ਮੁੰਬਈ: ਫਿਲਮ ਅਦਾਕਾਰ ਮਿਥੁਨ ਚਕਰਬਰਤੀ ਜਲਦੀ ਹੀ ਵੈੱਬ ਸੀਰੀਜ਼ ਵਿਚ ਨਜ਼ਰ ਆਉਣਗੇ। ਪ੍ਰਾਈਮ ਵੀਡੀਓ ਨੇ ਦੱਸਿਆ ਕਿ ਮਿਥੁਨ ਉਸ ਦੀ ਅਗਲੀ ਥ੍ਰਿਲਰ ਸੀਰੀਜ਼ ‘ਬੈਸਟਸੈੱਲਰ’ ਵਿਚ ਅਹਿਮ ਭੂਮਿਕਾ ਨਿਭਾਉਣਗੇ। ਇਸ ਸੀਰੀਜ਼ ਵਿਚ ਸ਼ਰੁਤੀ ਹਸਨ, ਅਰਜੁਨ ਬਾਜਵਾ, ਗੌਹਰ ਖਾਨ, ਸੱਤਿਆਜੀਤ ਦੂਬੇ ਤੇ ਸੋਨਾਲੀ ਕੁਲਕਰਨੀ ਅਦਾਕਾਰੀ ਦਿਖਾਉਣਗੇ। ਪ੍ਰਾਈਮ ਵੀਡੀਓ ਮੁਤਾਬਕ ‘ਬੈਸਟਸੈੱਲਰ’ ਦੀ ਕਹਾਣੀ ਅਨਵਿਤਾ ਦੱਤਾ ਤੇ ਅਲਿਥੀਆ ਕੌਸ਼ਲ ਨੇ ਲਿਖੀ ਹੈ ਤੇ ਇਸ ਦਾ ਨਿਰਦੇਸ਼ਨ ਮੁਕੁਲ ਅਭਿਅੰਕਰ ਕਰ ਰਹੇ ਹਨ। ਨਿਰਮਾਤਾਵਾਂ ਨੇ ਦਾਅਵਾ ਕੀਤਾ ਹੈ ਕਿ ਅੱਠ ਐਪੀਸੋਡ ਵਾਲੀ ‘ਬੈਸਟਸੈੱਲਰ’ ਰਹੱਸ ਭਰਪੂਰ ਸੀਰੀਜ਼ ਹੈ ਜਿਸ ਦਾ ਦਰਸ਼ਕ ਖੂਬ ਆਨੰਦ ਮਾਨਣਗੇ। ਅਲਕੈਮੀ ਪ੍ਰੋਡਕਸ਼ਨ ਦੇ ਬੈਨਰ ਹੇਠ ਤਿਆਰ ਹੋ ਰਹੀ ਇਹ ਵੈੱਬ ਸੀਰੀਜ਼ 18 ਫਰਵਰੀ ਤੋਂ ਦੇਖੀ ਜਾ ਸਕੇਗੀ। ਅਲਕੈਮੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਸਿਧਾਰਥ ਮਲਹੋਤਰਾ ਨੇ ਦੱਸਿਆ ਕਿ ਪ੍ਰਾਈਮ ਵੀਡੀਓ ਨਾਲ ਸਾਂਝੇਦਾਰੀ ਲੰਬੀ ਦੋਸਤੀ ਦੀ ਸ਼ੁਰੂਆਤ ਹੈ। ‘ਬੈਸਟਸੈੱਲਰ’ ਉਨ੍ਹਾਂ ਦਾ ਸੁਪਨਮਈ ਪ੍ਰਾਜੈਕਟ ਹੈ ਜਿਸ ਵਿਚ ਮਨੁੱਖੀ ਸੁਭਾਅ ਦੇ ਕਈ ਰੰਗ ਦੇਖਣ ਨੂੰ ਮਿਲਣਗੇ। -ਪੀਟੀਆਈ