ਮੁੰਬਈ, 24 ਜੁਲਾਈ
ਬੌਲੀਵੁੱਡ ਅਦਾਕਾਰ ਗੋਵਿੰਦਾ ਨੇ ਅੱਜ ਇੱਥੇ ਖੁਲਾਸਾ ਕੀਤਾ ਕਿ ਉਹ ਆਪਣੀ ਪਹਿਲੀ ਫਿਲਮ ‘ਇਲਜ਼ਾਮ’ ਦੌਰਾਨ ਰੁਮਾਂਟਿਕ ਸੀਨ ਕਰਨ ਵੇਲੇ ਬਹੁਤ ਸੰਗਦਾ ਸੀ। ਅਦਾਕਾਰ ਡਾਂਸ ਰਿਐਲਿਟੀ ਸ਼ੋਅ ‘ਡਾਂਸ ਦੀਵਾਨੇ’ ਵਿੱਚ ਦਿਖਾਈ ਦੇਵੇਗਾ। ਗੋਵਿੰਦਾ ਕੋਰਿਓਗ੍ਰਾਫਰ ਗਨੇਸ਼ ਅਚਾਰੀਆ ਨਾਲ ਲੱਤ ਹਿਲਾਉਂਦੇ ਅਤੇ ਜੱਜਾਂ ਦੀ ਜੋੜੀ ਵਿੱਚ ਸ਼ਾਮਲ ਨੌਰਾ ਫਤੇਹੀ ਨਾਲ ਨਜ਼ਰ ਆਉਣਗੇ। ਸ਼ੋਅ ਵਿੱਚ ਨੌਰਾ ਇੱਕ ਮੁਕਾਬਲੇਬਾਜ਼ ਪਿਯੂਸ਼ ਦੇ ਸ਼ਰਮੀਲੇ ਹੋਣ ’ਤੇ ਟਿੱਪਣੀ ਕਰਦੀ ਹੈ, ਜੋ ਗੋਵਿੰਦਾ ਨੂੰ ਇੱਕ ਮਜ਼ੇਦਾਰ ਘਟਨਾ ਦਾ ਖੁਲਾਸਾ ਕਰਨ ਲਈ ਉਤਸ਼ਾਹਿਤ ਕਰਦੀ ਹੈ। ਆਪਣੀ ਪਹਿਲੀ ਫਿਲਮ ਦੇ ਸੈੱਟ ਤੋਂ ਇੱਕ ਦਿਲਚਸਪ ਕਿੱਸਾ ਸਾਂਝਾ ਕਰਦਿਆਂ ਅਦਾਕਾਰ ਨੇ ਦੱਸਿਆ, ‘‘ਮੈਨੂੰ ਯਾਦ ਹੈ ਆਪਣੀ ਪਹਿਲੀ ਫਿਲਮ ਦੌਰਾਨ, ਮੈਨੂੰ ਨੀਲਮ ਨਾਲ ਇੱਕ ਰੁਮਾਂਟਿਕ ਗਾਣੇ ਦੀ ਸ਼ੂਟਿੰਗ ਕਰਨੀ ਪਈ ਸੀ ਅਤੇ ਮੈਂ ਅਜਿਹਾ ਕਰ ਨਹੀਂ ਸਕਿਆ। ਸਰੋਜ ਖ਼ਾਨ ਨੇ ਮੈਨੂੰ ਫੜ ਕੇ ਕੋਨੇ ’ਚ ਲਿਜਾ ਕੇ ਪੁੱਛਿਆ ਕਿ ਕੀ ਮੈਂ ਕਦੇ ਕਿਸੇ ਕੁੜੀ ਨਾਲ ਰੁਮਾਂਸ ਕੀਤਾ ਸੀ! ਮੈਂ ਕਿਹਾ ‘ਨਹੀਂ’ ਅਤੇ ਉਨ੍ਹਾਂ ਤੁਰੰਤ ਆਪਣੀ ਸਹਿਯੋਗੀ ਕੋਰਿਓਗ੍ਰਾਫਰ ਨੂੰ ਮੈਨੂੰ ਰੁਮਾਂਟਿਕ ਸਟੈਪ ਸਿਖਾਉਣ ਲਈ ਕਿਹਾ ।’’ ਸ਼ੋਅ ਦੌਰਾਨ ਇੱਕ ਉਮੀਦਵਾਰ ਪੱਲਵੀ ਗੋਵਿੰਦਾ ਦੇ ਮਸ਼ਹੂਰ ਗਾਣੇ ‘ਤੁਮ ਤੋ ਥੋਖੇਬਾਜ਼ ਨਿਕਲੇ’ ਉੱਤੇ ਪੇਸ਼ਕਾਰੀ ਦੇਵੇਗੀ। ‘ਡਾਂਸ ਦੀਵਾਨੇ’ ਸ਼ੋਅ ਕਲਰਜ਼ ਟੀਵੀ ’ਤੇ ਪ੍ਰਸਾਰਿਤ ਹੋ ਰਿਹਾ ਹੈ। -ਆਈਏਐੱਨਐੱਸ