ਮਨਦੀਪ ਸਿੰਘ ਸਿੱਧੂ
ਰਾਮ ਅਵਤਾਰ ਸਿੰਘ ਉਰਫ਼ ਰਾਮ ਅਵਤਾਰ ਦੀ ਪੈਦਾਇਸ਼ 1911 ਨੂੰ ਰਾਵਲਪਿੰਡੀ ਦੇ ਪੰਜਾਬੀ ਸਿੱਖ ਪਰਿਵਾਰ ਵਿਚ ਹੋਈ। ਇਬਤਿਦਾਈ ਤਾਲੀਮ ਰਾਵਲਪਿੰਡੀ ਤੋਂ ਕਰਨ ਤੋਂ ਬਾਅਦ ਰਾਮ ਅਵਤਾਰ ਦੀ ਸਿਨਮਾ ਨਾਲ ਦਿਲਚਸਪੀ ਹੋ ਗਈ। ਇਕ ਦਿਨ ਲਾਹੌਰ ਵਿਚ ਉਸ ਦੀ ਮੁਲਾਕਾਤ ਅਬਦੁੱਲ ਰਸ਼ੀਦ ਕਾਰਦਾਰ ਨਾਲ ਹੋਈ। ਉਸ ਦੇ ਸਿਨਮਾਈ ਇਸ਼ਕ ਨੂੰ ਵੇਖਦਿਆਂ ਕਾਰਦਾਰ ਨੇ ਉਸ ਨੂੰ ਬੰਬੇ ਸੱਦ ਲਿਆ।
ਜਦੋਂ ਕਾਰਦਾਰ ਨੇ ਸੇਠ ਸ਼ਿਰਾਜ ਅਲੀ ਹਕੀਮ ਦੇ ਫ਼ਿਲਮਸਾਜ਼ ਅਦਾਰੇ ਜਨਰਲ ਫ਼ਿਲਮਜ਼, ਬੰਬੇ ਲਈ ਆਪਣੀ ਹਿਦਾਇਤਕਾਰੀ ਵਿਚ ਫ਼ਿਲਮ ‘ਬਾਗਬਾਨ’ (1938) ਬਣਾਈ ਤਾਂ ਰਾਮ ਅਵਤਾਰ ਸਿੰਘ ਨੂੰ ਸਹਾਇਕ ਅਦਾਕਾਰ ਵਜੋਂ ਮੁਤਆਰਿਫ਼ ਕਰਵਾਇਆ। ਇਸ ਤੋਂ ਬਾਅਦ ਭਾਵਨਾਨੀ ਪ੍ਰੋਡਕਸ਼ਨਜ਼, ਬੰਬੇ ਦੀ ਐੱਮ. ਭਵਨਾਨੀ ਨਿਰਦੇਸ਼ਿਤ ਫ਼ਿਲਮ ‘ਹਿਮਾਲਯ ਕੀ ਬੇਟੀ’ ਉਰਫ਼ ‘ਅਮਰ ਪ੍ਰੇਮ’ (1938) ’ਚ ਉਸ ਨੇ ਸਹਾਇਕ ਅਦਾਕਾਰ ਦੇ ਤੌਰ ’ਤੇ ਕੰਮ ਕੀਤਾ। ਹਿੰਦ ਪਿਕਚਰਜ਼, ਬੰਬੇ ਦੀ ਨਜ਼ੀਰ ਨਿਰਦੇਸ਼ਿਤ ਫ਼ਿਲਮ ‘ਸੰਦੇਸ਼ਾ’ (1940), ਸਿਰਕੋ ਪ੍ਰੋਡਕਸ਼ਨਜ਼, ਬੰਬੇ ਦੀ ‘ਸਵਾਮੀ’ (1941) ਤੇ ‘ਨਈ ਦੁਨੀਆ’ (1942), ਸ਼ਾਲੀਮਾਰ ਪਿਕਚਰਜ਼, ਬੰਬੇ ਦੀ ‘ਮਨ ਕੀ ਜੀਤ’ (1944), ਜਨਕ ਪਿਕਚਰਜ਼, ਬੰਬੇ ਦੀ ‘ਰਾਏ ਸਾਹਬ’ (1942) ’ਚ ਵੀ ਰਾਮ ਅਵਤਾਰ ਨੇ ਮਜ਼ਾਹੀਆ ਭੂਮਿਕਾਵਾਂ ਜ਼ਰੀਏ ਦਰਸ਼ਕਾਂ ਦੇ ਦਿਲਾਂ ’ਚ ਆਪਣੀ ਖ਼ਸੂਸੀ ਪਛਾਣ ਬਣਾਈ ਰੱਖੀ। ਫ਼ੇਮਸ ਪਿਕਚਰਜ਼, ਬੰਬੇ ਦੀ ਡੀ. ਡੀ. ਕਸ਼ਯਪ ਨਿਰਦੇਸ਼ਿਤ ਫ਼ਿਲਮ ‘ਬੜੀ ਬਹਿਨ’ (1949) ’ਚ ਉਸ ਨੇ ‘ਸੇਠ ਅੰਮ੍ਰਿਤ ਲਾਲ’ ਦਾ ਪਾਰਟ ਅਦਾ ਕੀਤਾ। ਪੰਜਾਬ ਵੰਡ ’ਤੇ ਆਧਾਰਿਤ ਜੈਮਿਨੀ ਦੀਵਾਨ ਪ੍ਰੋਡਕਸ਼ਨਜ਼, ਬੰਬੇ ਦੀ ਐੱਮ. ਐੱਲ. ਆਨੰਦ ਨਿਰਦੇਸ਼ਿਤ ਫ਼ਿਲਮ ‘ਲਾਹੌਰ’ (1949) ਵਿਚ ਉਸ ਨੇ ਸਹਾਇਕ ਹੀਰੋ ‘ਰਾਮੇਸ਼’ ਦਾ ਸੋਹਣਾ ਕਿਰਦਾਰ ਨਿਭਾਇਆ, ਜਿਸ ਦੇ ਰੂਬਰੂ ਅਦਾਕਾਰਾ ਕੁਲਦੀਪ ਕੌਰ ‘ਰਾਧਾ’ ਦਾ ਪਾਰਟ ਅਦਾ ਕਰ ਰਹੀ ਸੀ। ਵਰਮਾ ਫ਼ਿਲਮਜ਼, ਬੰਬੇ ਦੀ ਹਰਨਾਮ ਸਿੰਘ ਰਵੇਲ ਨਿਰਦੇਸ਼ਿਤ ਮਜ਼ਾਹੀਆ ਫ਼ਿਲਮ ‘ਪਤੰਗਾ’ (1949) ਵਿਚ ਉਸ ਨੇ ਕਾਮੇਡੀ ਰੋਲ ਕੀਤਾ। ਆਲ ਇੰਡੀਆ ਪਿਕਚਰਜ਼, ਬੰਬੇ ਦੀ ਆਨੰਤ ਠਾਕੁਰ ਨਿਰਦੇਸ਼ਿਤ ਫ਼ਿਲਮ ‘ਪਾਰਸ’ (1949) ਵਿਚ ਉਸ ਨੇ ‘ਪੋਸਟਮੈਨ’ ਦਾ ਮਜ਼ਾਹੀਆ ਰੋਲ ਨਿਭਾਇਆ।
ਆਲ ਇੰਡੀਆ ਪਿਕਚਰਜ਼, ਬੰਬੇ ਦੀ ਐੱਮ. ਸਾਦਿਕ ਨਿਰਦੇਸ਼ਿਤ ਫ਼ਿਲਮ ‘ਪਰਦੇਸ’ (1950) ’ਚ ਰਾਮ ਅਵਤਾਰ ਨੇ ‘ਜਨਰਲ ਮੈਨੇਜਰ ਰਾਮਧਨ’ ਦਾ ਮਖੌਲੀਆ ਪਾਰਟ ਅਦਾ ਕੀਤਾ ਤੇ ਮਸ਼ਹੂਰ ਸੰਵਾਦ ‘ਹਾਏ ਓਏ ਰੱਬਾ’ ਤੇ ‘ਬੜਾ ਗਰਕ’ ਹਨ। ਫ਼ਿਲਮ ‘ਮਧੂਬਾਲਾ’ (1950) ’ਚ ‘ਪੰਡਿਤ’ ਦਾ ਕਿਰਦਾਰ ਅਦਾ ਕੀਤਾ।
ਬੇਸ਼ੱਕ 40 ਤੇ 50 ਦੇ ਦਹਾਕੇ ਵਿਚ ਫ਼ਿਲਮਾਂ ਵਿਚ ਨੂਰ ਮੁਹੰਮਦ ਚਾਰਲੀ, ਗੋਪ, ਯਾਕੂਬ, ਮਿਰਜ਼ਾ ਮੁਸ਼ੱਰਫ਼, ਮਜਨੂੰ. ਆਈ. ਐੱਸ. ਜੌਹਰ ਵਰਗੇ ਮਜ਼ਾਹੀਆ ਅਦਾਕਾਰ ਆਪਣੀ ਫ਼ਨ-ਏ-ਕਾਬਲੀਅਤ ਨਾਲ ਛਾਏ ਹੋਏ ਸਨ। ਪਰ ਰਾਮ ਅਵਤਾਰ ਆਪਣੇ ਵੱਖਰੇ ਅੰਦਾਜ਼ ਦੀ ਕਾਮੇਡੀ ਨਾਲ ਆਪਣੀ ਪਛਾਣ ਰੱਖਦਾ ਸੀ।
ਵਰਮਾ ਫ਼ਿਲਮਜ਼, ਬੰਬੇ ਦੀ ਹਰਨਾਮ ਸਿੰਘ ਰਵੇਲ ਨਿਰਦੇਸ਼ਿਤ ਮਜ਼ਾਹੀਆ ਫ਼ਿਲਮ ‘ਸਗਾਈ’ (1951) ਵਿਚ ਉਸ ਨੇ ‘ਮੁਨੀਮ ਜੀ’ ਦਾ ਕਿਰਦਾਰ ਨਿਭਾਇਆ ਜਦੋਂਕਿ ਫ਼ਿਲਮ ਵਿਚ ਆਪਣੇ ਜ਼ਮਾਨੇ ਦੇ ਮਸ਼ਹੂਰ ਕਾਮੇਡੀਅਨ ਗੋਪ, ਸੁੰਦਰ, ਯਾਕੂਬ ਵੀ ਆਪਣੇ ਮਜ਼ਾਹ ਨਾਲ ਛਾਏ ਹੋਏ ਸਨ। ਫ਼ਿਲਮਸਤਾਨ ਲਿਮਟਿਡ, ਬੰਬੇ ਦੀ ਨੰਦਲਾਲ-ਜਸਵੰਤਲਾਲ ਨਿਰਦੇਸ਼ਿਤ ਫ਼ਿਲਮ ‘ਨਗੀਨਾ’ (1954) ਵਿਚ ਰਾਮ ਅਵਤਾਰ ਤੇ ਆਈ. ਐੱਸ. ਜੌਹਰ ਦੀ ਜੋੜੀ ਨੇ ਖ਼ੂਬ ਮਜ਼ਾਹ ਪੈਦਾ ਕੀਤਾ। ਨਾਸਿਰ ਹੁਸੈਨ ਫ਼ਿਲਮਜ਼, ਬੰਬੇ ਦੀ ਨਾਸਿਰ ਹੁਸੈਨ ਨਿਰਦੇਸ਼ਿਤ ਫ਼ਿਲਮ ‘ਫਿਰ ਵੋਹੀ ਦਿਲ ਲਾਯਾ ਹੂੰ’ (1963) ’ਚ ਉਸ ਨੇ ‘ਕਮਲਾ’ ਦਾ ਮਜ਼ਾਹੀਆ ਪਾਰਟ ਅਦਾ ਕੀਤਾ। ਇਮੇਜ ਮੇਕਰਜ਼, ਬੰਬੇ ਦੀ ਫ਼ਿਲਮ ‘ਤੀਸਰੀ ਮੰਜ਼ਿਲ’ (1966) ’ਚ ਰਾਮ ਅਵਤਾਰ ਨੇ ਗੱਲ-ਗੱਲ ’ਤੇ ਖ਼ੂਬ ਹੱਸਣ ਵਾਲੇ ‘ਮੋਟੇ ਰੇਲ ਯਾਤਰੀ’ ਦਾ ਸੋਹਣਾ ਪਾਰਟ ਨਿਭਾਇਆ। ਇਸ ਤੋਂ ਇਲਾਵਾ ਉਸ ਨੇ ‘ਸਮਾਜ ਕੋ ਬਦਲ ਡਾਲੋ’ (ਬਨਾਰਸੀ ਦਾਸ/1970), ‘ਹੰਗਾਮਾ’ (1971/ਹੋਟਲ ਮੈਨੇਜਰ), ‘ਦਿਲ ਦੌਲਤ ਔਰ ਦੁਨੀਆ’ (ਹਰੀ/1972), ‘ਯਾਦੋਂ ਕੀ ਬਾਰਾਤ’ (ਸੁਬੋਧ ਮੁਖਰਜੀ/1973), ‘ਕਹਾਨੀ ਕਿਸਮਤ ਕੀ’ (ਰਾਮੂ/1973), ‘ਲੋਫ਼ਰ’ (ਪਾਨ ਵੇਚਣ ਬਾਲਾ/1973), ‘ਦੂਰ ਨਹੀਂ ਮੰਜ਼ਿਲ’ (ਮੁਣਸ਼ੀ/1973), ‘5 ਰਾਈਫ਼ਲਸ’ (ਸਿਪਾਹੀ/1974), ‘ਦੋ ਜਸੂਸ’ (ਥੋਮਸਨ/1975), ‘ਪ੍ਰੇਮ ਗੀਤ’ (ਮਰੀਜ਼/1981) ਅਤੇ ਆਖ਼ਰੀ ਹਿੰਦੀ ਫ਼ਿਲਮ ‘ਲਵ ਐਂਡ ਗਾਡ’ (1986)। ਇਸ ਤੋਂ ਬਾਅਦ ਰਾਮ ਅਵਤਾਰ ਕਿਸੇ ਫ਼ਿਲਮ ਵਿਚ ਵਿਖਾਈ ਨਹੀਂ ਦਿੱਤੇ।
ਰਾਮ ਅਵਤਾਰ ਦੀ ਮਜ਼ਾਹੀਆ ਅਦਾਕਾਰ ਵਜੋਂ ਪਹਿਲੀ ਪੰਜਾਬੀ ਫ਼ਿਲਮ ਨਿਸ਼ਾਤ ਪ੍ਰੋਡਕਸ਼ਨਸ, ਬੰਬੇ ਦੀ ਜੇ. ਕੇ. ਨੰਦਾ ਨਿਰਦੇਸ਼ਿਤ ‘ਕੁੜਮਾਈ’ (1941) ਸੀ। ਕਹਾਣੀ, ਮੁਕਾਲਮੇ ਤੇ ਗੀਤ ਡੀ. ਐੱਨ. ਮਧੋਕ ਅਤੇ ਸੰਗੀਤ ਖੁਰਸ਼ੀਦ ਅਨਵਰ (ਪਹਿਲੀ ਫ਼ਿਲਮ) ਨੇ ਮੁਰੱਤਬਿ ਕੀਤਾ। ਇਹ ਫ਼ਿਲਮ 29 ਅਗਸਤ 1941 ਨੂੰ ਰੀਜੈਂਟ ਸਿਨਮਾ, ਮੈਕਲੋਡ ਲਾਹੌਰ ਵਿਖੇ ਨੁਮਾਇਸ਼ ਹੋਈ। ਦੇਸ਼ ਵੰਡ ਤੋਂ ਬਾਅਦ ਰਾਮ ਅਵਤਾਰ ਦੀ ਦੂਜੀ ਪੰਜਾਬੀ ਫ਼ਿਲਮ ਨਿਗਾਰਸਤਾਨ (ਇੰਡੀਆ) ਫ਼ਿਲਮਜ਼, ਬੰਬੇ ਦੀ ਸ਼ੰਕਰ ਮਹਿਤਾ ਨਿਰਦੇਸ਼ਿਤ ‘ਛਈ’ (1950) ਸੀ। ਇਸ ਫ਼ਿਲਮ ਵਿਚ ਰਾਮ ਅਵਤਾਰ ਨੇ ‘ਲਾਲਾ ਲੈਟਰ ਬਾਕਸ’ ਦਾ ਮਜ਼ਾਹੀਆ ਰੋਲ ਕੀਤਾ ਤੇ ਮਸ਼ਹੂਰ ਸੰਵਾਦ ‘ਧਰਮ ਨਾਲ’, ‘ਬੇੜਾ ਗਰਕ’ ਸੀ। ਬਾਲੋ ਮਾਹੀਆ ਕਿੱਸੇ ’ਤੇ ਆਧਾਰਿਤ ਨਵ-ਚਿੱਤਰਕਾਰ ਲਿਮਟਿਡ, ਬੰਬੇ ਦੀ ਕੁਲਦੀਪ (ਸਹਾਇਕ ਓ. ਪੀ. ਰਲਹਨ) ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਬਾਲੋ’ (1951) ’ਚ ਰਾਮ ਅਵਤਾਰ ਨੇ ਮਜ਼ਾਹੀਆ ਪਾਰਟ ਅਦਾ ਕੀਤਾ। ਫ਼ਿਲਮ ਦਾ ਸੰਗੀਤ ਐੱਨ. ਦੱਤਾ ਅਤੇ ਗੀਤ ਸਾਹਿਰ ਲੁਧਿਆਣਵੀ (ਪਹਿਲੀ ਪੰਜਾਬੀ ਫ਼ਿਲਮ) ਨੇ ਲਿਖੇ ਸਨ। ਸਮਸ ਪ੍ਰੋਡਕਸ਼ਨਜ਼, ਬੰਬੇ ਦੀ ਸ਼ੰਕਰ ਮਹਿਤਾ (ਸਹਾਇਕ ਬੀ. ਸੀ. ਬੇਕਲ) ਨਿਰਦੇਸ਼ਿਤ ਫ਼ਿਲਮ ‘ਲਾਰਾ ਲੱਪਾ’ (1953) ਫ਼ਿਲਮ ਵਿਚ ਰਾਮ ਅਵਤਾਰ ਨੇ ਕਾਮੇਡੀਅਨ ਸੁੰਦਰ ਦੇ ਪਿਓ ‘ਬੂਟਾ ਰਾਮ’ ਦਾ ਸੋਹਣਾ ਰੋਲ ਕੀਤਾ ਜੋ ਵਾਰ-ਵਾਰ ਘੜੀ ਦਾ ਟਾਈਮ ਵੇਖਦਾ ਸੰਵਾਦ ਬੋਲਦਾ ਹੈ ‘ਪੰਜ ਵੱਜ ਕੇ ਪਚਵੰਜਾ ਮਿੰਟ’। ਫ਼ਿਲਮਸਤਾਨ ਪ੍ਰਾਈਵੇਟ ਲਿਮਟਿਡ, ਬੰਬੇ ਦੀ ਓ. ਪੀ. ਦੱਤਾ ਨਿਰਦੇਸ਼ਿਤ ਫ਼ਿਲਮ ‘ਹੁਲਾਰੇ’ (1957) ’ਚ ਰਾਮ ਅਵਤਾਰ ਨੇ ਖਰੈਤੀ ਭੈਂਗੇ ਨਾਲ ਮਖੌਲੀਆ ਕਿਰਦਾਰ ਨਿਭਾਇਆ। ਫ਼ਿਲਮਸਤਾਨ ਦੀ ਹੀ ਪੰਜਾਬੀ ਫ਼ਿਲਮ ‘ਮੁਕਲਾਵਾ’ (1957) ’ਚ ਉਸ ਨੇ ਤੇ ਮਜਨੂੰ ਨੇ ਕਾਮੇਡੀ ਦੇ ਖ਼ੂਬ ਰੰਗ ਬੰਨ੍ਹੇ।
ਨਿਊ ਲਿੰਕ ਫ਼ਿਲਮਜ਼, ਬੰਬੇ ਦੀ ਸ਼ੰਕਰ ਮਹਿਤਾ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਬਿੱਲੋ’ (1961) ’ਚ ਰਾਮ ਅਵਤਾਰ ਨੇ ਖਰੈਤੀ ਤੇ ਆਈ. ਐੱਸ. ਜੌਹਰ ਨਾਲ ਵਧੀਆ ਕੰਮ ਕੀਤਾ। ਸੀ. ਐੱਲ. ਫ਼ਿਲਮਜ਼, ਬੰਬੇ ਦੀ ਐੱਸ. ਨਿਰੰਜਨ ਨਿਰਦੇਸ਼ਿਤ ਫ਼ਿਲਮ ‘ਲਾਡੋ ਰਾਣੀ’ (1963) ’ਚ ਉਸ ਨੇ ‘ਇੰਦਰਪਾਲ’ ਦਾ ਚਰਿੱਤਰ ਕਿਰਦਾਰ ਨਿਭਾਇਆ, ਜਿਸ ਦੇ ਰੂਬਰੂ ਅਦਾਕਾਰਾ ਰਾਜ ਰਾਣੀ ਕੰਮ ਕਰ ਰਹੀ ਸੀ। ਐੱਸ. ਮਦਨ ਦੇ ਸੰਗੀਤ ਵਿਚ ਅਜ਼ੀਜ਼ ਕਸ਼ਮੀਰੀ ਦਾ ਲਿਖਿਆ ਇਕ ਗੀਤ ‘ਨੀਂ ਸੁਣ ਮੇਰੀ ਗੱਲ ਬੱਲੀਏ’ (ਮੁਹੰਮਦ ਰਫ਼ੀ, ਆਸ਼ਾ ਭੌਸਲੇ) ਰਾਮ ਅਵਤਾਰ ਤੇ ਰਾਜ ਰਾਣੀ ’ਤੇ ਵੀ ਫ਼ਿਲਮਾਇਆ ਗਿਆ। ਸ਼ੰਕਰ ਮੂਵੀਜ਼, ਬੰਬੇ ਦੀ ਬਲਦੇਵ ਰਾਜ ਝੀਂਗਣ ਨਿਰਦੇਸ਼ਿਤ ਫ਼ਿਲਮ ‘ਦੁੱਲਾ ਭੱਟੀ’ (1966) ਵਿਚ ਵੀ ਉਸ ਨੇ ਚਰਿੱਤਰ ਕਿਰਦਾਰ ਨਿਭਾਇਆ। ਇਹ ਫ਼ਿਲਮ ਹਿੰਦੀ ਵਿਚ ‘ਡੰਕਾ’ (1969) ਦੇ ਸਿਰਲੇਖ ਹੇਠ ਡੱਬ ਹੋਈ।
ਵਰਮਾ ਇੰਟਰਨੈਸ਼ਨਲ, ਬੰਬੇ ਦੀ ਸਤੀਸ਼ ਛਾਬੜਾ (ਅਦਾਕਾਰ) ਨਿਰਦੇਸ਼ਿਤ ਫ਼ਿਲਮ ‘ਲਾਈਏ ਤੋੜ ਨਿਭਾਈਏ’ (1966) ’ਚ ਉਸ ਨੇ ਡਾਂਸਰ ਅਦਾਕਾਰਾ ਸ਼ੀਲਾ ਆਰ. ਦੇ ਭਾਈਏ ‘ਲਾਲੂ ਸ਼ਾਹ’ ਦਾ ਪਾਰਟ ਅਦਾ ਕੀਤਾ। ਗਣੇਸ਼ ਮੂਵੀਜ਼, ਬੰਬੇ ਦੀ ਖਾਵਰ ਜ਼ਮਾਨ ਨਿਰਦੇਸ਼ਿਤ ਫ਼ਿਲਮ ‘ਪਰਦੇਸਣ’ (1969) ’ਚ ਉਸ ਨੇ ਹੋਟਲ ਦੇ ਮੈਨੇਜਰ ‘ਏ. ਆਈ. ਆਰ. ਪਿੰਟੋ’ ਦਾ ਮਜ਼ਾਹੀਆ ਰੋਲ ਕੀਤਾ। ਮਹਿੰਦਰ ਪ੍ਰੋਡਕਸ਼ਨਜ਼, ਬੰਬੇ ਦੀ ਮਹਿੰਦਰ ਵਾਹੀ ਨਿਰਦੇਸ਼ਿਤ ਫ਼ਿਲਮ ‘ਦੁਪੱਟਾ’ (1970) ’ਚ ਰਾਮ ਅਵਤਾਰ ਨੇ ਡਾਕੀਏ ‘ਤੋਤਾ ਰਾਮ’ ਦਾ ਮਜ਼ਾਹੀਆ ਰੋਲ ਕੀਤਾ। ਬੇਦੀ ਐਂਡ ਬਖ਼ਸ਼ੀ ਪ੍ਰੋਡਕਸ਼ਨਜ਼, ਬੰਬੇ ਦੀ ਬੀ. ਐੱਸ. ਥਾਪਾ ਨਿਰਦੇਸ਼ਿਤ ਧਾਰਮਿਕ ਫ਼ਿਲਮ ‘ਦੁੱਖ ਭੰਜਨ ਤੇਰਾ ਨਾਮ’ (1972) ’ਚ ਉਸ ਨੇ ‘ਦੀਵਾਨ ਜੀ’ ਦਾ ਪਾਤਰ ਨਿਭਾਇਆ।
ਰਾਮ ਅਵਤਾਰ ਫ਼ਿਲਮਾਂ ’ਚ ਕਿਨਾਰਾਕਸ਼ੀ ਕਰਨ ਤੋਂ ਬਾਅਦ ਕਿੱਥੇ ਗਿਆ, ਕਦੋਂ ਫ਼ੌਤ ਹੋਇਆ ਜਾਂ ਇਸ ਦੇ ਪਰਿਵਾਰ ਬਾਰੇ ਵੀ ਕਾਫ਼ੀ ਤਹਿਕੀਕ ਕਰਨ ਤੋਂ ਬਾਅਦ ਕੋਈ ਮਾਲੂਮਾਤ ਨਹੀਂ ਮਿਲ ਸਕੀ।
ਸੰਪਰਕ: 97805-0945