ਮੁੰਬਈ: ਅਦਾਕਾਰਾ ਤੇ ਕ੍ਰਿਕਟ ਖਿਡਾਰੀ ਹਰਭਜਨ ਸਿੰਘ ਦੀ ਪਤਨੀ ਗੀਤਾ ਬਸਰਾ ਨੇ ਛੇ ਸਾਲ ਬਾਅਦ ਸਿਨੇ ਜਗਤ ਵਿੱਚ ਵਾਪਸੀ ਕਰਨ ਦਾ ਐਲਾਨ ਕੀਤਾ ਹੈ। ਅਦਾਕਾਰਾ ਆਖ਼ਰੀ ਵਾਰ ਫ਼ਿਲਮ ‘ਭਈਆਜੀ ਸੁਪਰਹਿਟ’ ਵਿੱਚ ਨਜ਼ਰ ਆਈ ਸੀ। ਗੀਤਾ ਬਸਰਾ ਹੁਣ ਫ਼ਿਲਮ ‘ਨੋਟਰੀ’ ਰਾਹੀਂ ਵੱਡੇ ਪਰਦੇ ’ਤੇ ਵਾਪਸੀ ਕਰੇਗੀ। ਇਸ ਫ਼ਿਲਮ ਵਿੱਚ ਉਸ ਦੇ ਨਾਲ ਮਸ਼ਹੂਰ ਬੰਗਾਲੀ ਅਦਾਕਾਰ ਪਰਮਬ੍ਰਤ ਚੈਟਰਜੀ ਵੀ ਨਜ਼ਰ ਆਵੇਗਾ। ਇਸ ਫ਼ਿਲਮ ਦਾ ਨਿਰਦੇਸ਼ਕ ਪਵਨ ਵਾਡੇਯਰ ਹੈ ਅਤੇ ਇਸ ਫ਼ਿਲਮ ਦੀ ਸ਼ੂਟਿੰਗ ਅਕਤੂਬਰ ਮਹੀਨੇ ਸ਼ੁਰੂ ਹੋਣ ਦੀ ਸੰਭਾਵਨਾ ਹੈ। ਦੁਬਈ ’ਚ ਆਪਣੇ ਪਰਿਵਾਰ ਨਾਲ ਛੁੱਟੀਆਂ ਮਨਾਉਣ ਗਈ ਗੀਤਾ ਨੇ ਆਖਿਆ,‘‘ਇਹ ਟੂਰ ਬਹੁਤ ਸ਼ਾਨਦਾਰ ਰਿਹਾ। ਅਸੀਂ ਇਕ-ਦੂਜੇ ਨਾਲ ਬਹੁਤ ਚੰਗਾ ਸਮਾਂ ਬਤੀਤ ਕੀਤਾ। ਹਰਭਜਨ ਦੇ ਰੁਝੇਵੇਂ ਅਤੇ ਹਿਨਾਇਆ ਦੇ ਸਕੂਲ ਕਾਰਨ ਸਾਨੂੰ ਮਸਾਂ ਹੀ ਇਕੱਠਿਆਂ ਅਜਿਹਾ ਸਮਾਂ ਮਿਲਦਾ ਹੈ ਅਤੇ ਹੁਣ ਮੇਰੀ ਫ਼ਿਲਮ ਕਾਰਨ ਪਤਾ ਨਹੀਂ ਕਦੋਂ ਪਰਿਵਾਰ ਨਾਲ ਅਜਿਹੇ ਪਲ ਬਤੀਤ ਕਰਨ ਦਾ ਮੌਕਾ ਮਿਲੇਗਾ। ਜਦੋਂ ਹਿਨਾਇਆ ਨੂੰ ਦੀਵਾਲੀ ਦੀਆਂ ਛੁੱਟੀਆਂ ਹੋਣਗੀਆਂ, ਉਦੋਂ ਮੈਂ ਫ਼ਿਲਮ ਦੀ ਸ਼ੂਟਿੰਗ ਵਿੱਚ ਰੁੱਝੀ ਹੋਵਾਂਗੀ। ਇਸ ਲਈ ਮੈਂ ਸੋਚਿਆ ਕਿ ਸਾਨੂੰ ਪਰਿਵਾਰ ਸਮੇਤ ਛੁੱਟੀਆਂ ਮਨਾਉਣ ਲਈ ਜਾਣਾ ਚਾਹੀਦਾ ਹੈ। ਜਾਣਕਾਰੀ ਅਨੁਸਾਰ ਗੀਤਾ ਬਸਰਾ ਨੇ ਅਕਤੂਬਰ 2015 ਵਿੱਚ ਕ੍ਰਿਕਟ ਖਿਡਾਰੀ ਹਰਭਜਨ ਸਿੰਘ ਨਾਲ ਵਿਆਹ ਕਰਵਾ ਲਿਆ ਸੀ। ਇਸ ਜੋੜੇ ਕੋਲ ਦੋ ਬੱਚੇ ਹਨ, ਜਿਨ੍ਹਾਂ ਵਿੱਚ ਧੀ ਹਿਨਾਇਆ ਹੀਰ ਪਲਾਹਾ ਅਤੇ ਪੁੱਤਰ ਜੋਵਨ ਵੀਰ ਸਿੰਘ ਪਲਾਹਾ ਹੈ। -ਆਈਏਐੱਨਐੱਸ