ਗੁਰਮੀਤ ਸਿੰਘ*
ਗੰਗਾ ਗੁਟਾਰ ਸਮਾਜਿਕ ਪੰਛੀ ਹੈ ਜੋ ਆਮ ਤੌਰ ’ਤੇ ਛੋਟੇ ਸਮੂਹਾਂ ਜਾਂ ਜੋੜਿਆਂ ਵਿੱਚ ਪਾਇਆ ਜਾਂਦਾ ਹੈ। ਇਸ ਨੂੰ ਪੰਜਾਬੀ ਵਿੱਚ ਗੰਗਾ ਗੁਟਾਰ, ਅੰਗਰੇਜ਼ੀ ਵਿੱਚ ਬੈਂਕ ਮੈਨਾ (Bank Myna) ਅਤੇ ਹਿੰਦੀ ਵਿੱਚ ਗੰਗਾ ਮੈਨਾ ਜਾਂ ਬਰਦ ਮੈਨਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਨੂੰ ਪੰਜਾਬੀ ਵਿੱਚ ‘ਸ਼ਾਰਕ’ ਵੀ ਕਿਹਾ ਜਾਂਦਾ ਹੈ। ਇਹ ਗੁਟਾਰ ਭਾਰਤ, ਸਿੰਧ, ਪਾਕਿਸਤਾਨ ਤੋਂ ਬੰਗਲਾਦੇਸ਼ ਤੱਕ ਆਮ ਮਿਲਦੀ ਹੈ। ਇਸ ਦਾ ਰੰਗ ਆਮ ਮੈਨਾ (ਗੁਟਾਰ) ਨਾਲ ਮਿਲਦਾ ਜੁਲਦਾ ਹੈ। ਆਕਾਰ ਵਿੱਚ ਇਹ ਆਮ ਮੈਨਾ ਨਾਲੋਂ ਥੋੜ੍ਹੀ ਛੋਟੀ ਹੁੰਦੀ ਹੈ।
ਇਹ ਪ੍ਰਜਾਤੀ ਆਮਤੌਰ ’ਤੇ ਛੋਟੇ ਸਮੂਹਾਂ ਜਾਂ ਜੋੜਿਆਂ ਵਿੱਚ ਮਿਲਦੀ ਹੈ। ਗੰਗਾ ਗੁਟਾਰ ਆਕਾਰ ਵਿੱਚ 20 ਤੋਂ 23 ਸੈਂਟੀਮੀਟਰ ਤੱਕ ਲੰਮਾ ਪੰਛੀ ਹੈ। ਇਸ ਦਾ ਭਾਰ 65 ਗ੍ਰਾਮ ਤੋਂ 80 ਗ੍ਰਾਮ ਤੱਕ ਹੁੰਦਾ ਹੈ। ਇਸ ਦਾ ਸਿਰ, ਪੂੰਝਾ ਅਤੇ ਉਡਾਰੂ ਖੰਭ ਕਾਲੇ ਹੁੰਦੇ ਹਨ। ਇਸ ਦੇ ਸਿਰ ਅਤੇ ਆਲੇ-ਦੁਆਲੇ ਦੇ ਪਾਸੇ ਕਾਲੇ ਹੁੰਦੇ ਹਨ। ਇਸ ਦਾ ਬਾਕੀ ਦਾ ਸਰੀਰ ਸਲੇਟੀ ਰੰਗਾ ਹੁੰਦਾ ਹੈ। ਇਸ ਦੀ ਛੋਟੀ ਜਿਹੀ ਚੁੰਝ ਚਮਕਦਾਰ ਸੰਤਰੀ ਰੰਗੀ ਹੁੰਦੀ ਹੈ। ਇਸ ਦੀਆਂ ਲੱਤਾਂ ਚਮਕਦਾਰ ਸੰਤਰੀ ਪੀਲੇ ਰੰਗ ਦੀਆਂ ਹੁੰਦੀਆਂ ਹਨ। ਗੰਗਾ ਗੁਟਾਰ ਦੀਆਂ ਅੱਖਾਂ ਦੇ ਪਿੱਛੇ ਦੀ ਨੰਗੀ ਚਮੜੀ ਇੱਟ ਵਰਗੀ ਲਾਲ ਹੁੰਦੀ ਹੈ। ਵੇਖਣ ਵਿੱਚ ਦੋਵੇਂ ਨਰ ਮਾਦਾ ਇੱਕੋ ਜਿਹੇ ਲੱਗਦੇ ਹਨ। ਇਹ ਪੰਛੀ ਖੁੱਲ੍ਹੀਆਂ ਥਾਵਾਂ ਅਤੇ ਮਨੁੱਖੀ ਬਸਤੀਆਂ ਦੇ ਆਲੇ-ਦੁਆਲੇ, ਅਕਸਰ ਚਾਹ ਦੀਆਂ ਦੁਕਾਨਾਂ, ਢਾਬੇ ਅਤੇ ਬਾਜ਼ਾਰ ਆਦਿ ਦੇ ਨੇੜੇ ਵੇਖਣ ਵਿੱਚ ਮਿਲਦਾ ਹੈ। ਇਹ ਆਮ ਤੌਰ ’ਤੇ ਨਦੀਆਂ, ਨਹਿਰਾਂ ਅਤੇ ਤਲਾਬਾਂ ਦੇ ਕਿਨਾਰੇ ਰਹਿਣ ਵਾਲੇ ਸਥਾਨਾਂ ਵਿੱਚ ਪਾਏ ਜਾਂਦੇ ਹਨ। ਗੰਗਾ ਗੁਟਾਰ ਫ਼ਲ, ਅਨਾਜ ਅਤੇ ਕੀੜੇ ਖਾਂਦੇ ਹਨ। ਇਹ ਜਵਾਰ ਦੀ ਫ਼ਸਲਾਂ ਦੇ ਪੱਕਣ ’ਤੇ ਉਸ ਦਾ ਵਿਨਾਸ਼ ਕਰ ਦਿੰਦੇ ਹਨ।
ਇਸ ਗੁਟਾਰ ਦਾ ਅਪਰੈਲ ਤੋਂ ਅਗਸਤ ਤੱਕ ਆਲ੍ਹਣਾ ਬਣਾਉਣ ਦਾ ਸਮਾਂ ਹੁੰਦਾ ਹੈ। ਜ਼ਿਆਦਾਤਰ ਪੰਛੀ ਮਈ ਤੋਂ ਜੂਨ ਤੱਕ ਆਲ੍ਹਣੇ ਬਣਾਉਂਦੇ ਹਨ। ਇਨ੍ਹਾਂ ਦਾ ਆਲ੍ਹਣਾ ਹਮੇਸ਼ਾਂ ਕੰਧਾਂ, ਦਰਿਆਵਾਂ, ਨਹਿਰਾਂ ਦੇ ਕੰਢਿਆਂ, ਬੰਨ੍ਹਾਂ ਜਾਂ ਖੁੱਲ੍ਹੇ ਖੂਹਾਂ ਦੇ ਕਿਨਾਰਿਆਂ ’ਤੇ ਬਣਾਇਆ ਜਾਂਦਾ ਹੈ। ਆਲ੍ਹਣਾ ਘਾਹ ਅਤੇ ਕੂੜੇ ਦਾ ਇੱਕ ਪੈਡ ਜਿਹਾ ਹੁੰਦਾ ਹੈ, ਜੋ ਲੇਟਵੀਂ ਸੁਰੰਗ ਦੇ ਅੰਤ ਵਿੱਚ ਚੌੜੇ ਕਮਰੇ ਦੀ ਤਰ੍ਹਾਂ ਹੁੰਦਾ ਹੈ। ਇਹ ਪੰਛੀ ਇੱਕ ਥਾਂ ’ਤੇ ਅਣਗਿਣਤ ਰਹਿੰਦੇ ਹਨ। ਇਹ ਗੁਟਾਰ ਆਮ ਤੌਰ ’ਤੇ ਇੱਕ ਬਾਰ ਵਿੱਚ 3 ਤੋਂ 5 ਆਂਡੇ ਦਿੰਦੀ ਹੈ। ਇਹ ਆਂਡੇ ਚਮਕਦਾਰ ਫਿੱਕੇ ਨੀਲੇ ਰੰਗ ਦੇ ਹੁੰਦੇ ਹਨ। ਲਗਭਗ 13 ਤੋਂ 14 ਦਿਨਾਂ ਬਾਅਦ ਇਨ੍ਹਾਂ ਦੇ ਆਂਡਿਆਂ ਵਿੱਚੋਂ ਚੂਚੇ ਨਿਕਲਦੇ ਹਨ ਜੋ ਲਗਭਗ 5 ਦਿਨਾਂ ਬਾਅਦ ਆਪਣੀਆਂ ਅੱਖਾਂ ਖੋਲ੍ਹਦੇ ਹਨ ਅਤੇ 21 ਦਿਨਾਂ ਬਾਅਦ ਉਡਾਰੀ ਮਾਰ ਜਾਂਦੇ ਹਨ।
ਇਨ੍ਹਾਂ ਦੀ ਆਵਾਜ਼ ਆਮ ਸ਼ਾਰਕਾਂ ਨਾਲੋਂ ਕੁਝ ਨਰਮ ਹੁੰਦੀ ਹੈ ਜਿਵੇਂ ਚਾਕੇ-ਚਾਕੇ ਤੇ ਕਵੀਰ੍ਹ-ਕਵੀਰ੍ਹ ਆਦਿ। ਗੰਗਾ ਗੁਟਾਰ ਨੂੰ ਇੰਟਰਨੈਸ਼ਨਲ ਯੂਨੀਅਨ ਫਾਰ ਕੰਜ਼ਰਵੇਸ਼ਨ ਆਫ ਨੇਚਰ ਨੇ ਕਿਸੇ ਖ਼ਤਰੇ ਦੇ ਨਿਸ਼ਾਨ ਹੇਠ ਨਹੀਂ ਦੱਸਿਆ। ਭਾਰਤ ਵਿੱਚ ਜੰਗਲੀ ਜੀਵ (ਸੁਰੱਖਿਆ) ਐਕਟ, 1972 ਲਾਗੂ ਹੈ। ਇਸ ਨੂੰ ਐਕਟ ਦੇ ਸ਼ਡਿਊਲ-IV ਵਿੱਚ ਰੱਖਿਆ ਗਿਆ ਹੈ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ
ਸੰਪਰਕ: 98884-56910