ਕੋਲਕਾਤਾ: ਫ਼ਿਲਮ ਨਿਰਦੇਸ਼ਕ ਗੌਤਮ ਘੋਸ਼ ਦੀ ਫ਼ਿਲਮ ‘ਰਾਹਗੀਰ’ ਨੇ ਵਾਸ਼ਿੰਗਟਨ ਡੀਸੀ ਸਾਊਥ ਏਸ਼ੀਅਨ ਫ਼ਿਲਮ ਫੈਸਟੀਵਲ ਵਿੱਚ ਚਾਰ ਪੁਰਸਕਾਰ ਜਿੱਤੇ ਹਨ। ਅਦਾਕਾਰ ਆਦਿਲ ਹੁਸੈਨ ਅਤੇ ਤਿਲੋਤਮਾ ਸ਼ੋਮੇ ਇਸ ਫ਼ਿਲਮ ਵਿੱਚ ਮੁੱਖ ਭੂਮਿਕਾ ਵਿੱਚ ਹਨ। ਫ਼ਿਲਮਸਾਜ਼ ਮੁਤਾਬਕ, ਫ਼ਿਲਮ ਨੂੰ ਬਿਹਤਰੀਨ ਫੀਚਰ ਫ਼ਿਲਮ ਪੁਰਸਕਾਰ ਤੋਂ ਇਲਾਵਾ ਘੋਸ਼ ਨੂੰ ਬਿਹਤਰੀਨ ਡਾਇਰੈਕਟਰ, ਸ਼ੋਮੇ ਨੂੰ ਬਿਹਤਰੀਨ ਅਦਾਕਾਰਾ ਅਤੇ ਹੁਸੈਨ ਨੂੰ ਬਿਹਤਰੀਨ ਅਦਾਕਾਰ ਦਾ ਪੁਰਸਕਾਰ ਮਿਲਿਆ। ਫ਼ਿਲਮ ਦੇ ਅਧਿਕਾਰਤ ਪੇਜ ’ਤੇ ਸਾਂਝੀ ਕੀਤੀ ਪੋਸਟ ਵਿੱਚ ਲਿਖਿਆ ਦੱਸਿਆ ਗਿਆ ਹੈ, ‘ਸਾਨੂੰ ਇਹ ਐਲਾਨ ਕਰਦਿਆਂ ਖ਼ੁਸ਼ੀ ਹੋ ਰਹੀ ਹੈ ਕਿ ‘ਰਾਹਗੀਰ’ ਨੇ ‘ਵਾਸ਼ਿੰਗਟਨ ਡੀਸੀ ਸਾਊਥ ਏਸ਼ੀਅਨ ਫ਼ਿਲਮ ਮੇਲੇ’ ਵਿੱਚ ਚੋਟੀ ਦੇ ਐਵਾਰਡ ਜਿੱਤੇ ਹਨ।’ ਇਹ ਦੋ ਰੋਜ਼ਾ ਮੇਲਾ 28 ਤੋਂ 29 ਅਗਸਤ ਨੂੰ ਕਰਵਾਇਆ ਗਿਆ ਸੀ। ਅਦਾਕਾਰਾ ਤਿਲੋਤਮਾ ਨੇ ਵੀ ਇਹ ਖ਼ਬਰ ਟਵਿੱਟਰ ’ਤੇ ਸਾਂਝੀ ਕੀਤੀ ਅਤੇ ਸਾਰੀ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਟਵੀਟ ਕੀਤਾ, ‘ਰਾਹਗੀਰ ਨੂੰ ਏਨਾ ਮਾਣ-ਸਨਮਾਨ ਦੇਣ ਲਈ ਵਾਸ਼ਿੰਗਟਨ ਡੀਸੀ ਸਾਊਥ ਏਸ਼ੀਅਨ ਫ਼ਿਲਮ ਫੈਸਟੀਵਲ ਦਾ ਧੰਨਵਾਦ। ਬਹੁਤ ਹੀ ਸ਼ੁਕਰਗੁਜ਼ਾਰ ਹਾਂ। ਗੌਤਮ ਘੋਸ਼, ਆਦਿਲ ਹੁਸੈਨ ਅਤੇ ਪੂਰੀ ਟੀਮ ਨੂੰ ਵਧਾਈ।’ ‘ਰਾਹਗੀਰ’ ਫ਼ਿਲਮ ਨੇ ਇਸ ਸਾਲ ਜੂਨ ਵਿੱਚ ਵੱਕਾਰੀ ‘ਯੂਕੇ ਏਸ਼ੀਅਨ ਫ਼ਿਲਮ ਫੈਸਟੀਵਲ-2021’ ਵਿੱਚ ਦੋ ਪੁਰਸਕਾਰ ਜਿੱਤੇ ਸਨ। ਘੋਸ਼ ਨੂੰ ਬਿਹਤਰੀਨ ਡਾਇਰੈਕਟਰ ਅਤੇ ਸ਼ੋਮੇ ਨੂੰ ਬਿਹਤਰੀਨ ਅਦਾਕਾਰਾ ਦਾ ਪੁਰਸਕਾਰ ਮਿਲਿਆ ਸੀ। ਘੋਸ਼ ਨੇ ਦੱਸਿਆ ਕਿ ਇਹ ਫ਼ਿਲਮ ਦਿਹਾਤੀ ਭਾਰਤ, ਆਦਿਵਾਸੀ ਬਸਤੀਆਂ, ਉਨ੍ਹਾਂ ਦੇ ਸੁਪਨਿਆਂ ਤੇ ਸੰਘਰਸ਼ ਅਤੇ ਸ਼ਹਿਰ ਤੇ ਪੇਂਡੂ ਖੇਤਰ ਦੀਆਂ ਅਸਲ ਧਾਰਨਾਵਾਂ ’ਤੇ ਆਧਾਰਤ ਹੈ। -ਪੀਟੀਆਈ