ਮਨਦੀਪ ਸਿੰਘ ਸਿੱਧੂ
ਅਜੀਤ ਸਿੰਘ ਦਿਓਲ ਉਰਫ਼ ਕੰਵਰ ਅਜੀਤ ਸਿੰਘ ਦੀ ਪੈਦਾਇਸ਼ 1940 ਵਿੱਚ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਸਾਹਨੇਵਾਲ ਦੇ ਜੱਟ ਸਿੱਖ ਪਰਿਵਾਰ ਵਿੱਚ ਹੋਈ। ਇਨ੍ਹਾਂ ਦੇ ਪਿਤਾ ਦਾ ਨਾਮ ਕੇਵਲ ਕ੍ਰਿਸ਼ਨ ਸਿਘ ਦਿਓਲ ਅਤੇ ਮਾਤਾ ਦਾ ਨਾਮ ਸਤਵੰਤ ਕੌਰ ਸੀ। ਅਜੀਤ ਸਿੰਘ ਅਦਾਕਾਰ ਹੋਣ ਦੇ ਨਾਲ-ਨਾਲ ਫ਼ਿਲਮਸਾਜ਼, ਹਿਦਾਇਤਕਾਰ, ਕਹਾਣੀਨਵੀਸ, ਨਗ਼ਮਾਨਿਗਾਰ ਅਤੇ ਪੰਜਾਬੀ-ਉਰਦੂ ਦੇ ਨਾਮੀ ਸ਼ਾਇਰ ਵੀ ਸਨ। ਫ਼ਿਲਮਾਂ ਵਿੱਚ ਇਨ੍ਹਾਂ ਨੇ ਸਹਾਇਕ ਅਦਾਕਾਰ ਵਜੋਂ ਕੁਮਾਰ ਅਜੀਤ, ਅਜੀਤ ਕੇ., ਕੁੰਵਰ ਅਜੀਤ ਤੇ ਕੰਵਰ ਅਜੀਤ ਸਿੰਘ ਦੇ ਨਾਮ ਨਾਲ ਅਦਾਕਾਰੀ ਕੀਤੀ। ਪਰਿਵਾਰ ਵਿੱਚੋਂ ਪਹਿਲਾਂ ਵੱਡੇ ਭਰਾ ਧਰਮਿੰਦਰ ਨੇ ਹਿੰਦੀ ਫ਼ਿਲਮ ਸਨਅਤ ’ਚ ਪ੍ਰਵੇਸ਼ ਕਰਦਿਆਂ ਮਕਬੂਲੀਅਤ ਹਾਸਲ ਕੀਤੀ ਅਤੇ ਫਿਰ ਭਰਾ ਦੇ ਨਕਸ਼-ਏ-ਕਦਮ ’ਤੇ ਚੱਲਦਿਆਂ ਅਜੀਤ ਸਿੰਘ ਦਿਓਲ ਵੀ ਫ਼ਿਲਮੀ ਦੁਨੀਆ ’ਚ ਪ੍ਰਵੇਸ਼ ਕਰ ਗਿਆ। ਅਜੀਤ ਨੇ ਫ਼ਿਲਮਾਂ ਵਿੱਚ ਕੰਮ ਤਾਂ ਜ਼ਰੂਰ ਕੀਤਾ, ਪਰ ਆਪਣੇ ਭਰਾ ਦੇ ਕੱਦ ਮੂਜਬ ਫ਼ਿਲਮਾਂ ’ਚ ਓਹੋ ਜਿਹਾ ਮੁਕਾਮ ਹਾਸਲ ਨਾ ਕਰ ਸਕਿਆ।
ਅਜੀਤ ਸਿੰਘ ਦਿਓਲ ਦਾ ਫ਼ਿਲਮੀ ਦੁਨੀਆ ਵਿੱਚ ਦਾਖਲਾ ਆਪਣੇ ਵੱਡੇ ਭਰਾ ਦੀਆਂ ਫ਼ਿਲਮਾਂ ਦੇ ਡੁਪਲੀਕੇਟ ਅਦਾਕਾਰ ਵਜੋਂ ਹੋਇਆ। ਉਸ ਤੋਂ ਬਾਅਦ ਜਦੋਂ ਪਾਛੀ ਨੇ ਆਪਣੇ ਫ਼ਿਲਮਸਾਜ਼ ਅਦਾਰੇ ਪੀ. ਐੱਸ. ਪਿਕਚਰਜ਼, ਬੰਬੇ ਦੇ ਬੈਨਰ ਹੇਠ ਸ਼ਿਆਮ ਦੀ ਹਿਦਾਇਤਕਾਰੀ ਵਿੱਚ ਰੰਗੀਨ ਹਿੰਦੀ ਫ਼ਿਲਮ ‘ਸੋਲਜਰ’ ਉਰਫ਼ ‘ਠਾਕੁਰ ਦਲੇਰ ਸਿੰਘ’ (1969) ਬਣਾਈ ਤਾਂ ਅਜੀਤ ਸਿੰਘ ਦਿਓਲ ਨੂੰ ਕੁਮਾਰ ਅਜੀਤ ਦੇ ਨਾਮ ਨਾਲ ਨਵੇਂ ਹੀਰੋ ਵਜੋਂ ਮੁਤਆਰਿਫ਼ ਕਰਵਾਇਆ। ਫ਼ਿਲਮ ਵਿੱਚ ਉਸ ਨੇ ‘ਦੀਪਕ’/ ‘ਦੀਪੂ’/ ‘ਬਹਾਦਰ ਸੋਲਜਰ’/ ‘ਠਾਕੁਰ ਦਲੇਰ ਸਿੰਘ’ ਦਾ ਟਾਈਟਲ ਪਾਰਟ ਨਿਭਾਇਆ, ਜਿਸ ਦੇ ਹਮਰਾਹ ਨਵੀਂ ਅਦਾਕਾਰਾ ਦੀਪਾ ‘ਸ਼ੀਲ’ ਦੇ ਕਿਰਦਾਰ ਵਿੱਚ ਆਪਣੇ ਫ਼ਨ ਦੀ ਪੇਸ਼ਕਾਰੀ ਕਰ ਰਹੀ ਸੀ। ਫ਼ਿਲਮ ਵਿੱਚ ਭਰਾ ਧਰਮਿੰਦਰ ਨੇ ਮਹਿਮਾਨ ਅਦਾਕਾਰ ਵਜੋਂ ‘ਵਕੀਲ ਮਲਹੋਤਰਾ’ ਦਾ ਰੋਲ ਕੀਤਾ। ਮੰਜ਼ਰਨਾਮਾ, ਮੁਕਾਲਮੇ ਤੇ ਗੀਤ ਹਜ਼ਰਤ ਅਜ਼ੀਜ਼ ਕਸ਼ਮੀਰੀ ਤੇ ਸੰਗੀਤ ਸੋਨਿਕ ਓਮੀ ਨੇ ਤਰਤੀਬ ਦਿੱਤਾ।
ਜਦੋਂ ਰਾਮਾਨੰਦ ਸਾਗਰ ਨੇ ਆਪਣੇ ਫ਼ਿਲਮਸਾਜ਼ ਅਦਾਰੇ ਸਾਗਰ ਆਰਟ ਇੰਟਰਨੈਸ਼ਨਲ, ਬੰਬੇ ਦੇ ਬੈਨਰ ਹੇਠ ਆਪਣੀ ਹਿਦਾਇਤਕਾਰੀ ਵਿੱਚ ਐਕਸ਼ਨ ਹਿੰਦੀ ਫ਼ਿਲਮ ‘ਲਲਕਾਰ’ (1972) ਬਣਾਈ ਤਾਂ ਅਜੀਤ ਸਿੰਘ ਦਿਓਲ ਨੂੰ ਅਜੀਤ ਕੇ. ਦੇ ਨਾਮ ਨਾਲ ਪੇਸ਼ ਕੀਤਾ। ਅਜੀਤ ਨੇ ਫ਼ਿਲਮ ਵਿੱਚ ‘ਭਾਰਤੀ ਸੈਨਿਕ’ ਦਾ ਕਿਰਦਾਰ ਨਿਭਾਇਆ। ਦੂਸਰੀ ਆਲਮੀ ਜੰਗ ਦੌਰਾਨ ਜਪਾਨੀਆਂ ਵਿਰੁੱਧ ਇੱਕ ਗੁਪਤ ਮਿਸ਼ਨ ਦੀ ਕਹਾਣੀ ਨੂੰ ਪੇਸ਼ ਕਰਦੀ ਇਸ ਫ਼ਿਲਮ ਵਿੱਚ ਵੱਡੇ ਭਰਾ ਧਰਮਿੰਦਰ ਨੇ ‘ਮੇਜਰ ਰਾਮ ਕਪੂਰ’ ਦਾ ਰੋਲ ਅਦਾ ਕੀਤਾ ਸੀ। ਅਮਰ ਇੰਟਰਨੈਸ਼ਨਲ, ਬੰਬੇ ਦੀ ਬੀ. ਆਰ. ਇਸ਼ਾਰਾ ਨਿਰਦੇਸ਼ਿਤ ਫ਼ਿਲਮ ‘ਏਕ ਨਜ਼ਰ’ (1972) ’ਚ ਕੰਵਰ ਅਜੀਤ ਦੇ ਨਾਮ ਨਾਲ ਆਕਾਸ਼/ਮਨਮੋਹਨ ਤਿਆਗੀ ਸ਼ਾਇਰ ਦਾ ਕਿਰਦਾਰ ਨਿਭਾ ਰਹੇ ਅਦਾਕਾਰ ਅਮਿਤਾਬ ਬਚਨ ਦੇ ਸੱਚੇ ਦੋਸਤ ‘ਰਾਮ ਅਵਤਾਰ’ ਦਾ ਪਾਰਟ ਨਿਭਾਇਆ। ਕੇ. ਜ਼ੈਦੀ ਤੇ ਆਜ਼ਾਦ ਦੇ ਫ਼ਿਲਮਸਾਜ਼ ਅਦਾਰੇ ਨੂਰਜਹਾਂ ਫ਼ਿਲਮਜ਼, ਬੰਬੇ ਦੀ ਸ਼ਰਨ ਕੁਮਾਰ ਚਾਂਦ ਨਿਰਦੇਸ਼ਿਤ ਫ਼ਿਲਮ ‘ਪਰਛਾਈਆਂ’ (1972) ’ਚ ਕੁੰਵਰ ਅਜੀਤ ਨੇ ‘ਸੀਤਾ’ ਦਾ ਰੋਲ ਕਰ ਰਹੀ ਅਦਾਕਾਰਾ ਇੰਦਰਾਨੀ ਮੁਖਰਜੀ ਦੇ ਭਰਾ ‘ਸ਼ੰਕਰ’ ਦਾ ਕਿਰਦਾਰ ਅਦਾ ਕੀਤਾ। ਰਾਜ ਖੋਸਲਾ ਦੇ ਫ਼ਿਲਮਸਾਜ਼ ਅਦਾਰੇ ਰਾਜ ਖੋਸਲਾ ਫ਼ਿਲਮਜ਼, ਬੰਬੇ ਦੀ ਪਦਮਨਾਥ ਨਿਰਦੇਸ਼ਿਤ ਫ਼ਿਲਮ ‘ਦੋ ਚੋਰ’ (1972) ’ਚ ਕੁੰਵਰ ਅਜੀਤ ਨੇ ‘ਸੈਮਸਨ’ ਦਾ ਪਾਰਟ ਨਿਭਾਇਆ। ਐੱਨ. ਡੀ. ਕੋਠਾਰੀ ਦੇ ਫ਼ਿਲਮਸਾਜ਼ ਅਦਾਰੇ ਮੇਵਾੜ ਫ਼ਿਲਮਜ਼, ਬੰਬੇ ਦੀ ਨਰਿੰਦਰ ਬੇਦੀ ਨਿਰਦੇਸ਼ਿਤ ਐਕਸ਼ਨ ਫ਼ਿਲਮ ‘ਖੋਟੇ ਸਿੱਕੇ’ (1974) ’ਚ ਉਸ ਨੇ ਫ਼ਿਲਮ ਦੇ 5 ਬਹਾਦਰ ਨੌਜਵਾਨਾਂ ਵਿੱਚੋਂ ਇੱਕ ‘ਅਮਰਜੀਤ’ ਦਾ ਪਾਤਰ ਨਿਭਾਇਆ। ਫ਼ਿਲਮ ਦੇ ਮਰਕਜ਼ੀ ਕਿਰਦਾਰ ਵਿੱਚ ਫ਼ਿਰੋਜ਼ ਖ਼ਾਨ ਆਪਣੇ ਫ਼ਨ ਦੀ ਨੁਮਾਇਸ਼ ਕਰ ਰਹੇ ਸਨ। ਟੀ. ਐੱਸ. ਦੀਵਾਨ ਦੇ ਫ਼ਿਲਮਸਾਜ਼ ਅਦਾਰੇ ਮਾਡਰਨ ਪਿਕਚਰਜ਼, ਬੰਬੇ ਦੀ ਆਤਮਾ ਰਾਮ ਨਿਰਦੇਸ਼ਿਤ ਫ਼ਿਲਮ ‘ਰੇਸ਼ਮ ਕੀ ਡੋਰੀ’ (1974) ’ਚ ਕੁੰਵਰ ਅਜੀਤ ਨੇ ‘ਕੈਦੀ ਸ਼ੇਰ ਸਿੰਘ’ ਦਾ ਪਾਰਟ ਨਿਭਾਇਆ। ਫ਼ਿਲਮ ’ਚ ਵੱਡਾ ਭਰਾ ਧਰਮਿੰਦਰ ‘ਅਜੀਤ’ ਦਾ ਰੋਲ ਕਰ ਰਿਹਾ ਸੀ। ਬਿਕਰਮ ਸਿੰਘ ਦੇਹਲ (ਜੀਜਾ) ਦੇ ਫ਼ਿਲਮਸਾਜ਼ ਅਦਾਰੇ ਬਿਕਰਮਜੀਤ ਫ਼ਿਲਮਜ਼, ਬੰਬੇ ਦੀ ਦੁਲਾਲ ਗੂਹਾ ਨਿਰਦੇਸ਼ਿਤ ਫ਼ਿਲਮ ‘ਪ੍ਰਤਿੱਗਿਆ’ (1975) ਦੇ ਫ਼ਿਲਮਸਾਜ਼ ਤੇ ਕਹਾਣੀਨਵੀਸ ਕੰਵਰ ਅਜੀਤ ਸਿੰਘ, ਮੰਜ਼ਰਨਾਮਾ ਨਬੈਂਦੂ ਘੋਸ਼ ਤੇ ਮੁਕਾਲਮੇ ਸ਼ਫ਼ੀਕ ਅਨਸਾਰੀ ਨੇ ਤਹਿਰੀਰ ਕੀਤੇ ਸਨ। ਉਮਾ ਸ਼ੰਕਰ ਤੇ ਐੱਸ. ਮਿੱਤਲ ਦੇ ਫ਼ਿਲਮਸਾਜ਼ ਅਦਾਰੇ ਜੇ. ਕੇ. ਪ੍ਰੋਡਕਸ਼ਨਜ਼, ਬੰਬੇ ਦੀ ਲੇਖ ਟੰਡਨ ਨਿਰਦੇਸ਼ਿਤ ਦੇਸ਼ ਭਗਤੀ ਫ਼ਿਲਮ ‘ਅੰਦੋਲਨ’ (1975) ’ਚ ਵੀ ਅਜੀਤ ਨੇ ਅਹਿਮ ਕਿਰਦਾਰ ਨਿਭਾਇਆ। ਵੀ. ਕੇ. ਫ਼ਿਲਮਜ਼ ਇੰਟਰਨੈਸ਼ਨਲ, ਬੰਬੇ ਦੀ ਕੇ. ਮਲਿਕ ਨਿਰਦੇਸ਼ਿਤ ਫ਼ਿਲਮ ‘ਈਦ ਕਾ ਸਲਾਮ’ (1976) ’ਚ ਕੰਵਰ ਅਜੀਤ ਸਿੰਘ ਨੇ ਅਦਾਕਾਰਾ ਸੁਜਾਤਾ ਦੇ ਰੂਬਰੂ ਹੀਰੋ ਦਾ ਰੋਲ ਅਦਾ ਕੀਤਾ। ਫ਼ਿਲਮ ਦੀ ਕਹਾਣੀ ਕੇ. ਅਜੀਤ ਸਿੰਘ, ਗੀਤ ਫ਼ਾਰੂਕ ਕੇਸਰ, ਅਰੁਣ ਚੰਦਰ ਅਤੇ ਸੰਗੀਤਕਾਰ ਕਮਲ ਰਾਜਸਥਾਨੀ (ਸਹਾਇਕ ਵਿਜੈ) ਸਨ। ਵੀ. ਐੱਲ. ਖਰੇ ਦੇ ਫ਼ਿਲਮਸਾਜ਼ ਅਦਾਰੇ ਵੀਣਾ ਫ਼ਿਲਮਜ਼ ਕੰਬਾਈਨਸ, ਬੰਬੇ ਦੀ ਰਾਜਾ ਠਾਕੁਰ ਨਿਰਦੇਸ਼ਿਤ ਫ਼ਿਲਮ ‘ਰਾਈਸਜ਼ਾਦਾ’ (1976) ’ਚ ਕੁੰਵਰ ਅਜੀਤ ਸਿੰਘ ਨੇ ‘ਸਰਦਾਰ ਬੰਤਾ ਸਿੰਘ’ ਦਾ ਪਾਰਟ ਅਦਾ ਕੀਤਾ। ਬੌਬੀ ਆਰਟਸ ਇੰਟਰਨੈਸ਼ਨਲ, ਬੰਬੇ ਦੀ ਸ਼ਬਿੂ ਮਿੱਤਰਾ ਨਿਰਦੇਸ਼ਿਤ ਫ਼ਿਲਮ ‘ਆਖ਼ਰੀ ਗੋਲੀ’ (1977) ’ਚ ਕੁੰਵਰ ਅਜੀਤ ਨੇ ‘ਠੇਕੇਦਾਰ’ ਦਾ ਕਿਰਦਾਰ ਅਦਾ ਕੀਤਾ ਜਦੋਂਕਿ ਮੁੱਖ ਭੂਮਿਕਾ ਵਿੱਚ ਸੁਨੀਲ ਦੱਤ ਮੌਜੂਦ ਸਨ। ਹਿਤਕਰਨ ਸਿੰਘ ਦੇ ਫ਼ਿਲਮਸਾਜ਼ ਅਦਾਰੇ ਪਿਕਸ ਇੰਟਰਨੈਸ਼ਨਲ, ਬੰਬੇ ਦੀ ਸ਼ੇਰ ਜੰਗ ਸਿੰਘ ਨਿਰਦੇਸ਼ਿਤ ਫ਼ਿਲਮ ‘ਹਬਾਰੀ’ (1978) ’ਚ ਕੁੰਵਰ ਅਜੀਤ ਨੇ ‘ਸ਼ੇਰਾ’/ ‘ਸ਼ੇਰ ਮੁਹੰਮਦ’ ਦਾ ਰੋਲ ਨਿਭਾਉਣ ਦੇ ਨਾਲ-ਨਾਲ ਅਜੀਤ ਦਿਓਲ ਦੇ ਨਾਮ ਨਾਲ ਫ਼ਿਲਮ ਦੀ ਕਹਾਣੀ ਵੀ ਲਿਖੀ। ਬਿਕਰਮਜੀਤ ਇੰਟਰਪ੍ਰਾਈਸਜ਼, ਬੰਬੇ ਦੀ ਬਾਸੂ ਚੈਟਰਜੀ ਨਿਰਦੇਸ਼ਿਤ ਫ਼ਿਲਮ ‘ਦਿਲਲਗੀ’ (1978) ਦੇ ਫ਼ਿਲਮਸਾਜ਼ ਕੰਵਰ ਅਜੀਤ ਸਿੰਘ ਤੇ ਬਿਕਰਮ ਸਿੰਘ ਦੇਹਲ ਸਨ ਜਦਕਿ ਮੁੱਖ ਕਿਰਦਾਰਾਂ ਵਿੱਚ ਭਰਾ ਧਰਮਿੰਦਰ ਤੇ ਭਾਬੀ ਹੇਮਾ ਮਾਲਿਨੀ ਮੌਜੂਦ ਸਨ। ਫ਼ਿਲਮਸਾਜ਼ ਪ੍ਰੇਮ ਅਰੋੜਾ ਦੀ ਲਿਖੀ ਕਹਾਣੀ ’ਤੇ ਆਧਾਰਿਤ ਜੇ. ਐਂਡ. ਜੇ. ਆਰਟ ਇੰਟਰਨੈਸ਼ਨਲ, ਬੰਬੇ ਦੀ ਜੋਗਿੰਦਰ ਸ਼ੈਲੀ ਨਿਰਦੇਸ਼ਿਤ ਫ਼ਿਲਮ ‘ਤੀਨ ਇੱਕੇ’ (1979) ’ਚ ਕੁੰਵਰ ਅਜੀਤ ਸਿੰਘ ਨੇ ‘ਕਰਤਾਰ ਸਿੰਘ’ ਦਾ ਪਾਰਟ ਨਿਭਾਇਆ।
ਕੈਲਾਸ਼ ਚੋਪੜਾ ਦੇ ਫ਼ਿਲਮਸਾਜ਼ ਅਦਾਰੇ ਦੀ ਰੂਪ ਇੰਟਰਪ੍ਰਾਈਸਜ਼, ਬੰਬੇ ਦੀ ਸ਼ਾਮ ਰਲਹਨ ਨਿਰਦੇਸ਼ਿਤ ਫ਼ਿਲਮ ‘ਸ਼ਾਕਾ’ (1981) ਜਿਸ ਦਾ ਟਾਈਟਲ ਕਿਰਦਾਰ ਜਤਿੰਦਰ ਨੇ ਅਦਾ ਕੀਤਾ। ਫ਼ਿਲਮ ’ਚ ਕੁੰਵਰ ਅਜੀਤ ਨੇ ਜੇਲ੍ਹ ਕੈਦੀ ‘ਜੱਗੂ ਦਾਦਾ’ ਦਾ ਪਾਤਰ ਅਦਾ ਕੀਤਾ। ਸ੍ਰੀਮਤੀ ਵਿਨੋਦ ਬੱਤਰਾ ਦੇ ਫ਼ਿਲਮਸਾਜ਼ ਅਦਾਰੇ ਚਾਂਦਨੀ ਚਿੱਤਰਾ, ਬੰਬੇ ਦੀ ਰਾਮ ਪਾਹਵਾ ਨਿਰਦੇਸ਼ਿਤ ਫ਼ਿਲਮ ‘ਨਈ ਇਮਾਰਤ’ (1981) ’ਚ ਉਸ ਨੇ ‘ਬਿਰਜੂ ਲੰਗੜੇ’ ਦਾ ਰੋਲ ਕੀਤਾ। ਨੇਤਰਪਾਲ ਸਿੰਘ ਦੇ ਫ਼ਿਲਮਸਾਜ਼ ਅਦਾਰੇ ਐੱਨ. ਪੀ. ਇੰਟਰਨੈਸ਼ਨਲ, ਬੰਬੇ ਦੀ ਨਰਿੰਦਰ ਬੇਦੀ ਨਿਰਦੇਸ਼ਿਤ ਫ਼ਿਲਮ ‘ਕੱਚੇ ਹੀਰੇ’ (1982) ’ਚ ਕੁੰਵਰ ਅਜੀਤ ਨੇ ‘ਭਲਵਾਨ’ ਮਜ਼ਾਹੀਆ ਦਾ ਕਿਰਦਾਰ ਨਿਭਾਇਆ। ਬਿਕਰਮਜੀਤ ਇੰਟਰਪ੍ਰਾਈਸਜ਼, ਬੰਬੇ ਦੀ ਫ਼ਿਲਮ ‘ਮਿਹਰਬਾਨੀ’ (1982) ’ਚ ਕੁੰਵਰ ਅਜੀਤ ਨੇ ਆਪਣੇ ਅਸਲੀ ਨਾਮ ਅਜੀਤ ਸਿੰਘ ਦਿਓਲ ਨਾਲ ਫ਼ਿਲਮ ਦੀ ਹਿਦਾਇਤਕਾਰੀ (ਨਾਲ ਏ. ਨਾਰੰਗ), ਫ਼ਿਲਮਸਾਜ਼ੀ ਤੇ ਮੁਕਾਲਮੇ ਤਹਿਰੀਰ ਕੀਤੇ। ਮਹਿੰਦਰ ਸੰਧੂ ਤੇ ਸਾਰਿਕਾ ਦੇ ਮਰਕਜ਼ੀ ਕਿਰਦਾਰ ਵਾਲੀ ਇਸ ਫ਼ਿਲਮ ਵਿੱਚ ਅਜੀਤ ਸਿੰਘ ਨੇ ਦੋ ਨਵੇਂ ਚਿਹਰੇ ਤਿਲਕ ਮਹਿਤਾ ਤੇ ਰਮਾ ਪੰਡਿਤ ਪੇਸ਼ ਕੀਤੇ। ਹਿਦਾਇਤਕਾਰ ਜਗਦੀਸ਼ ਗੌਤਮ ਦੀ ਫ਼ਿਲਮ ‘ਪਿਆਰ ਕੇ ਦੋ ਚਾਰ ਦਿਨ’ (1984) ਤੇ ਯਸ਼ ਰਾਜ ਫ਼ਿਲਮਜ਼, ਬੰਬੇ ਦੀ ਯਸ਼ ਚੋਪੜਾ ਨਿਰਦੇਸ਼ਿਤ ਫ਼ਿਲਮ ‘ਫ਼ਾਸਲੇ’ (1985), ਹਿਦਾਇਤਕਾਰ ਸੁਧਾਕਰ ਸ਼ਰਮਾ ਦੀ ਫ਼ਿਲਮ ‘ਇਨਸਾਫ਼ ਕਾ ਸੂਰਜ’ (1990) ’ਚ ਕੁੰਵਰ ਅਜੀਤ ਨੇ ਛੋਟੇ-ਛੋਟੇ ਕਿਰਦਾਰ ਅਦਾ ਕੀਤੇ। ਪ੍ਰਮੋਦ ਚੱਕਰਵਰਤੀ ਦੇ ਫ਼ਿਲਮਸਾਜ਼ ਅਦਾਰੇ ਪ੍ਰਮੋਦ ਚੱਕਰਵਰਤੀ ਫ਼ਿਲਮਜ਼, ਬੰਬੇ ਦੀ ਪ੍ਰਮੋਦ ਚੱਕਰਵਰਤੀ ਨਿਰਦੇਸ਼ਿਤ ਫ਼ਿਲਮ ‘ਸ਼ੱਤਰੂ’ (1986) ’ਚ ਉਸ ਨੇ ‘ਟਰੱਕ ਡਰਾਈਵਰ’ ਦਾ ਪਾਤਰ ਨਿਭਾਇਆ। ਬੰਗਾਲੀ ਭਾਸ਼ਾ ’ਚ ਇਹ ਫ਼ਿਲਮ ‘ਬਿਰੋਧ’ ਦੇ ਨਾਮ ਨਾਲ ਡੱਬ ਹੋਈ ਸੀ।
ਸ਼ੀਤਲ ਸਿੰਘ ਜੌਹਲ ਤੇ ਅਜੀਤ ਸਿੰਘ ਦਿਓਲ ਦੇ ਫ਼ਿਲਮਸਾਜ਼ ਅਦਾਰੇ ਕੁੱਕੀ ਫ਼ਿਲਮਜ਼ ਇੰਟਰਨੈਸ਼ਨਲ, ਬੰਬੇ ਦੀ ਸ਼ਿੱਬੂ ਮਿੱਤਰਾ ਨਿਰਦੇਸ਼ਿਤ ਫ਼ਿਲਮ ‘ਵੀਰਤਾ’ (1993) ਦੀ ਕਹਾਣੀ, ਗੀਤ ਅਜੀਤ ਸਿੰਘ ਦਿਓਲ ਅਤੇ ਮੰਜ਼ਰਨਾਮਾ ਵੀ ਅਜੀਤ ਸਿੰਘ ਦਿਓਲ (ਨਾਲ ਰਾਮ ਕੇਲਕਰ) ਨੇ ਤਹਿਰੀਰ ਕੀਤਾ। ਫ਼ਿਲਮ ’ਚ ਅਜੀਤ ਦੇ ਭਤੀਜੇ ਸੰਨੀ ਦਿਓਲ ਨੇ ਮੁੱਖ ਪਾਰਟ ਅਦਾ ਕੀਤਾ। ਧਰਮਿੰਦਰ ਦੇ ਫ਼ਿਲਮਸਾਜ਼ ਅਦਾਰੇ ਵਿਜੇਤਾ ਫ਼ਿਲਮਜ਼, ਬੰਬੇ ਦੀ ਰਾਜਕੁਮਾਰ ਸੰਤੋਸ਼ੀ ਨਿਰਦੇਸ਼ਿਤ ਫ਼ਿਲਮ ‘ਬਰਸਾਤ’ (1995) ਜਿਸ ਵਿੱਚ ਧਰਮਿੰਦਰ ਨੇ ਆਪਣੇ ਛੋਟੇ ਪੁੱਤ ਬੌਬੀ ਦਿਓਲ ਨੂੰ ਰਾਜੇਸ਼ ਖੰਨਾ ਨਾਲ ਨਵੇਂ ਹੀਰੋ ਵਜੋਂ ਮੁਤਆਰਿਫ਼ ਕਰਵਾਇਆ ਅਜੀਤ ਸਿੰਘ ਦੀ ਆਖ਼ਰੀ ਫ਼ਿਲਮ ਕਰਾਰ ਪਾਈ। ਇਸ ਫ਼ਿਲਮ ਵਿੱਚ ਅਜੀਤ ਸਿੰਘ ਦਿਓਲ ਨੇ ‘ਇੰਜਣ ਡਰਾਈਵਰ’ ਦੀ ਭੂਮਿਕਾ ਨਿਭਾਈ ਤੇ ਇਸ ਦਾ ਮਸ਼ਹੂਰ ਸੰਵਾਦ ‘ਚੱਲ ਓ ਭਟੂਰਿਆ’ ਸੀ। ਵੇਖਿਆ ਜਾਵੇ ਤਾਂ ਤਮਾਮ ਹਿੰਦੀ ਫ਼ਿਲਮਾਂ ਵਿੱਚ ਅਜੀਤ ਦਿਓਲ ਦੀ ਸੰਵਾਦ ਅਦਾਇਗੀ ਦਾ ਅੰਦਾਜ਼ ਪੇਂਡੂ ਹੀ ਰਿਹਾ ਜੋ ਉਸ ਦੀ ਸ਼ਖ਼ਸੀਅਤ ਮੁਤਾਬਿਕ ਜਚਦਾ ਵੀ ਸੀ ਪੰਜਾਬੀ ਫ਼ਿਲਮਾਂ ਵਿੱਚ ਅਜੀਤ ਸਿੰਘ ਦਿਓਲ ਸਭ ਤੋਂ ਪਹਿਲਾਂ ਜਗਜੀਤ ਫ਼ਿਲਮਜ਼, ਬੰਬੇ ਦੀ ਸੁਖਦੇਵ ਆਹਲੂਵਾਲੀਆ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਧਰਮਜੀਤ’ (1975) ’ਚ ਕੇ. ਅਜੀਤ ਸਿੰਘ ਦਿਓਲ ਦੇ ਨਾਮ ਨਾਲ ਪ੍ਰੋਡਕਸ਼ਨ ਡਿਜ਼ਾਈਨਰ ਵਜੋਂ ਸ਼ਾਮਲ ਹੋਏ। ਇਸ ਤੋਂ ਉਸ ਨੇ ਆਪਣੇ ਫ਼ਿਲਮਸਾਜ਼ ਅਦਾਰੇ ਅਜੀਤ ਆਰਟਸ, ਬੰਬੇ ਦੇ ਬੈਨਰ ਹੇਠ ਆਪਣੀ ਹਿਦਾਇਤਕਾਰੀ ਵਿੱਚ ਪਹਿਲੀ ਪੰਜਾਬੀ ਫ਼ਿਲਮ ‘ਸੰਤੋ ਬੰਤੋ’ (1977) ਬਣਾਈ। ਫ਼ਿਲਮ ਵਿੱਚ ‘ਸੰਤੋ’ ਤੇ ‘ਬੰਤੋ’ ਦੂਹਰਾ ਕਿਰਦਾਰ ਅਦਾਕਾਰਾ ਅਰੂਨਾ ਇਰਾਨੀ ਨੇ ਨਿਭਾਇਆ, ਜਿਹਦੇ ਹਮਰਾਹ ਵਰਿੰਦਰ ਤੇ ਸ਼ੱਤਰੂਘਨ ਸਿਨਹਾ ਮੌਜੂਦ ਸਨ। ਫ਼ਿਲਮ ਵਿੱਚ ਅਜੀਤ ਸਿੰਘ ਦਿਓਲ ਨੇ ਮਹਿਮਾਨ ਅਦਾਕਾਰ ਵਜੋਂ ‘ਜੱਗੇ ਭਲਵਾਨ’ ਦਾ ਕਿਰਦਾਰ, ਜਿਸ ਦੇ ਰੂਬਰੂ ਸੀਮਾ ਕਪੂਰ ‘ਭਜਨੀ’ ਦਾ ਪਾਰਟ ਅਦਾ ਕਰ ਰਹੀ ਸੀ। ਐੱਸ ਮੋਹਿੰਦਰ ਦੇ ਦਿਲਕਸ਼ ਸੰਗੀਤ ਵਿੱਚ ਇੱਕ ਜਨਾਨਾ ਗੀਤ ‘ਨੱਚੂੰਗੀ ਸਾਰੀ ਰਾਤ ਧਰਤੀ ਨੂੰ ਕਲੀ ਕਰਾ ਦੇ ਵੇ’ (ਦਿਲਰਾਜ ਕੌਰ, ਮੀਨੂੰ ਪ੍ਰਸ਼ੋਤਮ) ਅਜੀਤ, ਵਰਿੰਦਰ, ਦਰਸ਼ਨ ਤੇ ਮਿਹਰ ਮਿੱਤਲ ’ਤੇ ਫ਼ਿਲਮਾਇਆ ਗਿਆ ਸੀ। ਕਹਾਣੀ ਵਰਿੰਦਰ, ਮੰਜ਼ਰਨਾਮਾ ਤੇ ਮੁਕਾਲਮੇ ਸਤਪਾਲ ਨਿਸ਼ਾਨ (ਮਜ਼ਾਹੀਆ ਅਦਾਕਾਰ) ਨੇ ਤਹਿਰੀਰ ਕੀਤੇ ਸਨ। 9 ਮਾਰਚ 1979 ਨੂੰ ਸੰਤ ਸਿਨਮਾ, ਜਲੰਧਰ ਵਿਖੇ ਨੁਮਾਇਸ਼ ਹੋਈ ਇਸ ਫ਼ਿਲਮ ਵਿੱਚ ਅਜੀਤ ਦੇ ਵੱਡੇ ਭਰਾ ਧਰਮਿੰਦਰ ਨੇ ਮਹਿਮਾਨ ਭੂਮਿਕਾ ਨਿਭਾਈ ਸੀ। ਦਵਿੰਦਰ ਸਿੰਘ ਗਿੱਲ (ਭਰਾ ਗੁੱਗੂ ਗਿੱਲ) ਦੇ ਫ਼ਿਲਮਸਾਜ਼ ਅਦਾਰੇ ਗਿੱਲ ਆਰਟਸ, ਬੰਬੇ ਦੀ ਐਕਸ਼ਨ ਪੰਜਾਬੀ ਫ਼ਿਲਮ ‘ਪੁੱਤ ਜੱਟਾਂ ਦੇ’ (1983) ਦੀ ਕਹਾਣੀ ਅਜੀਤ ਸਿੰਘ ਦਿਓਲ ਨੇ ਲਿਖੀ ਸੀ। ਮੰਜ਼ਰਨਾਮਾ, ਮੁਕਾਲਮੇ ਤੇ ਹਿਦਾਇਤਕਾਰੀ ਦੇ ਫ਼ਰਜ਼ ਜਗਜੀਤ ਨੇ ਅੰਜਾਮ ਦਿੱਤੇ ਸਨ। ਫ਼ਿਲਮ ਵਿੱਚ ਪਹਿਲੀ ਵਾਰ ਗੁੱਗੂ ਭਰਾ ਰੁਪਿੰਦਰ ਗਿੱਲ ਅਤੇ ਲੋਕ ਗਾਇਕ ਸੁਰਿੰਦਰ ਛਿੰਦਾ ਨਵੇਂ ਚਿਹਰਿਆਂ ਵਜੋਂ ਮੁਤਆਰਿਫ਼ ਹੋਏ ਸਨ। ਫ਼ਿਲਮ ’ਚ ਜਿੱਥੇ ਦਿਲਜੀਤ ਕੌਰ ਤੇ ਬਲਦੇਵ ਖੋਸੇ ਨੇ ਮਰਕਜ਼ੀ ਕਿਰਦਾਰ ਅਦਾ ਕੀਤੇ ਉੱਥੇ ਭਰਾ ਧਰਮਿੰਦਰ ਤੇ ਸ਼ਤਰੂਘਨ ਸਿਨਹਾ ਮਹਿਮਾਨ ਅਦਾਕਾਰ ਵਜੋਂ ਸ਼ਾਮਲ ਹੋਏ। ਫ਼ਿਲਮ ਵਿੱਚ ਦੇਵ ਥਰੀਕੇਵਾਲਾ ਦਾ ਲਿਖਿਆ ‘ਪੁੱਤ ਜੱਟਾਂ ਦੇ ਬੁਲਾਉਂਦੇ ਬੱਕਰੇ’ (ਸੁਰਿੰਦਰ ਛਿੰਦਾ, ਚਮਕੀਲਾ, ਕੁਲਦੀਪ ਪਾਰਸ) ਗੀਤ ਹੱਦ ਦਰਜਾ ਮਕਬੂਲ ਹੋਇਆ। ਇਹ ਕਾਮਯਾਬ ਫ਼ਿਲਮ 26 ਅਗਸਤ 1983 ਨੂੰ ਫੂਲ ਸਿਨਮਾ, ਪਟਿਆਲਾ ਵਿਖੇ ਪਰਦਾਪੇਸ਼ ਹੋਈ। ਮਿਸਿਜ਼ ਰਾਜਵੰਤ ਗਰੇਵਾਲ ਦੇ ਫ਼ਿਲਮਸਾਜ਼ ਅਦਾਰੇ ਗਰੇਵਾਲ ਮੂਵੀਜ਼, ਲੁਧਿਆਣਾ ਦੀ ਜਗਜੀਤ ਸਿੰਘ ਸਿੱਧੂ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਰਾਂਝਣ ਮੇਰਾ ਯਾਰ’ (1984) ’ਚ ਅਜੀਤ ਸਿੰਘ ਦਿਓਲ ਨੇ ‘ਕਾਲਜ ਚੇਅਰਮੈਨ’ ਦਾ ਪਾਰਟ ਅਦਾ ਕੀਤਾ। ਫ਼ਸਾਨਾ, ਮੰਜ਼ਰਨਾਮਾ ਤੇ ਮੁਕਾਲਮੇ ਤੇਲੂ ਰਾਮ ਕੁਹਾੜਾ, ਗੀਤ ਅਜੈਬ ਸਿੰਘ ਗਰੇਵਾਲ, ਜਗਜੀਤ ਸਿੰਘ ਸਿੱਧੂ ਤੇ ਸੰਗੀਤ ਸੁਰਿੰਦਰ ਕੋਹਲੀ ਨੇ ਤਾਮੀਰ ਕੀਤਾ। ਫ਼ਿਲਮ ਵਿੱਚ ਵਿਸ਼ੇਸ਼ ਭੂਮਿਕਾ ਧਰਮਿੰਦਰ ਨੇ ਨਿਭਾਈ ਜਦੋਂਕਿ ਮਰਕਜ਼ੀ ਕਿਰਦਾਰ ਵਿੱਚ ਵਰਿੰਦਰ, ਅਰਪਣਾ ਚੌਧਰੀ, ਮੀਨਾ ਰਾਏ, ਅਸ਼ੋਕ ਖੋਸਲਾ (ਨਵਾਂ ਚਿਹਰਾ) ਮੌਜੂਦ ਸਨ। ਸੁਨੀਲ ਕੁਮਾਰ ਦੇ ਫ਼ਿਲਮਸਾਜ਼ ਅਦਾਰੇ ਫ਼ਿਲਮਮੇਕਰ ਇੰਟਰਨੈਸ਼ਨਲ, ਬੰਬੇ ਦੀ ਸੁਨੀਲ ਕੁਮਾਰ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਹੁਸਨ ਦੇ ਹੁਲਾਰੇ’ (1987) ਵਿੱਚ ਅਜੀਤ ਸਿੰਘ ਦਿਓਲ ਨੇ ‘ਮਾਸਟਰ ਜੀ’ ਦਾ ਰੋਲ ਕੀਤਾ।
ਜੇ ਸ਼ਾਇਰਾਨਾ ਅਦਬੀ ਸਫ਼ਰ ਦੀ ਗੱਲ ਕਰਾਂ ਤਾਂ ਅਜੀਤ ਸਿੰਘ ਦਿਓਲ ਅਦਾਕਾਰੀ ਦੇ ਨਾਲ-ਨਾਲ ਪੰਜਾਬੀ ਤੇ ਉਰਦੂ ਦਾ ਵੀ ਸੰਜੀਦਾ ਸ਼ਾਇਰ ਸੀ। ਬੰਬਈ ਫ਼ਿਲਮ ਜਗਤ ਵਿੱਚ ਰਹਿੰਦਆਂ ਵੀ ਉਸ ਨੂੰ ਆਪਣੀ ਰਹਿਤਲ ਅਤੇ ਮਾਂ-ਬੋਲੀ ਪੰਜਾਬੀ ਨਾਲ ਬੜੀ ਉਲਫ਼ਤ ਸੀ। ਅਜੀਤ ਸਿੰਘ ਦਿਓਲ ਦੀ ਸ਼ਾਇਰੀ ਦੀਆਂ ਤਿੰਨ ਕਾਵਿ ਕਿਰਤਾਂ ‘ਮਿੱਟੀ’, ‘ਮਾਂ’ ਅਤੇ ‘ਮੁਹੱਬਤ’ ਆ ਚੁੱਕੀਆਂ ਹਨ। ਉਨ੍ਹਾਂ ਦੀਆਂ ਗ਼ਜ਼ਲਾਂ ਦੇ ਚੰਦ ਅਸ਼ਆਰ ‘ਮਾਂ ਤੂੰ ਊਠ ’ਤੇ ਸਵਾਰ ਹੈਂ’, ‘ਰੱਬ ਤੋਂ ਬੰਦਿਆ ਡਰਦਾ ਰਹਿ ਤੇ ਨੇਕ ਕਮਾਈਆਂ ਕਰਦਾ ਰਹਿ’, ‘ਇਸ਼ਕ ਹੈ ਪਾਕ ਇਬਾਦਤ ਵਾਂਗੂੰ’, ‘ਚੰਗੀ ਕਿਸਮਤ ਵਾਲੇ ਬੰਦੇ ਲੰਬੀ ਉਮਰ ਤੇ ਕਾਰੇ ਚੰਗੇ’, ‘ਮੁਹੱਬਤ ’ਚ ਯਾ ਰੱਬ ਇਹ ਕੇਹਾ ਮਜ਼ਾ ਹੈ ਨਸ਼ਾ ਈ ਨਸ਼ਾ ਹੈ’, ‘ਤੇਰੀ ਨਜ਼ਰ ਦੀ ਸ਼ੀਤਲ ਸ਼ਬਨਮ’, ‘ਬੁੱਲ੍ਹਾਂ ਤੇ ਤੇਰੇ ਗੁਲ ਦੀ ਸੁਬਾਹਤ’, ‘ਰਾਤ ਨੂੰ ਤੂੰ ਰੱਬ ਧਿਆ ਦੁਨੀਆਦਾਰੀ ਦਿਨੇ ਨਿਭਾ’, ‘ਰੂਪ ਤੇਰਾ ਹੈ ਜਾਮ ਛਲਕਦਾ ਮਨ ਮੇਰਾ ਹੈ ਪਿਆਸਾ’, ‘ਬੰਦਿਆ ਸੁਰਗੀ ਓਹੀ ਜਾਂਦੇ ਕੱਦ ਜਿਨ੍ਹਾਂ ਦੇ ਲੰਬੇ, ਨੇਕੀਆਂ ਕਰ ਉਹ ਉੱਚੇ ਹੋ ਗਏ ਕਰਮ ਜਿਨ੍ਹਾਂ ਦੇ ਚੰਗੇ’ ਆਦਿ।
ਅਜੀਤ ਸਿੰਘ ਦਿਓਲ ਜਿਸ ਨੂੰ ਫ਼ਿਲਮ ਜਗਤ ਵਿੱਚ ਅਦਬ ਨਾਲ ‘ਅਜੀਤ ਸਾਹਬ’ ਕਿਹਾ ਜਾਂਦਾ ਸੀ। 23 ਅਕਤੂਬਰ 2015 ਨੂੰ 75 ਸਾਲਾਂ ਦੀ ਉਮਰੇ ਬੰਬਈ ਵਿਖੇ ਅਕਾਲ ਚਲਾਣਾ ਕਰ ਗਏ। ਆਪਣੀ ਲਿਖੀ ਰਚਨਾ ਵਾਂਗ:
ਮਿੱਟੀ ਬਦਨ ਹੈ, ਮਿੱਟੀ ਚਮਨ ਹੈ, ਮਿੱਟੀ ਹੈ ਸੰਸਾਰ
ਮਿੱਟੀ ਪਾਲਦੀ, ਮਿੱਟੀ ਸੰਭਾਲਦੀ, ਮਿੱਟੀ ਦੇਵੇ ਘਰ-ਬਾਰ
ਮਿੱਟੀ ਸੁਲਾਉਂਦੀ ਗੋਦੀ ਆਪਣੀ, ਸਭ ਦਾ ਅੰਤ ਮਜ਼ਾਰ।
ਸਚਮੁੱਚ ਸਭ ਦਾ ਅੰਤ ਮਜ਼ਾਰ ਹੈ ਅਤੇ ਬੰਦੇ ਦਾ ਅੰਤ ਮਿੱਟੀ ਹੈ ਜੋ ਬੰਦਾ ਇਸ ਦੁਨੀਆ ’ਚ ਆਇਆ ਹੈ ਉਸ ਦਾ ਅੰਤ ਵੀ ਯਕੀਨੀ ਹੈ।
ਸੰਪਰਕ: 97805-09545