ਸ਼ਵਿੰਦਰ ਕੌਰ
ਜੰਗ ਸਿਰਫ਼ ਤਬਾਹੀ ਲੈ ਕੇ ਆਉਂਦੀ ਹੈ। ਕੁਦਰਤੀ ਸਾਧਨਾਂ, ਮਨੁੱਖੀ ਕਿਰਤ ਦੁਆਰਾ ਉਸਾਰੇ ਵੱਖ ਵੱਖ ਤਰ੍ਹਾਂ ਦੇ ਰਹਿਣ- ਸਹਿਣ ਲਈ ਅਤੇ ਜ਼ਿੰਦਗੀ ਲਈ ਲੋੜੀਂਦੇ ਸਾਧਨ ਸਭ ਨੂੰ ਮਲੀਆਮੇਟ ਕਰ ਦਿੰਦੀ ਹੈ। ਅੱਜ ਜੋ ਜ਼ਿੰਦਗੀ ਕਣ ਕਣ ਵਿੱਚ ਧੜਕ ਰਹੀ ਹੁੰਦੀ ਹੈ, ਪਲਾਂ ਵਿੱਚ ਸਭ ਕੁਝ ਖ਼ਤਮ ਹੋ ਜਾਂਦਾ ਹੈ। ਜੰਗ ਵਿੱਚ ਅੱਗੇ ਹੋ ਕੇ ਲੜਦੇ ਸੈਨਿਕਾਂ ਦੇ ਪਰਿਵਾਰ ਦਹਿਸ਼ਤ ਦੇ ਸਾਏ ਹੇਠ ਜਿਊਂਦੇ ਹਰ ਪਲ ਉਨ੍ਹਾਂ ਦੀ ਸੁੱਖ ਮਨਾਉਂਦੇ ਹਨ। ਮਾਵਾਂ ਦੇ ਕਾਲਜੇ ਫੜੇ ਜਾਂਦੇ ਹਨ। ਸਭ ਮਾਵਾਂ ਦਾ ਪਿਆਰ ਸਰਬ ਵਿਆਪੀ ਹੁੰਦਾ ਹੈ। ਸੈਨਿਕ ਆਪਣੇ ਦੇਸ਼ ਵਿੱਚ ਲੜ ਰਹੇ ਹੋਣ ਜਾਂ ਦੂਜੇ ਦੇਸ਼ ਵਿੱਚ ਜਾ ਕੇ, ਦੋਵਾਂ ਪਾਸਿਆਂ ਦੀਆਂ ਮਾਵਾਂ ਦੀਆਂ ਚਿੰਤਾਵਾਂ, ਫ਼ਿਕਰ ਇੱਕੋ ਜਿਹੇ ਹੁੰਦੇ ਹਨ। ਆਪਣੇ ਪੁੱਤਾਂ ਦੇ ਫ਼ਿਕਰਾਂ ਵਿੱਚ ਉਹ ਲਹੂ ਸਕਾਉਂਦੀਆ ਰਹਿੰਦੀਆਂ ਹਨ। ਆਪਣੇ ਬੱਚਿਆਂ ਦੇ ਜੀਵਨ ਲਈ ਉਹ ਆਪਣੇ ਆਪਣੇ ਇਸ਼ਟ ਅੱਗੇ ਅਰਦਾਸ ਕਰਦੀਆਂ ਹਨ:
ਪਾਣੀ ਵਿੱਚ ਮੁਰਗਾਈਆਂ,
ਲਾਮਾਂ ਤੋੜ ਮੇਰਿਆ ਸਾਈਆਂ।
ਸਰਹੱਦਾਂ ’ਤੇ ਨੇ ਖ਼ਤਰੇ, ਸ਼ਾਲਾ ਜਿਊਣ ਮੇਰੇ ਬੱਚੜੇ।
ਬਾਜ਼ਾਰ ਵਿਕੇਂਦੇ ਪੇੜੇ, ਬੱਚੜੇ ਆ ਵੜਨ ਜੇ ਵਿਹੜੇ।
ਮੈਂ ਤਾਂ ਵੰਡਾਂ ਲੱਡੂ ਪੇੜੇ, ਇਹੋ ਅਰਜ਼ ਕਰੇਨੀਆਂ
ਮੈਂ ਤਾਂ ਖੈਰ ਮਨਾਨੀਆਂ, ਰੱਬ ਨੂੰ ਧਿਆਨੀਆਂ।
ਮੈਂ ਤਾਂ ਪੁੱਤ ਉੱਠਦੀ ਬਹਿੰਦੀ, ਤੇਰੀ ਖੈਰ ਮਨਾਵਾਂ
ਮੇਰੀ ਉਮਰ ਵੀ ਤੈਨੂੰ ਲੱਗਜੇ, ਹੋਣ ਤੇਰੀਆਂ ਦੂਰ ਬਲਾਵਾਂ।
ਜਦ ਪਰਤੇ ਤਾਂ ਸੁੱਖਾਂ ਮੰਗਣ, ਬੂਹੇ ਘਟਕ ਹਵਾਵਾਂ।
ਭੈਣਾਂ ਆਪਣੇ ਮਾਂ ਜਾਇਆਂ ਦੀ ਉਡੀਕ ਰਹਿੰਦੀਆਂ ਹਨ। ਉਨ੍ਹਾਂ ਵੱਲੋਂ ਸਿਰਜੇ ਲੋਕ ਗੀਤ ਦਿਲ ਦੀ ਵੇਦਨਾ, ਮਨ ਵਿਚਲੀਆਂ ਕਸਕਾਂ ਨੂੰ ਪ੍ਰਗਟ ਕਰਦੇ ਹਨ। ਇਨ੍ਹਾਂ ਗੀਤਾਂ ਵਿੱਚ ਭੈਣ ਭਰਾ ਦੀ ਅਟੁੱਟ ਤੇ ਪਵਿੱਤਰ ਸਾਂਝ ਆਪਣੇ ਰੰਗ ਭਰਦੀ ਹੈ:
- ਤੇਰੀ ਫ਼ੌਜ ਨੂੰ ਕਰਾਂਗੀ ਰੋਟੀ, ਛੁੱਟੀ ਲੈ ਕੇ ਆ ਜਾ ਵੀਰਨਾ।
- ਮੌਲਾ ਸਾਡਾ ਹੁਣ ਡਾਢਾ ਫ਼ਜ਼ਲ ਕਰੇਸੀ ਭੈਣਾਂ ਦੇ ਵੀਰ ਨਾ ਰਹਿਣ ਪਰਦੇਸੀ।
ਸੈਨਿਕਾਂ ਦੀਆਂ ਪਤਨੀਆਂ ਬਿਰਹਾ ਅਤੇ ਡਰ ਦੀ ਅਗਨੀ ਵਿੱਚ ਜਲਦੀਆਂ ਕਦੇ ਸੱਸ ਨੂੰ ਕਹਿੰਦੀਆਂ ਹਨ:
ਸੱਸੇ ਤੇਰਾ ਧੰਨ ਕਾਲਜਾ
ਹੀਰਾ ਪੁੱਤ ਨੀਂ ਲਾਮ ਨੂੰ ਤੋਰਿਆ।
ਹਰ ਦਿਨ ਬਿਰਹਨ ਲਈ ਨਵਾਂ ਭਾਰ ਲੈ ਕੇ ਚੜ੍ਹਦਾ ਹੈ। ਉਹ ਉਹਦਾ ਮਨ ਹੋਰ ਵੀ ਮਿੱਧ ਜਾਂਦਾ ਹੈ। ਇਸ ਭਾਰ ਨੂੰ ਹੌਲਾ ਕਰਨ ਲਈ ਉਸ ਨੇ ਜੋ ਗੀਤ ਰਚੇ, ਉਹ ਲੋਕਾਂ ਦੀ ਜ਼ੁਬਾਨ ’ਤੇ ਚੜ੍ਹ ਕੇ ਲੋਕ ਗੀਤ ਬਣ ਗਏ। ਉਦਰੇਂਵਿਆਂ ਪੀੜੀ ਸੈਨਿਕ ਦੀ ਪਤਨੀ ਨੇ ਲੜਾਈ ਦੀ ਨਿੰਦਾ ਵਿੱਚ ਗੀਤ ਰਚੇ ਹਨ, ਉਹ ਨਰੋਈਆਂ ਅਮਨ-ਲਹਿਰਾਂ ਨੂੰ ਉਤਸ਼ਾਹਿਤ ਕਰ ਸਕਣ ਦੀ ਸ਼ਕਤੀ ਰੱਖਦੇ ਹਨ।
ਉਹ ਆਪਣੀ ਬਿਰਹੋਂ ਵੇਦਨਾ ਦੀ ਤੀਬਰਤਾ ਨੂੰ, ਆਪਣੇ ਮਨੋਭਾਵਾਂ ਨੂੰ ਜਦੋਂ ਪ੍ਰਗਟ ਕਰਦੀਆਂ ਹਨ ਤਾਂ ਉਨ੍ਹਾਂ ਦੀ ਵੇਦਨਾ ਸੁਣ ਕੇ ਉੱਡਦੇ ਪਰਿੰਦੇ ਵੀ ਖੰਭ ਫੜਕਾਉਣੋਂ ਠਹਿਰ ਜਾਂਦੇ ਹਨ। ਕਦੇ ਰਾਹ ਜਾਂਦੇ ਰਾਹੀਆਂ ਨੂੰ ਸੁਨੇਹੇ ਦਿੱਤੇ ਜਾਂਦੇ ਹਨ:
ਰਾਹੀਆ ਜਾਂਦਿਆ ਵੇ! ਪੀਲੂ ਖਾਂਦਿਆ ਵੇ,
ਆਖੀ ਢੋਲਣ ਨੂੰ ਜਾ,
ਦਾਖਾਂ ਪੱਕੀਆਂ ਵੇ, ਆਸਾਂ ਰੱਖੀਆਂ ਵੇ,
ਢੋਲ ਮੁੜ ਘਰ ਆ।
ਅੰਬੀਂ ਬੂਰ ਪਿਆ, ਢੋਲਾ ਦੂਰ ਗਿਆ,
ਮੈਨੂੰ ਤੱਤੀ ਨੂੰ ਨਾ ਤਾਅ।
ਰੋਂਦੀ ਛੋੜ ਗਿਆ, ਮੁੱਖ ਮੋੜ ਗਿਆ,
ਰਾਹੀਆ ਜਾਂਦਿਆ ਵੇ, ਸਾਡੀ ਪੈਜ ਰੱਖੀਂ ਵੇ ਹਾ।
ਕਦੇ ਖਜੂਰ ਨੂੰ ਪੁੱਛਿਆ ਜਾਂਦਾ ਹੈ ਕਿ ਉਸ ਦੇ ਪੱਤਰ ਕਿਉਂ ਪੀਲੇ ਹੋ ਗਏ ਹਨ ਤੇ ਇਸ ਚਿਤ੍ਰਪਟ ਉੱਤੇ ਅੰਤਰੀਵ ਮਨ ਦੀ ਅਵਸਥਾ ਉਲੀਕੀ ਜਾਂਦੀ ਹੈ:
ਹਰੀਏ ਭਰੀਏ ਸਬਜ਼ ਖਜੂਰੇ, ਪੱਤਰ ਤੇਰੇ ਕਿਉਂ ਪੀਲੇ ਓ
ਰਾਜ ਬਿਨਾਂ ਕੋਈ ਰਾਜਾ ਝੂਰੇ, ਵੈਦ ਬਿਨਾਂ ਕੋਈ ਰੋਗੀ ਓ
ਕੰਤ ਬਿਨਾਂ ਕੋਈ ਨਾਰੀ ਝੂਰੇ, ਤੀਨੋ ਫਿਰਨ ਬਜੋਗੀ ਓ।
ਜੰਗ ਉਨ੍ਹਾਂ ਦੀਆਂ ਬਹਾਰਾਂ ਨੂੰ ਜਦੋਂ ਸਦਾ ਲਈ ਪਤਝੜ ਵਿੱਚ ਬਦਲ ਦਿੰਦੀ ਹੈ ਅਤੇ ਜੰਗ ਉਨ੍ਹਾਂ ਦੇ ਸੁਹਾਗਾਂ ਨੂੰ ਖਾ ਜਾਂਦੀ ਹੈ ਤਾਂ ਉਹ ਤਾਅਨਾ ਮਾਰਦੀਆਂ ਹਨ:
ਕੀ ਬਹਾਰ ਆਈ, ਕੀ ਬਸੰਤ ਆਈ
ਚੂੜੇ ਵਾਲੀਆਂ ਸਜ ਵਿਆਹੀਆਂ ਦੇ,
ਵਾਪਸ ਜੰਗ ’ਚੋਂ ਲੈ ਕੇ ਨਾ ਕੰਤ ਆਈ।
ਕਿਸੇ ਕਵੀ ਨੇ ਇੱਕ ਸੈਨਿਕ ਦੀ ਜ਼ਿੰਦਗੀ ਜਿਊਣ ਦੀ ਚਾਹਤ ਨੂੰ ਬੜੇ ਦਰਦ ਭਰੇ ਸ਼ਬਦਾਂ ਵਿੱਚ ਬਿਆਨ ਕੀਤਾ ਹੈ:
ਮੈਂ ਜੀਣਾ ਚਾਹੁੰਦਾ ਹਾਂ ਕਰੋੜਾਂ ਮਾਵਾਂ ਦੇ ਪਿਆਰ ਲਈ।
ਉਨ੍ਹਾਂ ਦੀ ਰੋਟੀ, ਬੱਚਿਆਂ ਦੀ ਮਹਿਕਦੀ ਬਹਾਰ ਲਈ।
ਮੈਂ ਜੀਣਾ ਚਾਹੁੰਦਾ ਹਾਂ ਇਸ ਲਈ ਬਚਾ ਲਵੋ ਬਚਾ ਲਵੋ।
ਤੇ ਜ਼ਿੰਦਗੀ ਨੂੰ ਮੌਤ ਦੀਆਂ ਜ਼ੰਜੀਰਾਂ ’ਚੋਂ ਛੁਡਾ ਲਵੋ।
ਮਨੁੱਖ ਜ਼ਿੰਦਗੀ ਨੂੰ ਸਿਰਜਦਾ ਹੈ, ਪਰ ਮਨੁੱਖ ਵੱਲੋਂ ਹੀ ਜੰਗ ਲਾ ਕੇ ਇਸ ਧਰਤੀ ’ਤੇ ਤਬਾਹੀ ਮਚਾਈ ਜਾਂਦੀ ਹੈ। ਉਸ ਬੰਜਰ ਧਰਤੀ ’ਤੇ ਮੁੜ ਜ਼ਿੰਦਗੀ ਨੂੰ ਧੜਕਣ ਲਈ ਸਦੀਆਂ ਲੱਗ ਜਾਂਦੀਆਂ ਹਨ। ਹੀਰੋਸ਼ੀਮਾ ਤੇ ਨਾਗਾਸਾਕੀ ਵਿੱਚ ਮਚਾਈ ਤਬਾਹੀ ਨੇ ਉਸ ਜਰਖੇਜ਼ ਮਿੱਟੀ ਨੂੰ ਅਜਿਹਾ ਬੰਜਰ ਕੀਤਾ ਕਿ ਮੁੜ ਉੱਥੇ ਕਰੂੰਬਲ ਵੀ ਨਾ ਫੁੱਟ ਸਕੀ। ਇਹ ਤਬਾਹੀ ਵੱਸਦੀ ਰੱਸਦੀ ਮਨੁੱਖਤਾ ਨੂੰ ਅਪੰਗ ਕਰ ਦਿੰਦੀ ਹੈ। ਪੌਣ ਵਿੱਚ ਜ਼ਹਿਰਾਂ ਘੁਲ਼ ਜਾਂਦੀਆਂ ਹਨ। ਇਹ ਸਭ ਕੁਝ ਸਿਰਫ਼ ਇੱਕ ਦੇਸ਼ ਵੱਲੋਂ ਦੂਜੇ ਦੇਸ਼ ’ਤੇ ਆਪਣਾ ਕਬਜ਼ਾ ਕਰ ਕੇ ਉੱਥੋਂ ਦੇ ਕੁਦਰਤੀ ਸਾਧਨਾਂ ਅਤੇ ਹੋਰ ਵਸੀਲਿਆਂ ਦੀ ਲੁੱਟ ਲਈ ਕਰਨਾ ਹੁੰਦਾ ਹੈ।
ਕਾਸ਼! ਅਜਿਹੇ ਦੇਸ਼ ਦੀਆਂ ਹਕੂਮਤਾਂ ਦੂਜੇ ਦੇਸ਼ ਦੇ ਦੁੱਖ ਦਰਦ ਨੂੰ ਸਮਝ ਸਕਦੀਆਂ ਹੋਣ। ਕਿਸੇ ਨੂੰ ਤਬਾਹ ਕਰਨ ਦੀ ਬਜਾਏ ਉਸ ਦੇ ਇਨਸਾਫ਼ ਪਸੰਦ ਗੁਆਂਢੀ ਬਣ ਸਕਣ। ਜੀਓ ਅਤੇ ਜਿਊਣ ਦਿਓ ਦੇ ਸਿਧਾਂਤ ’ਤੇ ਕੰਮ ਕਰਦੇ ਹੋਏ ਖ਼ੁਦ ਸੁਖੀ ਵੱਸਣ ਅਤੇ ਦੂਜਿਆਂ ਨੂੰ ਵੱਸਣ ਦੇਣ।
ਸੰਪਰਕ: 76260-63596