਹ ਊਠ ਨੂੰ ਦੇਖ ਕੇ ਖੁਸ਼ ਹੁੰਦੇ ਹਨ। ਬਹੁਤੇ ਸ਼ਹਿਰਾਂ ਵਿੱਚ ਤਾਂ ਊਠਾਂ ਵਾਲੇ ਬੱਚਿਆਂ ਨੂੰ ਊਠ ਦੀ ਸਵਾਰੀ ਕਰਵਾ ਕੇ ਚੰਗਾ ਪੈਸਾ ਵੀ ਕਮਾ ਲੈਂਦੇ ਹਨ ਕਿਉਂਕਿ ਗਲੀ ਵਿੱਚ ਆਏ ਊਠ ਨੂੰ ਦੇਖਣ ਲਈ ਉਹ ਘਰਾਂ ਵਿੱਚੋਂ ਬਾਹਰ ਦੌੜ ਆਉਂਦੇ ਹਨ। ਰਾਜਸਥਾਨ ਸਮੇਤ ਪੂਰੇ ਭਾਰਤ ਵਿੱਚ ਊਠਾਂ ਦੀ ਸੰਖਿਆ ਬਹੁਤ ਘਟਦੀ ਜਾ ਰਹੀ ਹੈ ਜੋ ਚਿੰਤਾ ਦਾ ਵਿਸ਼ਾ ਹੈ। ਇਸ ਨੂੰ ਸੰਭਾਲਣ ਦੀ ਲੋੜ ਹੈ। ਬੋਤਾ ਸਾਡੇ ਪੰਜਾਬੀ ਸੱਭਿਆਚਾਰਕ ਵਿਰਸੇ ਦੀ ਨਿਸ਼ਾਨੀ ਹੀ ਨਹੀਂ, ਸਗੋਂ ਸਾਡੇ ਬਜ਼ੁਰਗਾਂ ਦੀ ਸ਼ਾਨ ਅਤੇ ਰੁਜ਼ਗਾਰ ਦਾ ਸਹਾਈ ਸਾਧਨ ਰਿਹਾ ਹੈ।
ਸੰਪਰਕ: 98764-52223