ਮੁੰਬਈ: ਸਿਨੇ ਜਗਤ ਵਿੱਚ ਪਿਛਲੇ 24 ਸਾਲ ਤੋਂ ਲੋਹਾ ਮਨਵਾ ਰਹੇ ਅਦਾਕਾਰ ਰਾਜਪਾਲ ਯਾਦਵ ਦਾ ਕਹਿਣਾ ਹੈ ਕਿ ਉਸ ਨੇ ਅੱਜ ਤੱਕ ਜੋ ਹਾਸਲ ਕੀਤਾ ਹੈ, ਉਸ ਤੋਂ ਉਹ ਖੁਸ਼ ਹੈ। ਮਜ਼ਾਹੀਆ ਕਿਰਦਾਰਾਂ ਲਈ ਜਾਣੇ ਜਾਂਦੇ ਅਦਾਕਾਰ ਨੇ ਕਿਹਾ ਕਿ ਉਸ ਨੇ ਫਿਲਮ ਜਗਤ ਨਾਲ ਜੁੜੀ ਰੂੜੀਵਾਦੀ ਵਿਚਾਰਧਾਰਾ ਤੋੜਨ ਅਤੇ ਵੱਖ-ਵੱਖ ਤਰ੍ਹਾਂ ਦੇ ਕਿਰਦਾਰ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ।
ਯਾਦਵ ਨੇ ਕਿਹਾ, ‘‘ਮੈਂ ਅੱਜ ਤੱਕ ਜੋ ਕੀਤਾ, ਉਸ ਤੋਂ ਬਹੁਤ ਖੁਸ਼ ਹਾਂ। ਪਹਿਲੇ ਦਿਨ ਤੋਂ ਹੀ ਮੈਂ ਤੈਅ ਕਰ ਲਿਆ ਸੀ ਕਿ ਮੈਂ ਆਪਣੇ ਵੱਲੋਂ ਅਦਾ ਕੀਤੇ ਗਏ ਕਿਰਦਾਰਾਂ ਨੂੰ ਕਦੇ ਦੁਹਰਾਵਾਂਗਾ ਨਹੀਂ। ਅਦਾਕਾਰ ਬਹੁਤ ਜਲਦੀ ਇੱਕੋ ਵਰਗੇ ਰੋਲ ਅਦਾ ਕਰਨ ਲੱਗ ਜਾਂਦੇ ਹਨ। ਮੈਨੂੰ ਵੀ ਅਜਿਹੇ ਕਿਰਦਾਰਾਂ ਦੀ ਪੇਸ਼ਕਸ਼ ਆਈ ਤੇ ਮੈਂ ਉਨ੍ਹਾਂ ਕਿਰਦਾਰਾਂ ਦੀ ਮਾਨਸਿਕਤਾ ਵਿੱਚ ਕੁੱਝ ਬਦਲਾਅ ਲਿਆਉਣ ਦੀ ਕੋਸ਼ਿਸ਼ ਕੀਤੀ। ਅਦਾਕਾਰ ਕਿਰਦਾਰ ਦੀ ਸਰੀਰਕ ਦਿਖ ਤਾਂ ਨਹੀਂ ਬਦਲ ਸਕਦਾ ਪਰ ਉਸ ਦੀ ਮਾਨਸਿਕਤਾ ਜ਼ਰੂਰ ਬਦਲੀ ਜਾ ਸਕਦੀ ਹੈ।’’
ਉਸ ਨੇ ਕਿਹਾ, ‘‘ਮੈਂ ਮੁੱਖ ਤੋਂ ਸਹਾਇਕ ਕਿਰਦਾਰ ਤੱਕ ਹਰ ਤਰ੍ਹਾਂ ਦੇ ਰੋਲ ਨਿਭਾਉਣ ਦੀ ਕੋਸ਼ਿਸ਼ ਕੀਤੀ। ਕੁੱਝ ਲੋਕਾਂ ਦਾ ਕਹਿਣਾ ਹੈ ਕਿ ਮੁੱਖ ਕਿਰਦਾਰ ਨਿਭਾ ਕੇ ਤੁਸੀਂ ਸਹਾਇਕ ਭੂਮਿਕਾ ਨਹੀਂ ਨਿਭਾ ਸਕਦੇ ਪਰ ਮੈਂ ਅਜਿਹਾ ਕੀਤਾ ਅਤੇ ਅਜਿਹੀਆਂ ਵਿਚਾਰਧਾਰਾਵਾਂ ਤੋੜਨ ਦੀ ਕੋਸ਼ਿਸ਼ ਕੀਤੀ।’’
ਰਾਜਪਾਲ ਯਾਦਵ ਨੂੰ ਜ਼ਿਆਦਾਤਰ ਮਜ਼ਾਹੀਆ ਕਿਰਦਾਰਾਂ ਲਈ ਜਾਣਿਆ ਜਾਂਦਾ ਹੈ। ਜਦੋਂ ਉਸ ਨੂੰ ਪੁੱਛਿਆ ਗਿਆ ਕਿ ਅਜਿਹੇ ਕਿਰਦਾਰ ਨਿਭਾਉਣੇ ਉਸ ਲਈ ਕਿੰਨੇ ਸੌਖੇ ਜਾਂ ਔਖੇ ਹਨ, ਉਸ ਨੇ ਕਿਹਾ, ‘‘ਕੁੱਝ ਵੀ ਸੌਖਾ ਨਹੀਂ ਹੈ। ਜੇ ਤੁਹਾਡਾ ਨਿਰਦੇਸ਼ਕ ਚੰਗਾ ਹੈ ਤਾਂ ਅਦਾਕਾਰ ਲਈ ਕੰਮ ਸੌਖਾ ਹੋ ਜਾਂਦਾ ਹੈ। ਜੇ ਤੁਸੀਂ ਹਾਲਾਤ ਨਹੀਂ ਸਮਝ ਰਹੇ ਅਤੇ ਤੁਹਾਡੀ ਨਿਰਦੇਸ਼ਕ ਨਾਲ ਨਹੀਂ ਬਣਦੀ ਤਾਂ ਇਹ ਸਕਰੀਨ ’ਤੇ ਵੀ ਦਿਖਾਈ ਦਿੰਦਾ ਹੈ।’’
ਉਸ ਦੀ ਹਾਲ ਹੀ ਵਿੱਚ ਡਿਜੀਟਲ ਪਲੇਟਫਾਰਮ ’ਤੇ ‘ਹੰਗਾਮਾ 2’ ਫਿਲਮ ਰਿਲੀਜ਼ ਹੋਈ ਹੈ। ਪ੍ਰਿਯਦਰਸ਼ਨ ਇਸ ਦਾ ਨਿਰਦੇਸ਼ਕ ਹੈ। ਰਾਜਪਾਲ ਪਹਿਲਾਂ ਵੀ ਉਸ ਨਾਲ ‘ਭੂਲ ਭਲੱਈਆ’, ‘ਹੰਗਾਮਾ’ ਅਤੇ ‘ਭਾਗਮ ਭਾਗ’ ਸਮੇਤ ਹੋਰ ਫਿਲਮਾਂ ਕਰ ਚੁੱਕਿਆ ਹੈ। -ਆਈਏਐੱਨਐੱਸ