ਮੁੰਬਈ: ਮਸ਼ਹੂਰ ਕੋਰੀਓਗ੍ਰਾਫ਼ਰ ਗੀਤਾ ਕਪੂਰ ਇਸ ਹਫ਼ਤੇ ‘ਜ਼ੀ ਕਾਮੇਡੀ ਸ਼ੋਅ’ ਦੇ ਫਾਈਨਲ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਨਜ਼ਰ ਆਵੇਗੀ। ਉਹ ਕੁਝ ਦਿਲਚਪਸ ਕਹਾਣੀਆਂ ਅਤੇ ਪਲ ਸਾਂਝੇ ਕਰ ਸਕਦੀ ਹੈ। ਸ਼ੋਅ ਵਿੱਚ ਗੌਰਵ ਦੂਬੇ, ਮੁਬੀਨ ਸੌਦਾ, ਅਲੀ ਅਸਗਰ ਤੇ ਸਿਧਾਰਥ ਸਾਗਰ ਫ਼ਿਲਮ ‘ਧੜਕਨ’ ਅਤੇ ‘ਸੂਰਿਆਵੰਸ਼ੀ’ ਦੇ ਦ੍ਰਿਸ਼ਾਂ ਦੇ ਪੇਸ਼ਕਾਰੀ ਦੇਣਗੇ। ‘ਜ਼ੀ ਕਾਮੇਡੀ ਸ਼ੋਅ’ ਦਾ ਫਾਈਨਲ ਐਪੀਸੋਡ ਸ਼ਨਿਚਰਵਾਰ 6 ਨਵੰਬਰ ਨੂੰ ਜ਼ੀ ਟੀਵੀ ’ਤੇ ਪ੍ਰਸਾਰਿਤ ਹੋਵੇਗਾ। ਸ਼ੋਅ ਦੇ ਫਾਈਨਲ ਬਾਰੇ ਗੱਲ ਕਰਦਿਆਂ ਫਰਾਹ ਖ਼ਾਨ ਨੇ ਕਿਹਾ, ‘ਸਾਰੀ ਟੀਮ, ਜਿਸ ਵਿੱਚ ਸਾਰੇ ਕਲਾਕਾਰ, ਨਿਰਮਾਤਾ, ਨਿਰਦੇਸ਼ਕ ਅਤੇ ਪ੍ਰੋਡਕਸ਼ਨ ਟੀਮ ਸ਼ਾਮਲ ਹੈ, ਪ੍ਰਸ਼ੰਸਾ ਦੀ ਹੱਕਦਾਰ ਹੈ। ਉਨ੍ਹਾਂ ਸਾਰਿਆਂ ਨਾਲ ਕੰਮ ਕਰਨਾ ਸੱਚੀਂ ਖੁਸ਼ੀ ਵਾਲੀ ਗੱਲ ਹੈ ਅਤੇ ਹੁਣ ਤੱਕ ਜਿੰਨੇ ਵੀ ਰਿਐਲਿਟੀ ਸ਼ੋਅਜ਼ ਵਿੱਚ ਮੈਂ ਕੰਮ ਕੀਤਾ ਹੈ ਉਨ੍ਹਾਂ ਵਿੱਚੋਂ ਇਸ ਦੀ ਸਭ ਤੋਂ ਵੱਧ ਯਾਦ ਆਏਗੀ।’ ਉਸ ਨੇ ਕਿਹਾ, ‘ਮੈਂ ਇਨ੍ਹਾਂ ਸਾਰੇ ਕਲਾਕਾਰਾਂ ਨੂੰ ਪਿਆਰ ਕਰਦੀ ਹਾਂ ਅਤੇ ਉਨ੍ਹਾਂ ਦੇ ਹੁਨਰ ਦੀ ਕਦਰ ਕਰਦੀ ਹਾਂ। ਮੈਨੂੰ ਲੱਗਦਾ ਹੈ ਕਿ ਸਾਡੇ ਕੋਲ ਵਧੀਆ ਕਲਾਕਾਰਾਂ ਦਾ ਸਮੂਹ ਹੈ।’’ -ਆਈਏਐੱਨਐੱਸ