ਮੁੰਬਈ: ਬੌਲੀਵੁੱਡ ਅਦਾਕਾਰਾ ਸਵਰਾ ਭਾਸਕਰ ਨੇ ਅੱਜ ਇੱਥੇ ਕਿਹਾ ਕਿ ਜਿਹੜਾ ਅਦਾਕਾਰ ਫ਼ਿਲਮ ਵਿੱਚ ਇਤਿਹਾਸਕ ਕਿਰਦਾਰ ਨਿਭਾਉਂਦਾ ਹੈ ਜਾਂ ਆਪਣੀ ਕਲਾ ਦਿਖਾਉਣ ਵਿੱਚ ਮਾਹਿਰ ਤੇ ਹੁਨਰਮੰਦ ਹੈ, ਜ਼ਰੂਰੀ ਨਹੀਂ ਕਿ ਉਹ ਅਸਲ ਜ਼ਿੰਦਗੀ ਵਿੱਚ ਵੀ ਚੰਗਾ ਇਨਸਾਨ ਹੋਵੇੇ। ਉਸ ਨੇ ਕੰਗਨਾ ਰਣੌਤ ਦਾ ਜ਼ਿਕਰ ਕਰਦਿਆਂ ਆਖਿਆ ਕਿ ਹਾਲ ਹੀ ਵਿੱਚ ਉਸ ਨੂੰ ਆਪਣੇ ਬਿਆਨਾਂ ਲਈ ਸੋਸ਼ਲ ਮੀਡੀਆ ’ਤੇ ਕਾਫੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਉਸ ਦਾ ਤਾਜ਼ਾ ਬਿਆਨ ਪੰਜਾਬੀ ਅਦਾਕਾਰ ਅਤੇ ਗਾਇਕ ਦਿਲਜੀਤ ਦੁਸਾਂਝ ਬਾਰੇ ਸੀ। ਇਸ ਤੋਂ ਪਹਿਲਾਂ ਉਹ ਉਰਮਿਲਾ ਮਾਤੋਂਡਕਰ, ਤਾਪਸੀ ਪੰਨੂ, ਜਯਾ ਬੱਚਨ ਅਤੇ ਉਸ (ਮੈਨੂੰ) ਨੂੰ ਵੀ ਬੁਰਾ-ਭਲਾ ਬੋਲ ਚੁੱਕੀ ਹੈ। ਉਸ ਨੇ ਆਖਿਆ ਕਿ ‘ਮਹਾਨ ਕਲਾਕਾਰ ਇੱਕ ਚੰਗਾ ਇਨਸਾਨ ਵੀ ਹੁੰਦਾ ਹੈ’, ਇਸ ਕਥਨ ਨੂੰ ਕੰਗਨਾ ਨਕਾਰਦੀ ਨਜ਼ਰ ਆਉਂਦੀ ਹੈ। ਉਸ ਨੇ ਕਿਹਾ ਕਿ ਸਾਨੂੰ ਇਸ ਕਥਨ ’ਤੇ ਮੁੜ ਵਿਚਾਰ ਕਰਨ ਦੀ ਜ਼ਰੂਰਤ ਹੈ। ਖ਼ਬਰ ਏਜੰਸੀ ਆਈਏਐੱਨਐੱੱਸ ਨਾਲ ਗੱਲਬਾਤ ਕਰਦਿਆਂ ਸਵਰਾ ਨੇ ਕਿਹਾ ਕਿ ਅਦਾਕਾਰੀ ਵੀ ਹੋਰਨਾਂ ਪੇਸ਼ਿਆਂ ਵਾਂਗ ਇੱਕ ਪੇਸ਼ਾ ਹੈ। ਡਾਕਟਰ, ਇੰਜਨੀਅਰ ਜਾਂ ਅਧਿਆਪਕ ਆਪਣੇ ਪੇਸ਼ੇ ਵਿੱਚ ਚੰਗੇ ਹੋ ਸਕਦੇ ਹਨ ਪਰ ਇਸ ਦਾ ਮਤਲਬ ਇਹ ਨਹੀਂ ਕਿ ਉਹ ਚੰਗੇ ਇਨਸਾਨ ਵੀ ਹੋਣ। ਉਸ ਨੇ ਕਿਹਾ, ‘‘ਉਦਾਹਰਨ ਦੇ ਤੌਰ ’ਤੇ ਮੈਂ ਇੱਕ ਪ੍ਰਸਿੱਧ ਲੇਖਕ ਦੀ ਉਸ ਦੀਆਂ ਲਿਖਤਾਂ ਕਰਕੇ ਪ੍ਰਸ਼ੰਸਕ ਸੀ। ਪਰ ਜਦੋਂ ਮੈਂ ਉਸ ਨੂੰ ਮਿਲੀ ਤਾਂ ਮੈਨੂੰ ਲੱਗਿਆ ਕਿ ਜਿੰਨੇ ਲੋਕਾਂ ਨੂੰ ਮੈਂ ਅੱਜ ਤੱੱਕ ਮਿਲੀ ਹਾਂ, ਉਨ੍ਹਾਂ ਵਿੱਚੋਂ ਇਹ ਲੇਖਕ ਸਭ ਤੋਂ ਵੱਧ ਕੋਝਾ ਵਿਅਕਤੀ ਹੈ ਪਰ ਉਹ ਇੱਕ ਚੰਗਾ ਲੇਖਕ ਹੈ। ਇਸ ਕਰਕੇ ਅਸੀਂ ਕਿਸੇ ਵਿਅਕਤੀ ਦੇ ਪੇਸ਼ੇ ਤੋਂ ਉਸ ਦੀ ਸ਼ਖ਼ਸੀਅਤ ਦਾ ਅੰਦਾਜ਼ਾ ਨਹੀਂ ਲਗਾ ਸਕਦੇ।’’ -ਆਈਏਐੱਨਐੱਸ