ਮਨਦੀਪ ਰਿੰਪੀ
ਅੱਜ ਹਰਮਨ ਬਹੁਤ ਖ਼ੁਸ਼ ਸੀ ਕਿਉਂਕਿ ਉਸ ਦਾ ਜਨਮ ਦਿਨ ਸੀ। ਉਸ ਦੇ ਦਾਦਾ-ਦਾਦੀ ਨੇ ਉਸ ਨੂੰ ਬਹੁਤ ਸੋਹਣੇ ਕੱਪੜੇ ਲੈ ਕੇ ਦਿੱਤੇ। ਹਰਮਨ ਦੀ ਭੈਣ ਪ੍ਰੀਤੀ ਨੇ ਵੀ ਉਸ ਨੂੰ ਉਸ ਦੀ ਮਨਪਸੰਦ ਕਿਤਾਬ ਲੈ ਕੇ ਦਿੱਤੀ। ਪ੍ਰੀਤੀ ਨੇ ਬਹੁਤ ਸੋਹਣੇ ਗੁਬਾਰਿਆਂ ਨਾਲ ਆਪਣੇ ਭਰਾ ਦੇ ਕਮਰੇ ਨੂੰ ਸਜਾਇਆ। ਉਹ ਆਪਣੇ ਡੈਡੀ ਨਾਲ ਜਾ ਕੇ ਆਪਣਾ ਮਨਪਸੰਦ ਕੇਕ ਲੈ ਕੇ ਆਇਆ। ਹਰਮਨ ਨੂੰ ਆਪਣੇ ਜਨਮ ਦਿਨ ਦਾ ਕਈ ਦਿਨਾਂ ਤੋਂ ਬਹੁਤ ਚਾਅ ਸੀ ਅਤੇ ਉਹ ਕਈ ਦਿਨਾਂ ਤੋਂ ਇਸ ਦੀਆਂ ਦਿਆਰੀਆਂ ਵਿਚ ਲੱਗਿਆ ਹੋਇਆ ਸੀ, ਪਰ ਅੱਜ ਉਹ ਉਦਾਸ ਜਿਹਾ ਲੱਗ ਰਿਹਾ ਸੀ ਜਿਵੇਂ ਉਸ ਨੂੰ ਇਸ ਦਿਨ ਦਾ ਕੋਈ ਚਾਅ ਹੀ ਨਾ ਹੋਵੇ।
ਉਸ ਦੇ ਦਾਦੀ ਨੇ ਉਸ ਨੂੰ ਆਪਣੇ ਕੋਲ ਬੁਲਾਇਆ ਅਤੇ ਪੁੱਛਣ ਲੱਗੇ, ‘ਪੁੱਤ! ਕੀ ਗੱਲ? ਅੱਜ ਤੂੰ ਉਦਾਸ ਜਿਹਾ ਕਿਉਂ ਲੱਗ ਰਿਹਾ ਹੈ?’ ਹਰਮਨ ਕਹਿਣ ਲੱਗਾ ਅਜਿਹੀ ਕੋਈ ਗੱਲ ਨਹੀਂ ਹੈ। ਐਨੇ ਨੂੰ ਹਰਮਨ ਦੀ ਭੈਣ ਪ੍ਰੀਤੀ ਵੀ ਉਸ ਕੋਲ ਆ ਗਈ। ਉਹ ਵੀ ਕਹਿਣ ਲੱਗੀ ਕਿ ਅੱਜ ਉਹ ਖੁਸ਼ ਨਹੀਂ ਲੱਗ ਰਿਹਾ। ਉਸ ਨੇ ਇਸ ਦਾ ਕਾਰਨ ਪੁੱਛਿਆਂ ਤਾਂ ਹਰਮਨ ਨੇ ਉਸ ਨੂੰ ਵੀ ਕਿਹਾ, ‘ਕੋਈ ਗੱਲ ਨਹੀਂ ਹੈ। ਮੈਂ ਠੀਕ ਹਾਂ।’
ਉਸ ਦੇ ਮੰਮੀ ਉਸ ਤੋਂ ਪੁੱਛਣ ਲੱਗੇ, ‘ਹਾਂ ਸੱਚ! ਹਰਮਨ ਤੇਰਾ ਦੋਸਤ ਸੁਖਮਨ ਅਜੇ ਤਕ ਕਿਉਂ ਨਹੀਂ ਆਇਆ? ਕੀ ਤੂੰ ਉਸ ਨੂੰ ਆਪਣੇ ਘਰ ਸੱਦਿਆ ਨਹੀਂ ਹੈ?’ ਮੰਮੀ ਦੀ ਗੱਲ ਸੁਣ ਕੇ ਹਰਮਨ ਮਸੋਸੇ ਜਿਹੇ ਚਿਹਰੇ ਨਾਲ ਕਹਿਣ ਲੱਗਾ, ‘ਸੁਖਮਨ ਅੱਜ ਨਹੀਂ ਆਵੇਗਾ। ਉਹ ਮੇਰੇ ਨਾਲ ਰੁੱਸ ਗਿਆ ਹੈ।’
ਦਾਦੀ ਜੀ ਨੇ ਕਿਹਾ, ‘ਉਹ ਤਾਂ ਤੇਰਾ ਪੱਕਾ ਦੋਸਤ ਹੈ। ਤੂੰ ਤਾਂ ਉਸ ਦੀਆਂ ਬਹੁਤ ਗੱਲਾਂ ਸੁਣਾਉਂਦਾ ਹੈ ਕਿ ਮੈਂ ਉਸ ਦੇ ਨਾਲ ਹੀ ਬੈਠਦਾ ਹਾਂ, ਅਸੀਂ ਇਕੱਠੇ ਖੇਡਦੇ ਹਾਂ, ਇਕੱਠੇ ਲੰਚ ਕਰਦੇ ਹਾਂ। ਫਿਰ ਅਜਿਹੀ ਕੀ ਗੱਲ ਹੋ ਗਈ? ਜਿਹੜਾ ਉਹ ਤੇਰੇ ਜਨਮ ਦਿਨ ’ਤੇ ਵੀ ਨਹੀਂ ਆਵੇਗਾ।’ ਦਾਦੀ ਦੀ ਗੱਲ ਸੁਣ ਕੇ ਹਰਮਨ ਉਦਾਸ ਜਿਹਾ ਹੋ ਗਿਆ ਅਤੇ ਕਹਿਣ ਲੱਗਾ, ‘ਕੱਲ੍ਹ ਉਸ ਕੋਲ ਇਕ ਗੋਲਡਨ ਪੈੱਨ ਸੀ। ਮੈਂ ਉਸ ਨੂੰ ਕਿਹਾ ਕਿ ਇਹ ਪੈੱਨ ਮੈਨੂੰ ਮੇਰੇ ਜਨਮ ਦਿਨ ਦੇ ਤੋਹਫ਼ੇ ਵਜੋਂ ਦੇ ਦੇਣਾ, ਪਰ ਉਸ ਨੇ ਇਨਕਾਰ ਕਰ ਦਿੱਤਾ ਅਤੇ ਕਹਿਣ ਲੱਗਾ, ‘ਇਹ ਪੈੱਨ ਤਾਂ ਮੈਨੂੰ ਮੇਰੇ ਚਾਚਾ ਜੀ ਨੇ ਤੋਹਫ਼ੇ ਵਜੋਂ ਦਿੱਤਾ ਹੈ। ਮੈਂ ਤੈਨੂੰ ਨਹੀਂ ਦੇ ਸਕਦਾ। ਮੈਨੂੰ ਇਸ ਨਾਲ ਬਹੁਤ ਪਿਆਰ ਹੈ।’
ਹਰਮਨ ਦੀ ਗੱਲ ਸੁਣ ਕੇ ਉਸ ਦੇ ਮੰਮੀ ਕਹਿਣ ਲੱਗੇ, ‘ਪੁੱਤ ਤੋਹਫ਼ਾ ਕੋਈ ਮੰਗ ਕੇ ਲਈਦਾ ਹੈ?’
ਇੰਨੇ ਵਿਚ ਦਾਦੀ ਜੀ ਵੀ ਬੋਲੇ,‘ ਪੁੱਤਰ ਕੋਈ ਦੋ ਮਿੱਠੇ ਬੋਲ ਬੋਲੇ, ਉਸ ਤੋਂ ਵੱਡਾ ਤੋਹਫ਼ਾ ਕੋਈ ਨਹੀਂ ਹੋ ਸਕਦਾ। ਚੀਜ਼ਾਂ ਦਾ ਕੀ ਐ? ਇਹ ਤਾਂ ਟੁੱਟ ਜਾਂਦੀਆਂ ਨੇ। ਪਿਆਰ ਤੋਂ ਵੱਡਾ ਤੋਹਫ਼ਾ ਕੋਈ ਨਹੀਂ ਹੋ ਸਕਦਾ। ਤੇਰਾ ਦੋਸਤ ਠੀਕ ਹੀ ਕਹਿੰਦਾ ਹੈ ਕਿ ਉਸ ਨੂੰ ਮਿਲਿਆ ਤੋਹਫ਼ਾ ਉਹ ਤੈਨੂੰ ਕਿਵੇਂ ਦੇ ਸਕਦਾ ਹੈ। ਤੋਹਫ਼ੇ ਨਾਲ ਤੋਹਫ਼ਾ ਦੇਣ ਵਾਲੇ ਦਾ ਪਿਆਰ ਜੁੜਿਆ ਹੁੰਦਾ ਹੈ, ਜੋ ਕਿ ਕਿਸੇ ਨੂੰ ਅੱਗੇ ਨਹੀਂ ਦਿੱਤਾ ਜਾ ਸਕਦਾ।’
ਹਰਮਨ ਦਾਦੀ ਦੀਆਂ ਗੱਲਾਂ ਬੜੇ ਧਿਆਨ ਨਾਲ ਸੁਣ ਰਿਹਾ ਸੀ। ਉਹ ਕਹਿਣ ਲੱਗਾ, ‘ਮੇਰਾ ਵੀ ਆਪਣੇ ਦੋਸਤ ਬਿਨਾਂ ਜੀਅ ਨਹੀਂ ਲੱਗਦਾ, ਪਰ ਮੈਂ ਉਸ ਨੂੰ ਕੱਲ੍ਹ ਗੁੱਸੇ ਵਿਚ ਕਹਿ ਦਿੱਤਾ ਸੀ ਕਿ ਮੇਰੇ ਜਨਮ ਦਿਨ ’ਤੇ ਨਾ ਆਵੇ। ਇਸ ਲਈ ਉਹ ਨਹੀਂ ਆਇਆ।’ ਦਾਦੀ ਨੇ ਉਸ ਨੂੰ ਸਮਝਾਇਆ, ‘ਇੰਜ ਨਹੀਂ ਕਰੀਦਾ। ਚੱਲ ਉੱਠ ਉਸ ਨੂੰ ਫੋਨ ਕਰ ਤਾਂ ਹੀ ਉਹ ਆਵੇਗਾ।’
ਜਦੋਂ ਹਰਮਨ ਨੇ ਸੁਖਮਨ ਨੂੰ ਫੋਨ ਕੀਤਾ ਤਾਂ ਸੁਖਮਨ ਕਹਿਣ ਲੱਗਾ, ‘ਮੈਂ ਸਵੇਰ ਦਾ ਤੇਰੇ ਫੋਨ ਦੀ ਉਡੀਕ ਕਰ ਰਿਹਾ ਹਾਂ।’ ਇਸ ’ਤੇ ਹਰਮਨ ਦੀਆਂ ਅੱਖਾਂ ਵਿਚ ਹੰਝੂ ਆ ਗਏ ਅਤੇ ਉਹ ਕਹਿਣ ਲੱਗਾ, ‘ਮੈਥੋਂ ਗ਼ਲਤੀ ਹੋ ਗਈ। ਚੱਲ ਹੁਣ ਛੇਤੀ ਘਰ ਆ ਜਾ। ਮੈਂ ਤੈਨੂੰ ਉਡੀਕ ਰਿਹਾ ਹਾਂ।’ ਸੁਖਮਨ ਨੂੰ ਫੋਨ ਕਰਨ ਤੋਂ ਬਾਅਦ ਹਰਮਨ ਦਾ ਚਿਹਰਾ ਖ਼ੁਸ਼ੀ ਨਾਲ ਖਿੜ ਉੱਠਿਆ।
ਸੰਪਰਕ: 98143-85918