ਮੁੰਬਈ: ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਇਨ੍ਹੀਂ ਦਿਨੀਂ ਆਪਣੇ ‘ਬੌਰਨ ਟੂ ਸ਼ਾਈਨ ਵਰਲਡ ਟੂਰ’ ’ਤੇ ਹੈ ਤੇ ਉਸ ਦੇ ਇਨ੍ਹਾਂ ਸ਼ੋਆਂ ਨੂੰ ਸਾਰੇ ਪਾਸਿਓਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਸ ਦੇ ਗੁਰੂਗ੍ਰਾਮ ਅਤੇ ਜਲੰਧਰ ਵਾਲੇ ਸਮਾਗਮਾਂ ਵਿੱਚ ਵੱਡੀ ਗਿਣਤੀ ਪ੍ਰਸ਼ੰਸਕ ਪੁੱਜੇ। ਇਨ੍ਹਾਂ ਦੋਵੇਂ ਸਮਾਗਮਾਂ ਵਿੱਚ ਦਿਲਜੀਤ ਨੂੰ ਲਾਈਵ ਸੁਣਨ ਲਈ 20-20 ਹਜ਼ਾਰ ਦੇ ਕਰੀਬ ਦਰਸ਼ਕਾਂ ਦਾ ਇਕੱਠ ਹੋਇਆ। ਇਨ੍ਹਾਂ ਸਮਾਗਮਾਂ ਦੀ ਸਫ਼ਲਤਾ ਤੋਂ ਬਾਅਦ ਦਿਲਜੀਤ ਨੇ ਕਿਹਾ ਕਿ ਉਸ ਨੂੰ ਭਾਰਤ ਵਿੱਚ ਅਜਿਹੇ ਸ਼ੋਅ ਕਰਨ ਲਈ ਸਖ਼ਤ ਮਿਹਨਤ ਕਰਨੀ ਪਈ। ‘ਬੌਰਨ ਟੂ ਸ਼ਾਈਨ ਵਰਲਡ ਟੂਰ’ ਰਾਹੀਂ ਉਸ ਨੂੰ ਵੱਖਰਾ ਤਜਰਬਾ ਹਾਸਲ ਹੋਇਆ। ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨਾ ਹੀ ਕਲਾਕਾਰ ਦਾ ਪਹਿਲਾ ਕੰਮ ਹੁੰਦਾ ਹੈ ਤੇ ਗੁਰੂਗ੍ਰਾਮ ਅਤੇ ਜਲੰਧਰ ਵਿੱਚ ਸਮਾਗਮ ਕਰ ਕੇ ਉਸ ਨੂੰ ਬਹੁਤ ਖੁਸ਼ੀ ਮਿਲੀ ਕਿਉਂਕਿ ਉਹ ਲੰਮੇ ਸਮੇਂ ਬਾਅਦ ਆਪਣੇ ਚਾਹੁਣ ਵਾਲਿਆਂ ਨਾਲ ਨੇੜਿਓਂ ਜੁੜਿਆ। ਇਸ ਕਰ ਕੇ ਉਹ ਪ੍ਰਬੰਧਕਾਂ, ਸਪਾਂਸਰਾਂ ਅਤੇ ਸਥਾਨਕ ਪ੍ਰਸ਼ਾਸਨਿਕ ਟੀਮਾਂ ਦਾ ਧੰਨਵਾਦੀ ਹੈ। ‘ਬੌਰਨ ਟੂ ਸ਼ਾਈਨ ਵਰਲਡ ਟੂਰ’ ਦਾ ਪ੍ਰਬੰਧ ਸਾਰੇਗਾਮਾ ਲਾਈਵ ਅਤੇ ਪੇਸ਼ਕਾਰੀ ਰੀਅਲਮੀ ਵੱਲੋਂ ਕੀਤੀ ਗਈ ਹੈ। ਸਾਰੇਗਾਮਾ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਵਿਕਰਮ ਮਹਿਰਾ ਨੇ ਕਿਹਾ ਕਿ ਉਨ੍ਹਾਂ ਲਈ ਗਲੋਬਲ ਐਂਟਰਟੇਨਰ ਦਿਲਜੀਤ ਦੁਸਾਂਝ ਨਾਲ ਸਾਂਝੇਦਾਰੀ ਕਰਨਾ ਵਧੀਆ ਕਦਮ ਹੈ। ਇਸ ਤੋਂ ਬਾਅਦ ਬੌਰਨ ਟੂ ਸ਼ਾਈਨ ਟੂਰ ਦਾ ਅਗਲਾ ਪੜਾਅ ਕੈਨੇਡਾ ਅਤੇ ਅਮਰੀਕਾ ਵਿੱਚ ਹੋਵੇਗਾ। -ਆਈਏਐੱਨਐੱਸ